ਮੁੱਖ ਮੰਤਰੀ ਵੱਲੋਂ 500 ਕਰੋੜ ਰੁਪਏ ਦਾ ਨਿਵੇਸ਼ ਸੁਰੱਖਿਅਤ

0
60

ਟੋਕੀਓ : ਆਪਣੇ ਜਾਪਾਨ ਦੌਰੇ ਦੇ ਤੀਜੇ ਦਿਨ ਵੀਰਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਲਈ 500 ਕਰੋੜ ਰੁਪਏ ਦਾ ਨਿਵੇਸ਼ ਸੁਰੱਖਿਅਤ ਕੀਤਾ ਹੈ, ਜਿਸ ਵਿੱਚ ਜਾਪਾਨ ਦੀ ਸਟੀਲ ਕੰਪਨੀ ਆਈਚੀ ਸਟੀਲ ਨੇ ਸੂਬੇ ਵਿੱਚ ਵਰਧਮਾਨ ਸਪੈਸ਼ਲ ਸਟੀਲਜ਼ ਨਾਲ ਆਪਣੇ ਸਹਿਯੋਗ ਨੂੰ ਵਧਾਉਣ ਦੀ ਹਾਮੀ ਭਰੀ ਹੈ। ਆਈਚੀ ਸਟੀਲ ਅਤੇ ਵਰਧਮਾਨ ਸਪੈਸ਼ਲ ਸਟੀਲਜ਼ ਨੇ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਸਮਝੌਤੇ ’ਤੇ ਹਸਤਾਖਰ ਕੀਤੇ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਸੂਬੇ ਲਈ ਇੱਕ ਸੁਨਹਿਰੀ ਦਿਨ ਹੈ, ਕਿਉਕਿ ਆਈਚੀ ਸਟੀਲ ਕਾਰਪੋਰੇਸ਼ਨ, ਜਿਸ ਨੂੰ ਟੋਇਟਾ ਦੀ ਸਟੀਲ ਆਰਮ ਵਜੋਂ ਜਾਣਿਆ ਜਾਂਦਾ ਹੈ, ਨੇ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਇਸ ਸਮਝੌਤੇ ’ਤੇ ਦਸਤਖਤ ਕੀਤੇ ਹਨ। ਉਨ੍ਹਾ ਕਿਹਾ ਕਿ ਆਈਚੀ ਸਟੀਲ, ਜਿਸ ਦੀ ਪਹਿਲਾਂ ਹੀ ਵਰਧਮਾਨ ਵਿੱਚ ਲਗਭਗ 24.9 ਫੀਸਦੀ ਹਿੱਸੇਦਾਰੀ ਹੈ ਅਤੇ ਮੁੱਖ ਤਕਨਾਲੋਜੀ ਭਾਈਵਾਲ ਵਜੋਂ ਪੰਜਾਬ ਦੇ ਉਦਯੋਗਿਕ ਵਾਤਾਵਰਣ ਵਿੱਚ ਇੱਕ ਮਜ਼ਬੂਤ ਅਤੇ ਵਿਕਸਤ ਹੋ ਰਹੀ ਭਾਰਤ-ਜਾਪਾਨ ਭਾਈਵਾਲੀ ਦੀ ਪ੍ਰਤੀਕ ਹੈ। ਮਾਨ ਨੇ ਕਿਹਾ ਕਿ ਜਾਪਾਨ ਦੀ ਸਿਰਮੌਰ ਸਟੀਲ ਕੰਪਨੀ ਪੰਜਾਬ ਵਿੱਚ ਭਵਿੱਖੀ ਫੈਕਟਰੀ ਕਾਰਜਾਂ ਦਾ ਅਧਿਐਨ ਕਰੇਗੀ, ਜਿਸ ਵਿੱਚ ਲਗਭਗ 500 ਕਰੋੜ ਦੇ ਸੰਭਾਵੀ ਨਿਵੇਸ਼ ਲਈ ਮੁਲਾਂਕਣ ਕਰਨਾ ਸ਼ਾਮਲ ਹੈ।ਮੁੱਖ ਮੰਤਰੀ ਨੇ ਸੂਬੇ ਵਿੱਚ ਵਰਧਮਾਨ ਸਪੈਸ਼ਲ ਸਟੀਲਜ਼ ਨਾਲ ਆਈਚੀ ਸਟੀਲ ਦੀ ਸਾਂਝੇਦਾਰੀ ਨੂੰ ਮਜ਼ਬੂਤ ਅਤੇ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਜਾਪਾਨੀ ਕੰਪਨੀਆਂ ਨੂੰ ਸੂਬੇ ਵਿੱਚ ਉਨ੍ਹਾਂ ਦੇ ਕਾਰੋਬਾਰ ਅਤੇ ਕਾਰਜਾਂ ਦੇ ਵਾਧੇ ਵਿੱਚ ਸਹਾਇਤਾ ਕਰਨਾ ਪੰਜਾਬ ਦੀ ਮੁੱਖ ਤਰਜੀਹ ਹੈ। ਉਹਨਾ ਆਸ ਪ੍ਰਗਟਾਈ ਕਿ ਆਈਚੀ ਗਰੁੱਪ ਦਾ ਤਕਨੀਕੀ ਸਹਿਯੋਗ ਅਤੇ ਵਰਧਮਾਨ ਗਰੁੱਪ ਦੀ ਮੁਹਾਰਤ ਸੂਬੇ ਵਿੱਚ ਉਦਯੋਗਿਕ ਕ੍ਰਾਂਤੀ ਦੇ ਨਵੇਂ ਯੁੱਗ ਦਾ ਆਗਾਜ਼ ਕਰੇਗੀ।
ਮੁੱਖ ਮੰਤਰੀ ਨੇ ਆਈਚੀ ਨੂੰ 13-15 ਮਾਰਚ, 2026 ਨੂੰ ਇੰਡੀਅਨ ਸਕੂਲ ਆਫ਼ ਬਿਜ਼ਨਸ, ਮੁਹਾਲੀ ਵਿਖੇ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਵਿੱਚ ਹਿੱਸਾ ਲੈਣ ਦਾ ਸੱਦਾ ਵੀ ਦਿੱਤਾ, ਤਾਂ ਜੋ ਡੂੰਘੀ ਸ਼ਮੂਲੀਅਤ ਅਤੇ ਵਿਸਥਾਰਤ ਨਿਵੇਸ਼ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕੇ। ਮਾਨ ਨੇ ਕਿਹਾ ਕਿ ਇਹ ਸੰਮੇਲਨ ਪੰਜਾਬ ਦੇ ਵਿਕਾਸ ਨੂੰ ਦਰਸਾਉਦਾ ਹੈ, ਜਿਸ ਤਹਿਤ ਮੋਹਰੀ ਉਦਯੋਗਿਕ ਦਿੱਗਜ਼ਾਂ ਨੂੰ ਇੱਕੋ ਮੰਚ ’ਤੇ ਲਿਆ ਕੇ ਭਾਈਵਾਲੀ ਅਤੇ ਸਹਿਯੋਗ ਲਈ ਨਵੇਂ ਮੌਕੇ ਪੇਸ਼ ਕੀਤੇ ਜਾਣਗੇ। ਉਨ੍ਹਾ ਉਮੀਦ ਪ੍ਰਗਟਾਈ ਕਿ ਜਾਪਾਨੀ ਨਿਵੇਸ਼ਕ ਇਸ ਸੰਮੇਲਨ ਵਿੱਚ ਵੱਡੇ ਪੱਧਰ ’ਤੇ ਸ਼ਾਮਲ ਹੋਣਗੇ, ਜਿਸ ਨਾਲ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਭਰਵਾਂ ਹੁਲਾਰਾ ਮਿਲੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਸਾਡੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰਨਾ ਅਤੇ ਨਿਵੇਸ਼ਕਾਂ ਲਈ ਇੱਕ ਸਥਿਰ ਤੇ ਭਰੋਸੇਮੰਦ ਮਾਹੌਲ ਸਿਰਜਣਾ ਹੈ। ਜਾਪਾਨੀ ਉਦਯੋਗ ਨਾਲ ਪੰਜਾਬ ਦੇ ਸਬੰਧਾਂ ਨੂੰ ਯਾਦ ਕਰਦਿਆਂ ਉਨ੍ਹਾ ਕਿਹਾ ਕਿ ਇਹ ਸਬੰਧ ਪਹਿਲਾਂ ਹੀ ਮਜ਼ਬੂਤ ਹਨ ਅਤੇ ਜਾਪਾਨ ਦੀਆਂ ਕਈ ਵੱਡੀਆਂ ਕੰਪਨੀਆਂ ਨੇ ਪੰਜਾਬ ਵਿੱਚ ਆਪਣਾ ਭਰੋਸਾ ਜਤਾਇਆ ਹੈ। ਇਹ ਸਾਂਝੇਦਾਰੀ ਜਾਪਾਨੀ ਨਿਵੇਸ਼ਕਾਂ ਦਾ ਪੰਜਾਬ ’ਚ ਵਿਸ਼ਵਾਸ ਅਤੇ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਉਦੀ ਹੈ।
ਉਹਨਾ ਕਿਹਾ ਕਿ ਇਸ ਸਾਂਝੇਦਾਰੀ ਨੂੰ ਅਗਲੇ ਪੱਧਰ ’ਤੇ ਲਿਜਾਣ ਲਈ ਪੰਜਾਬ ਸਰਕਾਰ ਸੂਬੇ ਦੀਆਂ ਉਦਯੋਗਿਕ ਸਮਰਥਾਵਾਂ ਉਜਾਗਰ ਕਰ ਰਹੀ ਹੈ, ਸਹਿਯੋਗ ਦੇ ਨਵੇਂ ਖੇਤਰਾਂ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਹੈ ਅਤੇ ਜਾਪਾਨੀ ਉਦਯੋਗ ਨਾਲ ਲੰਮੇ ਸਮੇਂ ਦੀ ਸਾਂਝ ਨੂੰ ਹੋਰ ਡੂੰਘਾ ਕਰ ਰਹੀ ਹੈ। ਪੰਜਾਬ ਅੱਜ ਭਾਰਤ ਦੇ ਸਭ ਤੋਂ ਵੱਧ ਕਾਰੋਬਾਰ-ਪੱਖੀ ਸੂਬਿਆਂ ਵਿੱਚੋਂ ਇੱਕ ਹੈ ਅਤੇ ਭਾਰਤ ਸਰਕਾਰ ਨੇ ਵਪਾਰ ਸੁਧਾਰ ਕਾਰਜ ਯੋਜਨਾ (ਬੀ ਆਰ ਏ ਪੀ) 2024 ਦਰਜਾਬੰਦੀ ਵਿੱਚ ਪੰਜਾਬ ਨੂੰ ਮੋਹਰੀ ਵਜੋਂ ਮਾਨਤਾ ਦਿੱਤੀ ਹੈ। ਇਹ ਪ੍ਰਾਪਤੀ ਸੂਬਾ ਸਰਕਾਰ ਵੱਲੋਂ ਕਾਰੋਬਾਰ ਕਰਨ ਨੂੰ ਸੁਖਾਲਾ ਬਣਾਉਣ, ਪਾਰਦਰਸ਼ਤਾ ਅਤੇ ਜਵਾਬਦੇਹੀ ’ਤੇ ਧਿਆਨ ਕੇਂਦਰਤ ਕਰਨ ਨੂੰ ਦਰਸਾਉਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਦੂਰਅੰਦੇਸ਼ੀ ਸੋਚ ਹੈ, ਜੋ ਨੀਤੀ ਵਿੱਚ ਸਥਿਰਤਾ, ਸਮੇਂ ਸਿਰ ਫ਼ੈਸਲੇ ਲੈਣ ਅਤੇ ਨਿਵੇਸ਼ਕਾਂ ਦੇ ਸਮੇਂ ਤੇ ਵਿਸ਼ਵਾਸ ਦਾ ਸਤਿਕਾਰ ਕਰਨ ਵਾਲੀ ਸ਼ਾਸਨ ਪ੍ਰਣਾਲੀ ਦੀ ਪੇਸ਼ਕਸ਼ ਕਰਨਾ ਹੈ, ਤਾਂ ਜੋ ਪੰਜਾਬ ਨੂੰ ਆਲਮੀ ਪੱਧਰ ‘ਤੇ ਉਦਯੋਗ ਲਈ ਇੱਕ ਪਸੰਦੀਦਾ ਸਥਾਨ ਬਣਾਇਆ ਜਾ ਸਕੇ। ਪੰਜਾਬ ਦਾ ਦਿ੍ਰਸ਼ਟੀਕੋਣ ਸਾਂਝੇਦਾਰੀ ਅਤੇ ਉਦਯੋਗਾਂ ਨਾਲ ਮਿਲ ਕੇ ਕੰਮ ਕਰਨ, ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਮਝਣ ਅਤੇ ਸਰਕਾਰ ਵੱਲੋਂ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਉਹਨਾ ਕਿਹਾ ਕਿ ਪੰਜਾਬ ਨੇ ਆਪਣੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਦਿਆਂ ਉਦਯੋਗਿਕ ਸਮਰੱਥਾ ਦਾ ਵਿਸਥਾਰ ਕੀਤਾ ਹੈ ਅਤੇ ਨਿਵੇਸ਼ ਦੇ ਨਵੇਂ ਰਾਹ ਖੋਲ੍ਹੇ ਹਨ।