ਲੰਬੀ : ਕੈਨੇਡਾ ਦੇ ਬਰਫੀਲੇ ਮਾਹੌਲ ਵਿਚ ਵਾਪਰੇ ਸੜਕ ਹਾਦਸੇ ਨੇ ਪਿੰਡ ਵੜਿੰਗ ਖੇੜਾ ਦੇ 30 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਦੀ ਜ਼ਿੰਦਗੀ ਖੋਹ ਲਈ। ਨੋਵਾਸਕੋਸ਼ਿਆ ਦੇ ਸਿਡਨੀ ਵਿਚ ਸੜਕ ’ਤੇ ਜੰਮੀ ਬਰਫ਼ ਉੱਪਰ ਫਿਸਲਣ ਕਾਰਨ ਉਸ ਦੀ ਕਾਰ ਦੀ ਇੱਕ ਟਰੱਕ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ। ਹਾਦਸੇ ਵਿਚ ਗੁਰਪ੍ਰੀਤ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ। ਗੁਰਪ੍ਰੀਤ ਸਿੰਘ ਪਿੰਡ ਵੜਿੰਗ ਖੇੜਾ ਦੇ ਕਿਸਾਨ ਜਸਕਰਨ ਸਿੰਘ ਦਾ ਇਕਲੌਤਾ ਪੁੱਤਰ ਸੀ। ਉਹ ਕਰੀਬ ਤਿੰਨ ਸਾਲ ਪਹਿਲਾਂ ਆਪਣੀ ਪਤਨੀ ਸਮੇਤ ਕੈਨੇਡਾ ਗਿਆ ਸੀ ਅਤੇ ਉਨ੍ਹਾਂ ਦੀ ਪੀ ਆਰ ਫਾਈਲ ਲੱਗੀ ਹੋਈ ਸੀ। ਪਰਵਾਰਕ ਸੂਤਰਾਂ ਮੁਤਾਬਕ ਬੀਤੇ ਕੱਲ੍ਹ ਗੁਰਪ੍ਰੀਤ ਸਿੰਘ ਆਪਣੀ ਪਤਨੀ ਨੂੰ ਉਸ ਦੇ ਕੰਮ ਵਾਲੀ ਜਗ੍ਹਾ ’ਤੇ ਛੱਡ ਕੇ ਘਰ ਵਾਪਸ ਪਰਤ ਰਿਹਾ ਸੀ ਕਿ ਰਾਹ ਵਿੱਚ ਜਾਨਲੇਵਾ ਹਾਦਸਾ ਵਾਪਰ ਗਿਆ।




