ਐੱਸ ਆਈ ਆਰ ਦਰਦ : ਪਾਇਲਟ

0
62

ਜੈਪੁਰ : ਕਾਂਗਰਸ ਦੇ ਸੀਨੀਅਰ ਆਗੂ ਸਚਿਨ ਪਾਇਲਟ ਨੇ ਭਾਰਤੀ ਚੋਣ ਕਮਿਸ਼ਨ ’ਤੇ ਚੋਣ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਵਿਆਪਕ ਸੋਧ (ਐੱਸ ਆਈ ਆਰ) ਦੌਰਾਨ ਵੋਟਰਾਂ ਵਿੱਚ ਡਰ ਅਤੇ ਸ਼ੱਕ ਪੈਦਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾ ਦੋਸ਼ ਲਾਇਆ ਕਿ ਫੀਲਡ ਸਟਾਫ ’ਤੇ ਬੇਲੋੜਾ ਦਬਾਅ ਅਤੇ ਕਾਹਲੀ ਵਾਲੀਆਂ ਸਮਾਂ-ਸੀਮਾਵਾਂ ਸੰਕੇਤ ਦਿੰਦੀਆਂ ਹਨ ਕਿ ਪ੍ਰਕਿਰਿਆ ਵਿੱਚ ਕੁਝ ਗਲਤ ਹੈ। ਜੈਪੁਰ ਵਿੱਚ ਪਾਇਲਟ ਨੇ ਕਿਹਾ ਕਿ ਹਾਲਾਂਕਿ ਐੱਸ ਆਈ ਆਰ ਅਭਿਆਸ ਪਹਿਲਾਂ ਵੀ ਕਈ ਵਾਰ ਕੀਤੇ ਜਾ ਚੁੱਕੇ ਹਨ, ਪਰ ਉਨ੍ਹਾਂ ਨੇ ਕਦੇ ਵੀ ਇਸ ਤਰ੍ਹਾਂ ਦੀ ਜਨਤਕ ਚਿੰਤਾ ਪੈਦਾ ਨਹੀਂ ਕੀਤੀ, ਜਿਸ ਤਰ੍ਹਾਂ ਇਸ ਸਾਲ ਦੇਖੀ ਗਈ ਹੈ। ਲੋਕਾਂ ਦੇ ਮਨਾਂ ਵਿੱਚ ਕਦੇ ਕੋਈ ਚਰਚਾ ਜਾਂ ਸ਼ੱਕ ਨਹੀਂ ਸੀ। ਪਹਿਲੀ ਵਾਰ, ਚੋਣ ਕਮਿਸ਼ਨ ਦੇ ਰਵੱਈਏ ਨੇ ਨਾਗਰਿਕਾਂ ਵਿੱਚ ਚਿੰਤਾ ਪੈਦਾ ਕੀਤੀ ਹੈ।ਪਾਇਲਟ ਨੇ ਦੋਸ਼ ਲਾਇਆ, “ਬਿਹਾਰ ਵਿੱਚ ਨਾਂਅ ਹਟਾਏ ਗਏ ਸਨ ਅਤੇ ਮੌਜੂਦਾ ਅਭਿਆਸ ਵਿੱਚ ਸ਼ਾਮਲ ਅਧਿਕਾਰੀ ਬਹੁਤ ਜ਼ਿਆਦਾ ਦਬਾਅ ਹੇਠ ਹਨ। ਕਈ ਰਾਜਾਂ ਵਿੱਚ ਲੋਕ ਤਣਾਅ ਵਿੱਚ ਹਨ ਅਤੇ ਕੁਝ ਤਾਂ ਉਨ੍ਹਾਂ ’ਤੇ ਪੈ ਰਹੇ ਦਬਾਅ ਕਾਰਨ ਖੁਦਕੁਸ਼ੀ ਵੀ ਕਰ ਰਹੇ ਹਨ। ਇਹ ਸਪੱਸ਼ਟ ਸੰਕੇਤ ਹੈ ਕਿ ਕੁਝ ਗਲਤ ਹੋ ਰਿਹਾ ਹੈ।