ਉਮਰਾਹ ਦਾ ਮਤਲਬ ‘ਆਬਾਦ ਥਾਂ ’ਤੇ ਜਾਣਾ’ ਹੈ। ਇਸ ਨੂੰ ਛੋਟਾ ਹੱਜ ਵੀ ਕਿਹਾ ਜਾਂਦਾ ਹੈ। ਇਸ ਦਾ ਉਦੇਸ਼ ਗੁਨਾਹਾਂ ਦੀ ਮੁਆਫੀ ਮੰਗਣਾ, ਈਮਾਨ ਨੂੰ ਤਾਜ਼ਾ ਕਰਨਾ ਤੇ ਅੱਲ੍ਹਾ ਨਾਲ ਸੰਬੰਧ ਮਜ਼ਬੂਤ ਕਰਨਾ ਹੁੰਦਾ ਹੈ। ਹੱਜ ਇੱਕ ਖਾਸ ਸਮੇਂ ਕੀਤਾ ਜਾਂਦਾ ਹੈ, ਜਦਕਿ ਉਮਰਾਹ ਸਾਲ ਵਿੱਚ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ। ਇਸ ਵਿੱਚ ਇਹਰਾਮ (ਖਾਸ ਵਸਤਰ) ਪਹਿਨਿਆ ਜਾਂਦਾ ਹੈ। ਕਾਬਾ ਦੇ ਚੌਹੀਂ ਪਾਸੀਂ ਸੱਤ ਵਾਰ ਤਵਾਫ (ਪਰਕਰਮਾ) ਕਰਨਾ ਹੁੰਦਾ ਹੈ ਅਤੇ ਅਲ ਸਫਾ ਤੇ ਅਲ ਮਰਵਾ ਵਿਚਾਲੇ ਸੱਤ ਵਾਰ ਦੌੜਨਾ (ਸਈ) ਹੁੰਦਾ ਹੈ। ਉਮਰਾਹ ਇੱਕ ਛੋਟੀ ਯਾਤਰਾ ਹੈ ਤੇ ਇਸ ਨੂੰ ਕੁਝ ਘੰਟਿਆਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ, ਜਦਕਿ ਹੱਜ ਲੰਮੀ ਤੇ ਲਾਜ਼ਮੀ ਤੀਰਥ ਯਾਤਰਾ ਹੁੰਦੀ ਹੈ। ਉਮਰਾਹ ਵਿੱਚ ਹੱਜ ਦੀਆਂ ਸਾਰੀਆਂ ਰਸਮਾਂ ਸ਼ਾਮਲ ਨਹੀਂ ਹੁੰਦੀਆਂ, ਜਿਵੇਂ ਕਿ ਮੀਨਾ, ਅਰਾਫਾਤ ਤੇ ਮੁਜ਼ਦਲਿਫਾ ਵਿੱਚ ਰੁਕਣਾ ਜਾਂ ਜਮਰਾ ’ਤੇ ਪੱਥਰ ਮਾਰਨਾ। ਹੱਜ ਹਰ ਮੁਸਲਮਾਨ ਲਈ ਜ਼ਰੂਰੀ ਸਮਝਿਆ ਜਾਂਦਾ ਹੈ, ਬਸ਼ਰਤੇ ਕਿ ਉਸ ਦੀ ਆਰਥਕ ਹਾਲਤ ਤੇ ਸਿਹਤ ਆਗਿਆ ਦਿੰਦੀ ਹੋਵੇ।





