ਚੰਡੀਗੜ੍ਹ (ਗੁਰਜੀਤ ਬਿੱਲਾ/ਕਿ੍ਰਸ਼ਨ ਗਰਗ)
ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਵੀਰਵਾਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਤੋਂ ਪਹਿਲਾਂ ਵੱਖ-ਵੱਖ ਖੇਤਰਾਂ ਦਾ ਦੌਰਾ ਕਰਦਿਆਂ ਲੋਕਾਂ ਨੂੰ ‘ਆਪ’ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ‘ਆਪ’ ਸਿਰਫ਼ ਸਖ਼ਤ ਮਿਹਨਤ, ਇਮਾਨਦਾਰ ਸ਼ਾਸਨ ਅਤੇ ਭਗਵੰਤ ਮਾਨ ਸਰਕਾਰ ਦੁਆਰਾ ਕੀਤੇ ਗਏ ਬੇਮਿਸਾਲ ਵਿਕਾਸ ਦੇ ਆਧਾਰ ’ਤੇ ਵੋਟਾਂ ਮੰਗ ਰਹੀ ਹੈ।
ਪੰਨੂ ਨੇ ਕਿਹਾ ਕਿ 600 ਯੂਨਿਟ ਮੁਫ਼ਤ ਬਿਜਲੀ ਲਗਾਤਾਰ ਜਾਰੀ ਹੈ, ਜਿਸ ਨਾਲ ਪਰਵਾਰਾਂ ਨੂੰ ਵੱਡੀ ਵਿੱਤੀ ਰਾਹਤ ਮਿਲ ਰਹੀ ਹੈ। ਸਰਕਾਰੀ ਸਿੱਖਿਆ ਵਿੱਚ ਮਾਣ ਅਤੇ ਗੁਣਵੱਤਾ ਵਾਪਸ ਆਈ ਹੈ। ਸੂਬੇ ਵਿੱਚ ਥਾਂ-ਥਾਂ ਮੁਹੱਲਾ ਕਲੀਨਿਕ ਖੁੱਲ੍ਹ ਚੁੱਕੇ ਹਨ, ਜਿਥੇ ਮੁਫ਼ਤ ਦਵਾਈਆਂ ਅਤੇ ਟੈਸਟਾਂ ਹੁੰਦੇ ਹਨ। ਸਰਕਾਰ ਨੇ 13 ਟੋਲ ਪਲਾਜ਼ੇ ਬੰਦ ਕਰ ਦਿੱਤੇ ਹਨ, ਅਜਿਹਾ ਕਦੇ ਕਿਸੇ ਹੋਰ ਸੂਬੇ ਵਿੱਚ ਨਹੀਂ ਹੋਇਆ।ਨਵੀਂ ਬਣੀ ਸੜਕ ਸੁਰੱਖਿਆ ਫੋਰਸ (ਐੱਸ ਐੱਸ ਐੱਫ) ਨੇ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਲਗਭਗ 50 ਫੀਸਦੀ ਤੱਕ ਘਟਾ ਦਿੱਤਾ ਹੈ, ਜੋ ਕਿ ਇੱਕ ਇਤਿਹਾਸਕ ਪ੍ਰਾਪਤੀ ਹੈ।
ਉਹਨਾ ਕਿਹਾ ਕਿ ‘ਆਪ’ ਨੇ ਪੰਜਾਬ ਵਿੱਚੋਂ ਦਹਾਕਿਆਂ ਪੁਰਾਣੇ ‘ਪਰਚਾ ਕਲਚਰ’ ਨੂੰ ਖਤਮ ਕਰ ਦਿੱਤਾ ਹੈ। ਰਵਾਇਤੀ ਪਾਰਟੀਆਂ ਦੇ ਆਗੂ ਵਿਰੋਧੀ ਪਾਰਟੀ ਦੇ ਲੋਕਾਂ ’ਤੇ ਪਰਚੇ ਕਰਕੇ ਉਨ੍ਹਾਂ ਨੂੰ ਡਰਾਉਦੇ-ਧਮਕਾਉਦੇ ਅਤੇ ਪਿੰਡਾਂ ਦਾ ਮਾਹੌਲ ਖਰਾਬ ਕਰਦੇ ਸਨ, ਪਰ ਜਦੋਂ ਦੀ ਮਾਨ ਸਰਕਾਰ ਸੱਤਾ ਵਿੱਚ ਆਈ ਹੈ, ਅਸੀਂ ਕੋਈ ਝੂਠੇ ਪਰਚੇ ਨਹੀਂ ਕੀਤੇ, ਨਾ ਹੀ ਕਿਸੇ ਨੂੰ ਧਮਕਾਇਆ।ਪਿਛਲੀਆਂ ਸਰਕਾਰਾਂ ਐੱਫ ਆਈ ਆਰ ਨੂੰ ਹਥਿਆਰ ਦੀ ਤਰ੍ਹਾਂ ਵਰਤਦੀਆਂ ਸਨ, ਅਸੀਂ ਇਸ ਨੂੰ ਖਤਮ ਕਰਕੇ ਪਿੰਡਾਂ ਵਿੱਚ ਸ਼ਾਂਤੀ ਬਹਾਲ ਕੀਤੀ ਹੈ।ਤੋਤੀ ਸਰਪੰਚ ਬਾਰੇ ਅਤੇ ਸਿਕੰਦਰ ਸਿੰਘ ਮਲੂਕਾ ਵਰਗਿਆਂ ਨੂੰ ਲੋਕ ਭੁੱਲੇ ਨਹੀਂ ਹਨ।ਆਪ ਸਰਕਾਰ ਨੇ ਗੁੰਡਾ ਰਾਜ ਖਤਮ ਕੀਤਾ ਹੈ।
ਪੰਨੂ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ‘ਆਪ’ ਦਾ ਤਸਕਰਾਂ ਜਾਂ ਗੈਂਗਸਟਰਾਂ ਨਾਲ ਕੋਈ ਸੰਬੰਧ ਨਹੀਂ। ਇੱਕ ਵੀ ‘ਆਪ’ ਵਿਧਾਇਕ ਜਾਂ ਮੰਤਰੀ ਦੀ ਨਾ ਤਾਂ ਤਸਕਰੀ ਕਰਨ ਵਾਲਿਆਂ ਨਾਲ ਤਸਵੀਰ ਖਿੱਚੀ ਗਈ ਹੈ ਅਤੇ ਨਾ ਹੀ ਉਨ੍ਹਾਂ ਨਾਲ ਕੋਈ ਸੰਬੰਧ ਪਾਇਆ ਗਿਆ ਹੈ।‘ਆਪ’ ਨੇ ਕਦੇ ਵੀ ਗੈਂਗਸਟਰਾਂ ਜਾਂ ਅਪਰਾਧੀਆਂ ਦੇ ਪਰਵਾਰਕ ਮੈਂਬਰਾਂ ਨੂੰ ਟਿਕਟ ਨਹੀਂ ਦਿੱਤੀ।ਇਸ ਦੇ ਉਲਟ ਪਿਛਲੇ ਰਾਜਾਂ ਨੇ ਅਜਿਹੇ ਅਨਸਰਾਂ ਨੂੰ ਖੁੱਲ੍ਹੇਆਮ ਪਨਾਹ ਦਿੱਤੀ ਸੀ, ਪੰਜਾਬ ਭੁੱਲਿਆ ਨਹੀਂ।





