ਦਿੱਲੀ-ਚੇਨੱਈ 82 ਹਜ਼ਾਰ ਤੇ ਦਿੱਲੀ-ਡੁਬਈ 15 ਹਜ਼ਾਰ ’ਚ

0
59

ਮੁਹਾਲੀ : ਇੰਡੀਗੋ ਦੀਆਂ ਉਡਾਣਾਂ ਰੱਦ ਹੋਣ ਕਾਰਨ ਹੋਰਨਾਂ ਏਅਰਲਾਈਨਾਂ ਨੇ ਕਿਰਾਏ ਵਧਾ ਦਿੱਤੇ ਹਨ। 7 ਦਸੰਬਰ ਨੂੰ ਦਿੱਲੀ ਤੋਂ ਬੇਂਗਲੁਰੂ ਦੀ ਟਿਕਟ 37571 ਰੁਪਏ ਦੀ ਬੁੱਕ ਹੋਈ ਹੈ ਤੇ ਸੋਮਵਾਰ ਦੀ 11185 ਰੁਪਏ ਦੀ। ਅਗਲੇ ਹਫਤੇ ਦੇ ਅਖੀਰ ਦੀ ਟਿਕਟ 7173 ਰੁਪਏ ਦੀ ਬੁੱਕ ਹੋਈ ਹੈ। ਦਿੱਲੀ ਤੋਂ ਮੁੰਬਈ ਦੀ ਛੇ ਦਸੰਬਰ ਦੀ ਟਿਕਟ ਘੱਟੋਘੱਟ 36107 ਰੁਪਏ ਤੇ ਵੱਧ ਤੋਂ ਵੱਧ 56 ਹਜ਼ਾਰ ਰੁਪਏ ਦੀ ਬੁੱਕ ਹੋਈ ਹੈ। ਵਾਪਸੀ ’ਤੇ 23 ਤੋਂ 37 ਹਜ਼ਾਰ ਦੀ ਟਿਕਟ ਹੋਵੇਗੀ। ਦਿੱਲੀ-ਚੇਨੱਈ ਦੀ ਟਿਕਟ 62 ਹਜ਼ਾਰ ਤੋਂ 82 ਹਜ਼ਾਰ ਰੁਪਏ ਤੱਕ ਵਿਕੀ ਹੈ। ਦਿੱਲੀ ਤੋਂ ਗੁਹਾਟੀ ਦੀ ਟਿਕਟ 23998 ਤੋਂ 35015 ਰੁਪਏ ਦੀ ਵਿਕੀ ਹੈ। ਦੂਜੇ ਪਾਸੇ ਛੇ ਦਸੰਬਰ ਲਈ ਦਿੱਲੀ-ਡੁਬਈ ਤੇ ਬੇਂਗਲੁਰੂ-ਡੁਬਈ ਦੀ ਟਿਕਟ ਕਰੀਬ 15 ਹਜ਼ਾਰ ਰੁਪਏ ਦੀ ਮਿਲ ਰਹੀ ਸੀ। ਦਿੱਲੀ-ਬੈਂਕਾਕ ਦੀ ਟਿਕਟ 18747 ਰੁਪਏ ਤੱਕ ਵਿਕੀ। ਇੰਡੀਗੋ ਦੀ ਚੰਡੀਗੜ੍ਹ-ਪੁਣੇ ਉਡਾਣ 9 ਘੰਟੇ ਲੇਟ ਹੋ ਗਈ, ਜਿਸ ਕਾਰਨ ਯਾਤਰੀਆਂ ਨੂੰ ਮੁਹਾਲੀ ਦੇ ਹਵਾਈ ਅੱਡੇ ’ਤੇ ਰਾਤ ਬਿਤਾਉਣੀ ਪਈ। ਮੁਹਾਲੀ ਵਿੱਚ ਇੰਡੀਗੋ ਦੇ ਯਾਤਰੀਆਂ ਨੂੰ ਲਗਾਤਾਰ ਚੌਥੇ ਦਿਨ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਕਈ ਹੋਰ ਸ਼ੁੱਕਰਵਾਰ ਨੂੰ ਆਪਣੇ ਸਮੇਂ ਤੋਂ ਕਈ ਘੰਟਿਆਂ ਦੀ ਦੇਰੀ ਨਾਲ ਚੱਲੀਆਂ। ਚੰਡੀਗੜ੍ਹ-ਪੁਣੇ ਉਡਾਣ ਨੇ 4 ਦਸੰਬਰ ਨੂੰ ਰਾਤ 9:15 ਵਜੇ ਰਵਾਨਾ ਹੋਣਾ ਸੀ, ਪਰ ਇਹ ਉਡਾਣ ਸ਼ੁੱਕਰਵਾਰ ਸਵੇਰੇ 7:50 ਵਜੇ ਗਈ, ਜਿਸ ਕਾਰਨ ਸਾਰੇ ਯਾਤਰੀਆਂ ਨੂੰ ਮੁਹਾਲੀ ਹਵਾਈ ਅੱਡੇ ’ਤੇ ਰਾਤ ਬਿਤਾਉਣੀ ਪਈ। ਨਿਰਾਸ਼ ਹੋਏ ਯਾਤਰੀਆਂ ਨੇ ਕਿਹਾ ਕਿ ਇੰਡੀਗੋ ਦੇ ਅਧਿਕਾਰੀ ਰਾਤ ਭਰ ਰਵਾਨਗੀ ਦੇ ਸਮੇਂ ਨੂੰ ਕਈ ਵਾਰ ਸੋਧਦੇ ਰਹੇ, ਪਰ ਇਹ ਰਾਤ ਨੂੰ ਉਡਾਣ ਨਾ ਭਰ ਸਕੀ। ਉਨ੍ਹਾਂ ਨੂੰ ਪਹਿਲਾਂ ਰਾਤ 9:15 ਵਜੇ, ਮੁੜ 11:45 ਵਜੇ ਤੇ ਫਿਰ 12:10 ਵਜੇ ਅਤੇ ਬਾਅਦ ਵਿੱਚ 1:10 ਵਜੇ ਉਡਾਣ ਦੇ ਜਾਣ ਬਾਰੇ ਦੱਸਿਆ ਗਿਆ। ਸਵੇਰੇ 7:15 ਵਜੇ ਜਹਾਜ਼ ਵਿਚ ਯਾਤਰੀਆਂ ਨੂੰ ਚੜ੍ਹਨ ਦੀ ਇਜਾਜ਼ਤ ਦਿੱਤੀ ਗਈ।
ਇਸੇ ਦੌਰਾਨ ਹਵਾਈ ਉਡਾਣ ਕੰਪਨੀਆਂ ਦੀ ਨਿਗਰਾਨ ਡੀ ਜੀ ਸੀ ਏ ਨੇ ਹਵਾਈ ਅਮਲੇ ਦੀਆਂ ਛੁੱਟੀਆਂ ਨੂੰ ਹਫਤਾਵਾਰੀ ਆਰਾਮ ਦੀ ਮਿਆਦ ਨਾਲ ਬਦਲਣ ਦੀ ਆਗਿਆ ਦੇ ਕੇ ਉਡਾਣ ਡਿਊਟੀ ਨਿਯਮਾਂ ਨੂੰ ਸੌਖਾਲਾ ਕੀਤਾ ਹੈ। ਇਸ ਤੋਂ ਇਲਾਵਾ ਡੀ ਜੀ ਸੀ ਏ ਦੇ ਮੁਖੀ ਫੈਜ਼ ਅਹਿਮਦ ਕਿਦਵਈ ਨੇ ਇੰਡੀਗੋ ਸੰਕਟ ਦੇ ਮੱਦੇਨਜ਼ਰ ਸੁਚਾਰੂ ਉਡਾਣ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਸਾਰੇ ਪਾਇਲਟਾਂ ਤੋਂ ਸਹਿਯੋਗ ਮੰਗਿਆ ਹੈ। ਡਾਇਰੈਕਟਰ ਜਨਰਲ ਨੇ ਕਿਹਾ ਕਿ ਇਸ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ ਹੋ ਰਹੇ ਹਨ।
ਇਸ ਤੋਂ ਪਹਿਲਾਂ ਸੋਧੇ ਹੋਏ ਫਲਾਈਟ ਡਿਊਟੀ ਸਮਾਂ ਸੀਮਾ ਨਿਯਮਾਂ ਅਨੁਸਾਰ ਕਿਹਾ ਗਿਆ ਸੀ ਕਿ ਹਫਤਾਵਾਰੀ ਆਰਾਮ ਲਈ ਕੋਈ ਛੁੱਟੀ ਨਹੀਂ ਬਦਲੀ ਜਾਵੇਗੀ। ਇਸ ਤੋਂ ਬਾਅਦ ਇੰਡੀਗੋ ਤੇ ਹੋਰ ਹਵਾਈ ਉਡਾਣ ਕੰਪਨੀਆਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਤੇ ਇੰਡੀਗੋ ਨੇ ਵੱਡੇ ਪੱਧਰ ’ਤੇ ਆਪਣੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ।