ਭਾਜਪਾ ਦੱਸੇ ਕਿ ਗੁਜਰਾਤ ’ਚ ਬੰਦ ਗੈਂਗਸਟਰ ਧਮਕੀਆਂ ਕਿਵੇਂ ਦੇ ਰਿਹੈ : ਬਲਤੇਜ ਪੰਨੂ

0
59

ਚੰਡੀਗੜ੍ਹ (ਗੁਰਜੀਤ ਬਿੱਲਾ, �ਿਸ਼ਨ ਗਰਗ)-ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਵਿਰੋਧੀ ਧਿਰ, ਖਾਸ ਕਰਕੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਉਹ ਸੂਬੇ ਦੀ ਕਾਨੂੰਨ ਵਿਵਸਥਾ ਵਿਗੜਨ ਦਾ ਵਾਰ-ਵਾਰ ਦਾਅਵਾ ਕਰਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਨੂ ਨੇ ਕਿਹਾ ਕਿ ਪੰਜਾਬ ਦੇਸ਼ ਦੇ ਸਭ ਤੋਂ ਸੁਰੱਖਿਅਤ ਅਤੇ ਸਥਿਰ ਸੂਬਿਆਂ ਵਿੱਚੋਂ ਇੱਕ ਹੈ, ਖਾਸ ਕਰਕੇ ਭਾਜਪਾ ਸ਼ਾਸਿਤ ਸੂਬਿਆਂ ਜਿਵੇਂ ਕਿ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਮੁਕਾਬਲੇ, ਜਿੱਥੇ ਕਾਨੂੰਨ ਵਿਵਸਥਾ ਸੱਚਮੁੱਚ ਹੀ ਢਹਿ-ਢੇਰੀ ਹੋ ਚੁੱਕੀ ਹੈ।ਪੰਨੂ ਨੇ ਕਿਹਾ ਕਿ ਜਨਤਕ ਸੁਰੱਖਿਆ ਲਈ ਅਸਲੀ ਖ਼ਤਰਾ ਪੰਜਾਬ ਤੋਂ ਨਹੀਂ, ਸਗੋਂ ਉਨ੍ਹਾਂ ਸਿਆਸੀ ਤਾਕਤਾਂ ਤੋਂ ਹੈ ਜੋ ਗੈਂਗਸਟਰਾਂ ਦੀ ਸਰਗਰਮੀ ਨਾਲ ਮਦਦ ਕਰ ਰਹੀਆਂ ਹਨ। ਉਨ੍ਹਾਂ ਗੁਜਰਾਤ ਦੀ ਜੇਲ੍ਹ ਅੰਦਰੋਂ ਕਥਿਤ ਤੌਰ ’ਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਵਾਇਰਲ ਆਡੀਓ ਕਾਲ ਦਾ ਹਵਾਲਾ ਦਿੱਤਾ। ਪੰਨੂ ਨੇ ਕਿਹਾ ਕਿ ਭਾਜਪਾ ਦੀ ਨਿਗਰਾਨੀ ਹੇਠ ਗੁਜਰਾਤ ਦੀ ਇੱਕ ਉੱਚ-ਸੁਰੱਖਿਆ ਜੇਲ੍ਹ ਵਿੱਚ ਬੰਦ ਇੱਕ ਗੈਂਗਸਟਰ ਖੁੱਲ੍ਹੇਆਮ ਫੋਨ ਕਰ ਰਿਹਾ ਹੈ, ਧਮਕੀਆਂ ਦੇ ਰਿਹਾ ਹੈ ਅਤੇ ਇੱਥੋਂ ਤੱਕ ਕਿ ਗੈਂਗ ਵਾਰ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।ਉਨ੍ਹਾਂ ਸਵਾਲ ਕੀਤਾ ਕਿ ਭਾਜਪਾ ਦੁਆਰਾ ਚਲਾਈ ਜਾ ਰਹੀ ਜੇਲ੍ਹ ਦੇ ਅੰਦਰ ਗੈਂਗਸਟਰਾਂ ਨੂੰ ਮੋਬਾਇਲ ਫੋਨ ਤੱਕ ਪਹੁੰਚ ਕਿਵੇਂ ਮਿਲ ਰਹੀ ਹੈ? ਉਨ੍ਹਾਂ ਕਿਹਾ ਕਿ ਇਸ ਗੈਂਗਸਟਰ ਨੇ ਹਾਲ ਹੀ ਵਿੱਚ ਆਪਣੇ ਸਾਬਕਾ ਸਾਥੀ ਦੇ ਕਤਲ ਤੋਂ ਪਹਿਲਾਂ ਵੀ ਧਮਕੀਆਂ ਦਿੱਤੀਆਂ ਸਨ, ਇਹ ਕਤਲ ਕਥਿਤ ਤੌਰ ’ਤੇ ਬਿਸ਼ਨੋਈ ਦੁਆਰਾ ਹੀ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ, ਇਹ ਪੂਰੀ ਆਡੀਓ ਕਲਿੱਪ, ਜੋ ਸਵੇਰ ਤੋਂ ਹਰ ਨਿਊਜ਼ ਚੈਨਲ ’ਤੇ ਚੱਲ ਰਹੀ ਹੈ, ਇਹ ਬੇਨਕਾਬ ਕਰਦੀ ਹੈ ਕਿ ਭਾਜਪਾ ਕਿਵੇਂ ਵਪਾਰੀਆਂ, ਗਾਇਕਾਂ ਅਤੇ ਕਲਾਕਾਰਾਂ ਨੂੰ ਫੋਨ ਰਾਹੀਂ ਫਿਰੌਤੀ ਦੀਆਂ ਕਾਲਾਂ ਦੀ ਸਹੂਲਤ ਦੇ ਕੇ ਪੰਜਾਬ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਵਿੱਚ ਸਹਾਇਤਾ ਕਰ ਰਹੀ ਹੈ। ਉਨ੍ਹਾ ਕਿਹਾ ਕਿ ਉਨ੍ਹਾਂ ਦਾ ਉਦੇਸ਼ ਸਪੱਸ਼ਟ ਹੈ, ਡਰ ਪੈਦਾ ਕਰੋ ਅਤੇ ਪੰਜਾਬ ਅਤੇ ਇਸ ਦੀ ਸਰਕਾਰ ਨੂੰ ਬਦਨਾਮ ਕਰੋ।ਪੰਨੂ ਨੇ ਉਜਾਗਰ ਕੀਤਾ ਕਿ ਉੱਤਰੀ ਭਾਰਤ ਵਿੱਚ ਸਰਗਰਮ ਜ਼ਿਆਦਾਤਰ ਗੈਂਗਸਟਰਾਂ ਦੀਆਂ ਜੜ੍ਹਾਂ ਹਰਿਆਣਾ ਵਿੱਚ ਹਨ। ਉਨ੍ਹਾ ਕਿਹਾ ਕਿ ਲਾਰੈਂਸ ਬਿਸ਼ਨੋਈ ਵੀ ਪੰਜਾਬ ਵਿੱਚ ਇੱਕ ਸਮੇਂ ਵਿਦਿਆਰਥੀ ਸੀ ਅਤੇ ਐਸ.ਓ.ਆਈ. ਨਾਲ ਜੁੜਿਆ ਹੋਇਆ ਸੀ, ਜਿੱਥੇ ਉਸ ਦੇ ਕਈ ਤਤਕਾਲੀ ਵਿਦਿਆਰਥੀ ਆਗੂਆਂ, ਜੋ ਹੁਣ ਵੱਖ-ਵੱਖ ਪਾਰਟੀਆਂ ਵਿੱਚ ਸਿਆਸਤਦਾਨ ਹਨ, ਨਾਲ ਸੰਬੰਧ ਬਣੇ ਸਨ।
ਉਨ੍ਹਾਂ ਖੁਲਾਸਾ ਕੀਤਾ ਕਿ ਗੈਂਗਸਟਰਾਂ ਨੂੰ ਸਿਆਸੀ ਸਰਪ੍ਰਸਤੀ ਦੇਣਾ ਕੋਈ ਨਵੀਂ ਗੱਲ ਨਹੀਂ । 2022 ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਗੈਂਗਸਟਰ ਸੋਨੂੰ ਕਾਂਗਲਾ ਦੀ ਮਾਂ ਨੂੰ ਅੰਮਿ੍ਰਤਸਰ ਤੋਂ ਟਿਕਟ ਦਿੱਤੀ ਸੀ। ਬਾਦਲਾਂ ਨੇ ਬਸਪਾ ਨਾਲ ਚੋਣ ਸਮਝੌਤਾ ਕੀਤਾ ਸੀ ਅਤੇ ਉਸ ਨੂੰ ਆਪਣੀ ਸੀਟ ਤੋਂ ਉਮੀਦਵਾਰ ਬਣਾਇਆ ਸੀ। ਜੇਕਰ ਥੋੜ੍ਹਾ ਹੋਰ ਪਿੱਛੇ ਜਾਓ, ਤੁਹਾਨੂੰ ਸ਼ੇਰਾ ਖੁੱਬਣ ਅਤੇ ਰੌਕੀ ਵਰਗੇ ਨਾਂਅ ਮਿਲਣਗੇ। ਰੌਕੀ ਦੀ ਭੈਣ ਵੀ ਬਾਅਦ ਵਿੱਚ ਅਕਾਲੀ ਦਲ (ਬਾਦਲ) ਵਿੱਚ ਸ਼ਾਮਲ ਹੋ ਗਈ ਸੀ।ਉਨ੍ਹਾਂ ਕਿਹਾ ਕਿ ਭਾਜਪਾ ਹੁਣ ਅਪਰਾਧੀ ਅਨਸਰਾਂ ਨੂੰ ਪਨਾਹ ਦੇਣ ਵਾਲੀ ਨਵੀਨਤਮ ਪਾਰਟੀ ਬਣ ਗਈ ਹੈ। ਭਾਜਪਾ ਨੇ ਇਸ ਗੈਂਗਸਟਰ ਨੂੰ ਗੁਜਰਾਤ ਜੇਲ੍ਹ ਵਿੱਚ ਅਜਿਹੀ ਸਰਪ੍ਰਸਤੀ ਹੇਠ ਰੱਖਿਆ ਹੈ ਕਿ ਉਸ ਨੂੰ ਹੁਣ ਉੱਥੋਂ ਬਾਹਰ ਵੀ ਨਹੀਂ ਕੱਢਿਆ ਜਾ ਸਕਦਾ। ਉੱਥੋਂ ਉਸ ਨੂੰ ਫੋਨ ਕਾਲਾਂ ਰਾਹੀਂ ਖੁੱਲ੍ਹੇਆਮ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਉਨ੍ਹਾਂ ਲੋਕਾਂ ਨੂੰ ਇਹ ਵੀ ਯਾਦ ਕਰਵਾਇਆ ਕਿ ਅਪਰਾਧੀਆਂ ਨੂੰ ਸਿਆਸੀ ਸਰਪ੍ਰਸਤੀ ਦੇਣ ਦਾ ਇੱਕ ਲੰਮਾ ਇਤਿਹਾਸ ਹੈ : ਕੈਪਟਨ ਅਮਰਿੰਦਰ ਸਿੰਘ ਦੀ 2017 ਦੀ ਸਰਕਾਰ ਯਾਦ ਹੈ? ਉੱਤਰ ਪ੍ਰਦੇਸ਼ ਤੋਂ ਇੱਕ ਮਸ਼ਹੂਰ ਗੈਂਗਸਟਰ ਲਿਆ ਕੇ ਪੰਜਾਬ ਦੀ ਜੇਲ੍ਹ ਵਿੱਚ ਵੀ ਆਈ ਪੀ ਸਹੂਲਤਾਂ ਨਾਲ ਰੱਖਿਆ ਗਿਆ ਸੀ। ਹਾਲਾਤ ਇੰਨੇ ਖ਼ਰਾਬ ਹੋ ਗਏ ਸਨ ਕਿ ਯੂ ਪੀ ਸਰਕਾਰ ਨੂੰ ਉਸ ਨੂੰ ਵਾਪਸ ਲੈਣ ਲਈ ਸੁਪਰੀਮ ਕੋਰਟ ਤੱਕ ਪਹੁੰਚ ਕਰਨੀ ਪਈ ਸੀ। ਤਰਨ ਤਾਰਨ ਦੀਆਂ ਚੋਣਾਂ ਵਿੱਚ ਵੀ ਇੱਕ ਗੈਂਗਸਟਰ ਦੇ ਪਰਵਾਰ ਨੂੰ ਸਿਆਸੀ ਟਿਕਟ ਦਿੱਤੀ ਗਈ ਸੀ।ਪੰਨੂ ਨੇ ਕਿਹਾ ਕਿ ਵਿਰੋਧੀ ਧਿਰ ਪੰਜਾਬ ਵਿੱਚ ਕੋਈ ਮੁੱਦਾ ਲੱਭਣ ਵਿੱਚ ਅਸਫਲ ਰਹੀ ਹੈ। ਉਹ ਹੁਣ ਲੋਕਾਂ ਨੂੰ ਡਰਾ ਕੇ ਸੱਤਾ ਹਾਸਲ ਕਰਨਾ ਚਾਹੁੰਦੇ ਹਨ। ਪਰ ਪੰਜਾਬੀ ਉਨ੍ਹਾਂ ਦੀ ਸਾਜ਼ਿਸ਼ ਨੂੰ ਦੇਖ ਰਹੇ ਹਨ।