ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਮੌਤ ਦੀਆਂ ਅਫਵਾਹਾਂ ਨੂੰ ਖਾਰਜ ਕਰਦਿਆਂ, ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ ਟੀ ਆਈ) ਦੇ ਸੰਸਦ ਮੈਂਬਰ ਖੁਰਮ ਜ਼ੀਸ਼ਾਨ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਜ਼ਿੰਦਾ ਹਨ ਅਤੇ ਇਸ ਸਮੇਂ ਅਦਿਆਲਾ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਅੱਗੇ ਕਿਹਾ ਕਿ ਖਾਨ ਨੂੰ ਪਾਕਿਸਤਾਨ ਛੱਡਣ ਲਈ ਦਬਾਅ ਪਾਉਣ ਦੀ ਚਾਲ ਵਜੋਂ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਕਾਰ ਇਮਰਾਨ ਖਾਨ ਦੀ ਪ੍ਰਸਿੱਧੀ ਤੋਂ ਡਰੀ ਹੋਈ ਹੈ, ਇਸੇ ਲਈ ਉਨ੍ਹਾਂ ਦੀਆਂ ਕੋਈ ਤਸਵੀਰਾਂ ਜਾਂ ਵੀਡੀਓ ਜਾਰੀ ਨਹੀਂ ਕਰਨ ਦਿੱਤੀਆਂ। ਇਸ ਹਫਤੇ ਦੇ ਸ਼ੁਰੂ ਵਿੱਚ, ਅਫਗਾਨਿਸਤਾਨ ਦੇ ਕਈ ਸੋਸ਼ਲ ਮੀਡੀਆ ਹੈਂਡਲਾਂ ਨੇ ਦਾਅਵਾ ਕੀਤਾ ਸੀ ਕਿ ਇਮਰਾਨ ਖਾਨ ਨੂੰ ਰਾਵਲਪਿੰਡੀ ਦੀ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ। ਇਹ ਅਫਵਾਹਾਂ ਇਸ ਲਈ ਤੂਲ ਫੜ ਗਈਆਂ ਹਨ ਕਿਉਂਕਿ ਪਾਕਿਸਤਾਨੀ ਅਧਿਕਾਰੀਆਂ ਨੇ ਅਦਾਲਤੀ ਹੁਕਮਾਂ ਦੇ ਬਾਵਜੂਦ ਇਮਰਾਨ ਦੀਆਂ ਭੈਣਾਂ ਨੂੰ ਪਿਛਲੇ ਇੱਕ ਮਹੀਨੇ ਤੋਂ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਉਨ੍ਹਾਂ ਦੱਸਿਆ, “ਇਹ ਬਹੁਤ ਮੰਦਭਾਗਾ ਹੈ। ਉਨ੍ਹਾਂ ਨੂੰ ਅਲੱਗ ਰੱਖਿਆਂ ਨੂੰ ਲਗਭਗ ਇੱਕ ਮਹੀਨਾ ਹੋ ਗਿਆ ਹੈ ਅਤੇ ਉਨ੍ਹਾਂ ਦੇ ਪਰਿਵਾਰ, ਉਨ੍ਹਾਂ ਦੇ ਵਕੀਲਾਂ, ਅਤੇ ਇੱਥੋਂ ਤੱਕ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੀ ਸੀਨੀਅਰ ਲੀਡਰਸ਼ਿਪ ਨੂੰ ਵੀ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਇਹ ਮਨੁੱਖੀ ਅਧਿਕਾਰਾਂ ਦੀ ਪੂਰੀ ਉਲੰਘਣਾ ਹੈ। ਜਾਪਦਾ ਹੈ ਕਿ ਉਹ ਉਨ੍ਹਾਂ ’ਤੇ ਕੁਝ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਅਫਵਾਹਾਂ ’ਤੇ ਵਿਰਾਮ ਲਗਾਉਂਦੇ ਹੋਏ, ਜ਼ੀਸ਼ਾਨ ਨੇ ਕਿਹਾ, “ਪਿਛਲੇ ਕੁਝ ਦਿਨਾਂ ਵਿੱਚ, ਸਾਨੂੰ ਗਾਰੰਟੀ ਦਿੱਤੀ ਗਈ ਹੈ, ਸਾਨੂੰ ਭਰੋਸਾ ਦਿੱਤਾ ਗਿਆ ਹੈ। ਉਹ ਜ਼ਿੰਦਾ ਹਨ ਜਦੋਂ ਪੁੱਛਿਆ ਗਿਆ ਕਿ ਪਾਕਿਸਤਾਨ ਸਰਕਾਰ ਇਮਰਾਨ ਖਾਨ ਨਾਲ ਕਿਸ ਤਰ੍ਹਾਂ ਦਾ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਸੈਨੇਟਰ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਛੱਡਣ ਅਤੇ ਚੁੱਪ ਰਹਿਣ ਲਈ ਕਿਹਾ ਗਿਆ ਹੈ। ਉਹ ਉਨ੍ਹਾਂ ਨਾਲ ਇਹ ਵੀ ਵਾਅਦਾ ਕਰਦੇ ਹਨ ਕਿ ਜੇਕਰ ਉਹ ਵਿਦੇਸ਼ ਜਾਂਦੇ ਹਨ ਅਤੇ ਆਪਣੀ ਪਸੰਦ ਦੀ ਜਗ੍ਹਾ ’ਤੇ ਚੁੱਪ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਰਿਆਇਤਾਂ ਮਿਲਣਗੀਆਂ ਪਰ ਇਮਰਾਨ ਖਾਨ ਇਸ ਲਈ ਕਦੇ ਸਹਿਮਤ ਨਹੀਂ ਹੋਣਗੇ।





