ਜਲੰਧਰ (ਸ਼ੈਲੀ ਐਲਬਰਟ, ਸੁਰਿੰਦਰ ਕੁਮਾਰ)-ਸ਼ਹਿਰ ਦੇ ਕਰੀਬ 11 ਸਕੂਲਾਂ ਨੂੰ ਸੋਮਵਾਰ ਸਵੇਰੇ ਬੰਬ ਧਮਾਕਿਆਂ ਨਾਲ ਨਿਸ਼ਾਨਾ ਬਣਾਉਣ ਦੀ ਧਮਕੀ ਮਿਲਣ ਤੋਂ ਬਾਅਦ ਬਹੁਤ ਜ਼ਿਆਦਾ ਘਬਰਾਹਟ ਫੈਲ ਗਈ ਤੇ ਮਾਪੇ ਆਪਣੇ ਬੱਚਿਆਂ ਨੂੰ ਲੈਣ ਲਈ ਸਕੂਲਾਂ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ। ਜਿਨ੍ਹਾਂ ਚਾਰ ਸਕੂਲਾਂ ਨੂੰ ਸ਼ੁਰੂਆਤ ਵਿੱਚ ਈਮੇਲ ਧਮਕੀਆਂ ਮਿਲੀਆਂ ਸਨ, ਉਨ੍ਹਾਂ ਵਿਚ ਸੇਂਟ ਜੋਸਫ਼ ਕਾਨਵੈਂਟ ਸਕੂਲ, ਆਈ ਵੀ ਵਾਈ ਵਰਲਡ ਸਕੂਲ ਅਤੇ ਸੰਸਕਿ੍ਰਤੀ ਕੇ ਐੱਮ ਵੀ ਸਕੂਲ ਅਤੇ ਸ਼ਿਵ ਜਯੋਤੀ ਸਕੂਲ ਸ਼ਾਮਲ ਹਨ। ਹਾਲਾਂਕਿ ਮਗਰੋਂ ਹੋਰ ਸਕੂਲਾਂ ਨੂੰ ਅਜਿਹੀਆਂ ਧਮਕੀ ਭਰੀਆਂ ਈਮੇਲਾਂ ਮਿਲਣ ਦਾ ਦਾਅਵਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ, ‘ਘਬਰਾਉਣ ਦੀ ਕੋਈ ਲੋੜ ਨਹੀਂ, ਹੁਣ ਤੱਕ 11 ਸਕੂਲਾਂ ਨੂੰ ਧਮਕੀ ਵਾਲੇ ਈਮੇਲ ਮਿਲੇ ਹਨ। ਸਾਡੀਆਂ ਸਾਈਬਰ ਕ੍ਰਾਈਮ ਟੀਮਾਂ ਨੇ ਕੇਸ ਦਰਜ ਕਰ ਲਿਆ ਹੈ। ਟੀਮਾਂ ਵੱਲੋਂ ਈਮੇਲ ਦੇ ਮੂਲ ਸਰੋਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।’ ਸਕੂਲ ਅਧਿਕਾਰੀਆਂ ਵੱਲੋਂ ਈਮੇਲ ਦੇ ਵੇਰਵੇ ਸਾਂਝੇ ਕਰਨ ਮਗਰੋਂ ਪੁਲਸ ਵੀ ਹਰਕਤ ਵਿੱਚ ਆ ਗਈ ਤੇ ਸੰਬੰਧਤ ਸਕੂਲਾਂ ’ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਸਕੂਲ ਦੁਪਹਿਰ 12 ਵਜੇ ਦੇ ਕਰੀਬ ਬੰਦ ਕਰ ਦਿੱਤੇ ਗਏ ਸਨ। ਸਕੂਲਾਂ ਨੇ ਮਾਪਿਆਂ ਨੂੰ ਐਪ ਅਤੇ ਵਟਸਐਪ ਗਰੁੱਪਾਂ ’ਤੇ ਸੁਨੇਹੇ ਭੇਜ ਕੇ ਸਕੂਲ ਦੇ ਜਲਦੀ ਬੰਦ ਹੋਣ ਬਾਰੇ ਜਾਣੂ ਕਰਵਾਇਆ।





