ਮਹਿਲਾ ਸਾਫਟਵੇਅਰ ਇੰਜੀਨੀਅਰ ਨੂੰ ਡਿਜੀਟਲ ਅਰੈੱਸਟ ਕਰਕੇ 32 ਕਰੋੜ ਦੀ ਠੱਗੀ

0
84

ਬੇਂਗਲੁਰੂ : ਇੱਥੋਂ ਦੀ 57 ਸਾਲਾ ਮਹਿਲਾ ਨੂੰ ਕਥਿਤ ‘ਡਿਜੀਟਲ ਅਰੈਸਟ’ ਵਿੱਚ ਰੱਖ ਕੇ 32 ਕਰੋੜ ਰੁਪਏ ਲੁੱਟ ਲਏ ਗਏ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਅਲਸਾਜ਼ਾਂ ਨੇ ਸੀ ਬੀ ਆਈ ਅਧਿਕਾਰੀ ਬਣ ਕੇ ਸਕਾਈਪ ਜ਼ਰੀਏ ਮਹਿਲਾ ’ਤੇ ਲਗਾਤਾਰ ਨਿਗਰਾਨੀ ਰੱਖ ਕੇ ਉਸ ਨੂੰ ‘ਡਿਜੀਟਲ ਅਰੈਸਟ’ ਦੀ ਹਾਲਤ ਵਿਚ ਰੱਖਿਆ ਤੇ ਉਸ ਦੀ ਦਹਿਸ਼ਤ ਦਾ ਲਾਹਾ ਲੈ ਕੇ ਉਸ ਤੋਂ ਸਾਰੀ ਵਿੱਤੀ ਜਾਣਕਾਰੀ ਹਾਸਲ ਕੀਤੀ ਅਤੇ 187 ਬੈਂਕ ਟਰਾਂਜੈਕਸ਼ਨਾਂ ਲਈ ਦਬਾਅ ਪਾਇਆ।
ਸ਼ਹਿਰ ਦੇ ਇੰਦਰਾਨਗਰ ਦੀ ਸਾਫਟਵੇਅਰ ਇੰਜੀਨੀਅਰ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਅਖੀਰ ਵਿੱਚ ‘ਕਲੀਅਰੈਂਸ ਲੈਟਰ’ ਮਿਲਣ ਤੱਕ ਜਾਅਲਸਾਜ਼ਾਂ ਨੇ ਉਸ ਨੂੰ ਛੇ ਮਹੀਨਿਆਂ ਤੋਂ ਵੱਧ ਸਮੇਂ ਤੱਕ ‘ਡਿਜੀਟਲ ਗਿ੍ਰਫਤਾਰੀ’ ਦੇ ਧੋਖੇ ਵਿੱਚ ਰੱਖਿਆ। ਇਸ ਦੀ ਸ਼ੁਰੂਆਤ 15 ਸਤੰਬਰ 2024 ਨੂੰ ਇੱਕ ਵਿਅਕਤੀ ਦੇ ਫੋਨ ਨਾਲ ਹੋਈ, ਜਿਸ ਨੇ ਡੀ ਐੱਚ ਐੱਲ ਅੰਧੇਰੀ ਤੋਂ ਹੋਣ ਦਾ ਦਾਅਵਾ ਕਰਦੇ ਹੋਏ ਦੋਸ਼ ਲਗਾਇਆ ਕਿ ਉਸ ਦੇ ਨਾਂਅ ਤੋਂ ਬੁੱਕ ਕੀਤੇ ਗਏ ਪਾਰਸਲ ਵਿੱਚ ਕਰੈਡਿਟ ਕਾਰਡ, ਪਾਸਪੋਰਟ ਤੇ ‘ਐੱਮ ਐੱਮ ਡੀ ਏ’ ਹਨ ਤੇ ਉਸ ਦੀ ਸ਼ਨਾਖਤ ਦੀ ਦੁਰਵਰਤੋਂ ਕੀਤੀ ਗਈ ਹੈ। ਐੱਮ ਐੱਮ ਡੀ ਏ ਇੱਕ ਤਰ੍ਹਾਂ ਦਾ ਨਸ਼ੀਲਾ ਪਦਾਰਥ ਹੈ।
ਉਸ ਦੇ ਜਵਾਬ ਦੇਣ ਤੋਂ ਪਹਿਲਾਂ, ਕਾਲ ਉਨ੍ਹਾਂ ਵਿਅਕਤੀਆਂ ਨੂੰ ਟਰਾਂਸਫਰ ਕਰ ਦਿੱਤੀ ਗਈ ਜੋ ਆਪਣੇ ਆਪ ਨੂੰ ਸੀ ਬੀ ਆਈ ਅਧਿਕਾਰੀ ਹੋਣ ਦਾ ਦਾਅਵਾ ਕਰਦੇ ਸਨ। ਇਨ੍ਹਾਂ ਅਖੌਤੀ ਅਧਿਕਾਰੀਆਂ ਨੇ ਉਸ ਨੂੰ ਧਮਕੀ ਦਿੱਤੀ ਅਤੇ ਦਾਅਵਾ ਕੀਤਾ ਕਿ ‘ਸਾਰੇ ਸਬੂਤ ਉਸ ਦੇ ਖਿਲਾਫ’ ਹਨ। ਔਰਤ ਨੂੰ ਦੋ ਸਕਾਈਪ ਆਈ ਡੀ ਬਣਾਉਣ ਅਤੇ ਵੀਡੀਓ ’ਤੇ ਰਹਿਣ ਲਈ ਕਿਹਾ ਗਿਆ ਸੀ।
ਮੋਹਿਤ ਹਾਂਡਾ ਨਾਂਅ ਦੇ ਇੱਕ ਵਿਅਕਤੀ ਨੇ ਦੋ ਦਿਨ ਉਸ ਦੀ ਨਿਗਰਾਨੀ ਕੀਤੀ। ਇਸ ਮਗਰੋਂ ਰਾਹੁਲ ਯਾਦਵ ਨੇ ਇੱਕ ਹਫਤੇ ਲਈ ਨਜ਼ਰ ਰੱਖੀ। ਇੱਕ ਹੋਰ ਜਾਅਲਸਾਜ਼ ਪ੍ਰਦੀਪ ਸਿੰਘ ਨੇ ਖੁਦ ਨੂੰ ਸੀਨੀਅਰ ਸੀ ਬੀ ਆਈ ਅਧਿਕਾਰੀ ਵਜੋਂ ਪੇਸ਼ ਕੀਤਾ ਅਤੇ ਉਸ ਨੂੰ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਦਬਾਅ ਪਾਇਆ। ਉਮਾ ਰਾਣੀ ਨੇ 24 ਸਤੰਬਰ ਤੋਂ 22 ਅਕਤੂਬਰ ਤੱਕ ਆਪਣੇ ਵਿੱਤੀ ਵੇਰਵੇ ਸਾਂਝੇ ਕੀਤੇ ਅਤੇ ਵੱਡੀ ਰਕਮ ਟਰਾਂਸਫਰ ਕੀਤੀ। ਉਨ੍ਹਾਂ ਨੇ 24 ਅਕਤੂਬਰ ਤੋਂ 3 ਨਵੰਬਰ ਦੇ ਵਿਚਕਾਰ 2 ਕਰੋੜ ਦੀ ਕਥਿਤ ਸੁਰੱਖਿਆ ਰਕਮ ਜਮ੍ਹਾਂ ਕਰਵਾਈ, ਜਿਸ ਤੋਂ ਬਾਅਦ ਟੈਕਸਾਂ ਲਈ ਹੋਰ ਭੁਗਤਾਨ ਕੀਤੇ ਗਏ। ਪੀੜਤ ਨੂੰ ਕਥਿਤ ਤੌਰ ’ਤੇ 1 ਦਸੰਬਰ ਨੂੰ ਕਲੀਅਰੈਂਸ ਲੈਟਰ ਮਿਲਿਆ, ਪਰ ਤਣਾਅ ਕਰਕੇ ਉਹ ਗੰਭੀਰ ਰੂਪ ਵਿੱਚ ਬਿਮਾਰ ਹੋ ਗਈ ਅਤੇ ਉਸ ਨੂੰ ਠੀਕ ਹੋਣ ਵਿੱਚ ਇੱਕ ਮਹੀਨਾ ਲੱਗ ਗਿਆ। ਦਸੰਬਰ ਤੋਂ ਬਾਅਦ ਜਾਅਲਸਾਜ਼ਾਂ ਨੇ ਪ੍ਰੋਸੈਸਿੰਗ ਫੀਸ ਦੀ ਮੰਗ ਕੀਤੀ ਅਤੇ ਫਰਵਰੀ ਅਤੇ ਫਿਰ ਮਾਰਚ ਤੱਕ ਰਿਫੰਡ ਵਿੱਚ ਵਾਰ-ਵਾਰ ਦੇਰੀ ਕੀਤੀ। 26 ਮਾਰਚ, 2025 ਨੂੰ ਸਾਰੇ ਸੰਚਾਰ ਬੰਦ ਹੋ ਗਏ। ਪੀੜਤਾ ਨੇ ਕਿਹਾ, ‘‘ਮੇਰੇ ਨਾਲ 187 ਲੈਣ-ਦੇਣ ਰਾਹੀਂ ਕਰੀਬ 31.83 ਕਰੋੜ ਦੀ ਧੋਖਾਧੜੀ ਕੀਤੀ ਗਈ।’’