ਸਰਬਸੰਮਤੀ ਨਾਲ 27 ਮੈਂਬਰੀ ਜ਼ਿਲ੍ਹਾ ਕੌਂਸਲ ਦਾ ਗਠਨ ਫਰੀਦਕੋਟ ਦੇ ਆਗੂਆਂ ਨੇ ਪਾਰਟੀ ਨੂੰ ਸੰਘਰਸ਼ਸ਼ੀਲ ਲੀਹਾਂ ’ਤੇ ਪਾਇਆ : ਅਰਸ਼ੀ
ਫਰੀਦਕੋਟ (ਐਲਿਗਜੈਂਡਰ ਡਿਸੂਜਾ)
ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਜ਼ਿਲ੍ਹਾ ਫਰੀਦਕੋਟ ਦੀ ਤਿੰਨ-ਸਾਲਾ ਜ਼ਿਲ੍ਹਾ ਕਾਨਫਰੰਸ ਸਥਾਨਕ ਸ਼ਹੀਦ ਕਾਮਰੇਡ ਅਮੋਲਕ ਭਵਨ ਵਿਖੇ ਉਤਸ਼ਾਹ ਨਾਲ ਸੰਪੰਨ ਹੋਈ।ਕਾਨਫਰੰਸ ਦੌਰਾਨ ਸਰਬਸੰਮਤੀ ਨਾਲ 27 ਮੈਂਬਰੀ ਜ਼ਿਲ੍ਹਾ ਕੌਂਸਲ ਦੀ ਨਵੀਂ ਚੋਣ ਕੀਤੀ ਗਈ, ਜਦੋਂਕਿ ਅਸ਼ੋਕ ਕੌਸ਼ਲ ਨੂੰ ਦੂਜੀ ਵਾਰ ਜ਼ਿਲ੍ਹਾ ਸਕੱਤਰ ਚੁਣਿਆ ਗਿਆ ਹੈ।
ਕਾਨਫਰੰਸ ਦੀ ਨਿਗਰਾਨੀ ਸੂਬਾ ਸਕੱਤਰੇਤ ਮੈਂਬਰ ਬੀਬੀ ਦੇਵੀ ਕੁਮਾਰੀ ਤੇ ਪਾਰਟੀ ਦੇ ਕੇਂਦਰੀ ਕੰਟਰੋਲ ਕਮਿਸ਼ਨ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕੀਤੀ।ਪ੍ਰਧਾਨਗੀ ਮੰਡਲ ਵਿੱਚ ਕਾਮਰੇਡ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ, ਗੋਰਾ ਪਿਪਲੀ, ਸੁਖਜਿੰਦਰ ਸਿੰਘ ਤੂੰਬੜਭੰਨ, ਮਨਜੀਤ ਕੌਰ ਨੱਥੇ ਵਾਲਾ ਤੇ ਸ਼ਸ਼ੀ ਸ਼ਰਮਾ ਸ਼ਾਮਲ ਸਨ।
ਕਾਨਫਰੰਸ ਦੀ ਸ਼ੁਰੂਆਤ ਬਜ਼ੁਰਗ ਕਾਮਰੇਡ ਸੁਖਦਰਸ਼ਨ ਸ਼ਰਮਾ ਵੱਲੋਂ ਪਾਰਟੀ ਦਾ ਝੰਡਾ ਲਹਿਰਾਉਣ ਤੇ ਜੋਸ਼ ਭਰਪੂਰ ਨਾਅਰਿਆਂ ਨਾਲ ਕੀਤੀ ਗਈ।ਸਾਥੀ ਹਰਪਾਲ ਸਿੰਘ ਮਚਾਕੀ ਨੇ ਵਿੱਛੜੇ ਸਾਥੀਆਂ ਨੂੰ ਸ਼ੋਕ ਮਤੇ ਰਾਹੀਂ ਸ਼ਰਧਾਂਜਲੀ ਭੇਟ ਕਰਦਿਆਂ ਦੋ ਮਿੰਟ ਦਾ ਮੌਨ ਧਾਰਨ ਕਰਵਾਇਆ।
ਨਿਗਰਾਨ ਵਜੋਂ ਪਹੁੰਚੇ ਬੀਬੀ ਦੇਵੀ ਕੁਮਾਰੀ ਨੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਕਮਿਊਨਿਸਟ ਪਾਰਟੀ ਇੱਕ ਜਮਹੂਰੀ ਪਾਰਟੀ ਹੈ, ਜਿਸ ਵਿੱਚ ਹਰ ਤਿੰਨ ਸਾਲ ਬਾਅਦ ਵਿਚਾਰ-ਵਟਾਂਦਰੇ ਉਪਰੰਤ ਮਿਹਨਤਕਸ਼ ਲੋਕਾਂ ਲਈ ਸੰਘਰਸ਼ ਕਰਨ ਵਾਲੇ ਆਗੂਆਂ ਨੂੰ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ।ਉਪਰੰਤ ਜ਼ਿਲ੍ਹਾ ਸਕੱਤਰ ਅਸ਼ੋਕ ਕੌਸ਼ਲ ਨੇ ਪਿਛਲੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ।ਰਿਪੋਰਟ ਵਿੱਚ ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਕਾਨਫਰੰਸ ਫਰੀਦਕੋਟ ਵਿੱਚ ਕਰਵਾਉਣ, ਲੋਕ ਸਭਾ ਚੋਣਾਂ ਦੌਰਾਨ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਸਰਗਰਮੀ ਤੇ ਕੌਮੀ ਮਹਾਂ-ਸੰਮੇਲਨ ਵਿੱਚ ਜ਼ਿਲ੍ਹੇ ਦੇ ਯੋਗਦਾਨ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਗਿਆ।ਰਿਪੋਰਟ ਉੱਤੇ ਸੁਖਜਿੰਦਰ ਸਿੰਘ ਤੂੰਬੜਭੰਨ, ਪ੍ਰੇਮ ਚਾਵਲਾ, ਰਾਮ ਸਿੰਘ ਚੈਨਾ, ਗੋਰਾ ਪਿਪਲੀ, ਰੇਸ਼ਮ ਸਿੰਘ ਵਾਂਦਰ ਜਟਾਣਾ ਤੇ ਹਰਪਾਲ ਸਿੰਘ ਮਚਾਕੀ ਸਮੇਤ ਕਈ ਸਾਥੀਆਂ ਨੇ ਬਹਿਸ ਵਿੱਚ ਹਿੱਸਾ ਲਿਆ।ਰਿਪੋਰਟ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰਨ ਤੋਂ ਬਾਅਦ 27 ਮੈਂਬਰੀ ਜ਼ਿਲ੍ਹਾ ਕੌਂਸਲ ਲਈ ਪੈਨਲ ਪੇਸ਼ ਕੀਤਾ ਗਿਆ, ਜਿਸ ਨੂੰ ਵੀ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ।ਨਵੀਂ ਚੁਣੀ ਜ਼ਿਲ੍ਹਾ ਕੌਂਸਲ ਨੇ ਮੌਕੇ ’ਤੇ ਹੀ ਮੀਟਿੰਗ ਕਰਕੇ ਸਰਬਸੰਮਤੀ ਨਾਲ ਅਸ਼ੋਕ ਕੌਸ਼ਲ ਨੂੰ ਦੂਜੀ ਵਾਰ ਜ਼ਿਲ੍ਹਾ ਸਕੱਤਰ ਚੁਣਿਆ।ਇਸ ਤੋਂ ਇਲਾਵਾ ਗੁਰਨਾਮ ਸਿੰਘ ਸਰਪੰਚ ਤੇ ਪ੍ਰੇਮ ਚਾਵਲਾ ਨੂੰ ਸਹਾਇਕ ਸਕੱਤਰ ਅਤੇ ਗੁਰਚਰਨ ਸਿੰਘ ਮਾਨ ਨੂੰ ਕੈਸ਼ੀਅਰ ਦੇ ਅਹੁਦਿਆਂ ਲਈ ਚੁਣਿਆ ਗਿਆ।
ਇਸ ਮੌਕੇ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਜਿਵੇਂ ਫਰੀਦਕੋਟ ਦੇ ਆਗੂਆਂ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਪਾਰਟੀ ਨੂੰ ਖੜੋਤ ’ਚੋਂ ਕੱਢ ਕੇ ਸੰਘਰਸ਼ਸ਼ੀਲ ਲੀਹ ’ਤੇ ਪਾਇਆ ਹੈ, ਉਹ ਆਸ ਕਰਦੇ ਹਨ ਕਿ ਅਗਲੇ ਤਿੰਨ ਸਾਲ ਵੀ ਉਹ ਇਸੇ ਜੁਝਾਰੂ ਭਾਵਨਾ ਨਾਲ ਮਿਹਨਤਕਸ਼ ਜਮਾਤ ਦੇ ਹਰ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹਿਣਗੇ।
ਇਸ ਮੌਕੇ ਜ਼ਿਲ੍ਹਾ ਸਕੱਤਰ ਅਸ਼ੋਕ ਕੌਸ਼ਲ ਨੇ ਦੂਜੀ ਵਾਰ ਉਨ੍ਹਾਂ ਵਿੱਚ ਭਰੋਸਾ ਪ੍ਰਗਟਾਉਣ ਲਈ ਸਮੂਹ ਪਾਰਟੀ ਵਰਕਰਾਂ ਤੇ ਸੂਬਾਈ ਆਗੂਆਂ ਦਾ ਧੰਨਵਾਦ ਕੀਤਾ।ਇਸ ਮੌਕੇ ਪਾਰਟੀ ਪ੍ਰਤੀ ਵਡਮੁੱਲੀਆਂ ਸੇਵਾਵਾਂ ਲਈ ਤਿੰਨ ਬਜ਼ੁਰਗ ਆਗੂਆਂ ਸੁਖਦਰਸ਼ਨ ਰਾਮ, ਜਗਤਾਰ ਸਿੰਘ ਭਾਣਾ ਤੇ ਕਾਮਰੇਡ ਸ਼ਾਮ ਸੁੰਦਰ ਸਮੇਤ ਸੂਬਾਈ ਆਗੂਆਂ ਨੂੰ ਲੋਈ ਭੇਟ ਕਰਕੇ ਸਨਮਾਨਤ ਕੀਤਾ ਗਿਆ।
ਕਾਨਫਰੰਸ ਵਿੱਚ ਇੱਕ ਮਤਾ ਪਾਸ ਕਰਕੇ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਤੋਂ ਪਿੰਡ ਦੀਪ ਸਿੰਘ ਵਾਲਾ ਦੇ ਮਜ਼ਦੂਰ ਜਸਵਿੰਦਰ ਸਿੰਘ ਦੇ ਮਾਮਲੇ ਵਿੱਚ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ।ਮਤੇ ਵਿੱਚ ਦੋਸ਼ ਲਾਇਆ ਗਿਆ ਕਿ ਦੁਨੀ ਸਿੰਘ ਨਾਮ ਦੇ ਵਿਅਕਤੀ ਨੇ ਜਸਵਿੰਦਰ ਸਿੰਘ ਦੇ ਘਰ ਅੱਗੇ ਪੰਚਾਇਤੀ ਗਲੀ ਦਾ ਸੋਲਿੰਗ ਪੁੱਟ ਕੇ ਨਾਜਾਇਜ਼ ਕੰਧ ਕੱਢੀ, ਉਸ ਦੇ ਰੁਜ਼ਗਾਰ ਦਾ ਸਾਧਨ ‘ਛੋਟਾ ਹਾਥੀ’ 40 ਦਿਨ ਘਰ ਵਿੱਚ ਬੰਦ ਰੱਖਿਆ ਅਤੇ ਹੁਣ ਗੱਡੀ ਦੀ ਭੰਨ-ਤੋੜ ਕੀਤੀ ਹੈ।ਪਾਰਟੀ ਨੇ ਦੋਸ਼ੀ ਖਿਲਾਫ਼ ਤੁਰੰਤ ਪਰਚਾ ਦਰਜ ਕਰਕੇ ਗਿ੍ਰਫ਼ਤਾਰ ਕਰਨ ਦੀ ਮੰਗ ਕੀਤੀ ਹੈ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਇਸ ਭੜਕਾਊ ਕਾਰਵਾਈ ਨੂੰ ਨੱਥ ਨਾ ਪਾਈ ਗਈ ਤਾਂ ਪਿੰਡ ਦਾ ਅਮਨ-ਚੈਨ ਖਤਰੇ ਵਿੱਚ ਪੈ ਸਕਦਾ ਹੈ।




