ਨਿਹਾਲ ਸਿੰਘ ਵਾਲਾ
(ਲਵਲੀ ਮਾਛੀਕੇ)
ਭਾਰਤੀ ਕਮਿਊਨਿਸਟ ਪਾਰਟੀ ਦੀ ਸਿਆਸੀ ਕਾਨਫਰੰਸ ਤਖਤੂਪੁਰਾ ਸਾਹਿਬ ਵਿਖੇ ਸਫਲਤਾ-ਪੂਰਵਕ ਸੰਪੰਨ ਹੋਈ। ਕਾਨਫਰੰਸ ਦੀ ਪ੍ਰਧਾਨਗੀ ਨਰੇਗਾ ਆਗੂ ਮਹਿੰਦਰ ਸਿੰਘ ਧੂੜਕੋਟ ਤੇ ਸੂਬੇਦਾਰ ਜੋਗਿੰਦਰ ਸਿੰਘ ਨੇ ਕੀਤੀ। ਕਾਨਫਰੰਸ ਵਿੱਚ ਜ਼ਿਲ੍ਹੇ ਦੇ ਆਗੂਆਂ ਤੋਂ ਇਲਾਵਾ ਸੂਬਾਈ ਤੇ ਕੌਮੀ ਆਗੂਆਂ ਨੇ ਸ਼ਮੂਲੀਅਤ ਕੀਤੀ। ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ ਨੇ ਬੋਲਦਿਆਂ ਕਿਹਾ ਕਿ ਸਰਮਾਏਦਾਰੀ ਪ੍ਰਬੰਧ ਨੂੰ ਬਦਲਣ ਦੇ ਲਈ ਸਾਨੂੰ ਆਰਥਿਕ ਲੜਾਈ ਲੜਨ ਦੀ ਜ਼ਰੂਰਤ ਹੈ।
ਉਨ੍ਹਾ ਕਿਹਾ ਕਿ ਕਿਸਾਨੀ ਅੰਦੋਲਨ ਵੀ ਆਰਥਿਕ ਅੰਦੋਲਨ ਹੋਣ ਕਰਕੇ ਹੀ ਸਾਨੂੰ ਉਸ ਵਿੱਚ ਵੱਡੀ ਜਿੱਤ ਹਾਸਲ ਹੋਈ ਸੀ। ਅੱਜ ਵੀ ਜੇ ਅਸੀਂ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਨੂੰ ਬਚਾਉਣਾ ਹੈ ਤਾਂ ਸਾਨੂੰ ਵੱਡਾ ਆਰਥਿਕ ਅੰਦੋਲਨ ਛੇੜਨ ਦੀ ਜ਼ਰੂਰਤ ਹੈ। ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਕੰਟਰੋਲ ਕਮਿਸ਼ਨ ਦੇ ਮੈਂਬਰ ਜਗਜੀਤ ਸਿੰਘ ਨੇ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਨੂੰ ਹੁਣ ਤੱਕ ਲੋਕਾਂ ਨੇ ਜਦੋਂ-ਜਦੋਂ ਵੀ ਤਾਕਤ ਬਖਸ਼ੀ ਹੈ ਤਾਂ ਲੋਕ ਹਿੱਤਾਂ ਦੇ ਕਾਨੂੰਨ ਬਣਾਉਣ ਵਿੱਚ ਸਫਲ ਹੋਏ ਹਾਂ। ਉਹ ਚਾਹੇ ਫਸਲਾਂ ਦਾ ਭਾਅ ਬੰਨ੍ਹਣ ਦੀ ਗੱਲ ਹੋਵੇ, ਰਾਸ਼ਨ ਡੀਪੂ ਖੋਲ੍ਹਣ ਦੀ ਗੱਲ ਹੋਵੇ, ਜਾਂ ਨਰੇਗਾ ਦਾ ਕਾਨੂੰਨ, ਇਹ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂਆਂ ਦੀ ਦੇਣ ਰਹੀ ਹੈ।
ਏਟਕ ਆਗੂ ਕਾਮਰੇਡ ਜਗਦੀਸ਼ ਸਿੰਘ ਚਾਹਲ ਨੇ ਕਿਹਾ ਕਿ 44 ਕਾਨੂੰਨਾਂ ਨੂੰ ਖ਼ਤਮ ਕਰਕੇ ਲਿਆਂਦੇ ਗਏ ਚਾਰ ਕੋਡ ਲੋਕਾਂ ਨੂੰ ਹੋਰ ਨਿਘਾਰ ਵਾਲੇ ਪਾਸੇ ਲੈ ਕੇ ਜਾਣ ਵਾਲੇ ਹਨ। ਉਹਨਾ ਕਿਹਾ ਕਿ ਨਿੱਜੀਕਰਨ ਨੂੰ ਖਤਮ ਕਰਨ ਲਈ ਲੋਕਾਂ ਦੇ ਪੱਖ ਦੇ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ । ਨਰੇਗਾ ਆਗੂ ਕਾਮਰੇਡ ਸ਼ੇਰ ਸਿੰਘ ਦੌਲਤਪੁਰਾ ਨੇ ਕਿਹਾ ਕਿ ਸਰਕਾਰਾਂ ਨਰੇਗਾ ਦੀ ਰੂਹ ਖਤਮ ਕਰ ਰਹੀਆਂ ਹਨ, ਜਿਸ ਨੂੰ ਭਾਰਤੀ ਕਮਿਊਨਿਸਟ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਨਰੇਗਾ ਨੇ ਹੁਣ ਤੱਕ ਲੋਕਾਂ ਦੀ ਆਰਥਿਕਤਾ ਵਿੱਚ ਵਾਧਾ ਕੀਤਾ ਹੈ। ਅਸੀਂ ਕਹਿੰਦੇ ਹਾਂ ਕਿ ਨਰੇਗਾ ਦਾ ਕੰਮ 200 ਦਿਨ ਹੋਣਾ ਚਾਹੀਦਾ ਤੇ ਦਿਹਾੜੀ ਹਜ਼ਾਰ ਰੁਪਏ ਪ੍ਰਤੀ ਦਿਨ ਹੋਣੀ ਚਾਹੀਦੀ ਹੈ। ਸਰਬ ਭਾਰਤ ਨੌਜਵਾਨ ਸਭਾ ਦੇ ਪੰਜਾਬ ਦੇ ਪ੍ਰਧਾਨ ਕਰਮਵੀਰ ਬਧਣੀ ਨੇ ਕਿਹਾ ਕਿ ਸਰਮਾਏਦਾਰੀ ਪ੍ਰਬੰਧ ਦੀਆਂ ਨੀਤੀਆਂ ਸਾਡੀ ਸਿੱਖਿਆ ਤੇ ਰੁਜ਼ਗਾਰ ‘ਤੇ ਵੱਡੇ ਹਮਲੇ ਕਰ ਰਹੀਆਂ ਹਨ। ਦੇਸ਼ ਦੇ 40 ਕਰੋੜ ਨੌਜਵਾਨ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਹਨ। ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਪਾਸ ਕਰਕੇ ਹੀ ਅਸੀਂ ਉਹਨਾਂ ਨੂੰ ਖੁਸ਼ੀਆਂ ਭਰਿਆ ਜੀਵਨ ਦੇ ਸਕਦੇ ਹਾਂ। ਜਿਸ ਵਿੱਚ 18 ਤੋਂ 58 ਸਾਲ ਤੱਕ (ਜੋ ਚਾਹੁੰਦਾ ਹੈ) ਉਸ ਨੂੰ ਉਸ ਦੀ ਯੋਗਤਾ ਦੇ ਹਿਸਾਬ ਨਾਲ ਕੰਮ ਦੇਣ ਲਈ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ’ 2N571 ਜਿਸ ਤਹਿਤ ਅਣ-ਸਿੱਖਿਅਤ ਨੂੰ 35000, ਅਰਧ-ਸਿੱਖਿਅਤ ਨੂੰ 40000 ਸਿੱਖਿਅਤ ਨੂੰ 45000 ਅਤੇ ਉੱਚ-ਸਿੱਖਿਅਤ ਨੂੰ ‘ਭਗਤ ਸਿੰਘ ਕੌਮੀ’ ਰੁਜ਼ਗਾਰ ਗਰੰਟੀ ਐਕਟ ਤਹਿਤ 60000 ਰੁਪਏ ਪ੍ਰਤੀ ਮਹੀਨਾ ਤਨਖਾਹ ਅਤੇ ਜੇਕਰ ਸਰਕਾਰ ਕੰਮ ਦੇਣ ਵਿੱਚ ਅਸਫਲ ਹੈ ਤਾਂ ਉਕਤ ਤਨਖਾਹ ਦਾ ਅੱਧ ਪ੍ਰਤੀ ਮਹੀਨਾ ‘ਕੰਮ ਇੰਤਜ਼ਾਰ ਭੱਤਾ’ ਦਿੱਤਾ ਜਾਵੇ । ਆਖਰ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਭੋਲਾ ਨੇ ਕਿਹਾ ਕਿ ਇਹ ਕਾਨਫਰੰਸ ਹਰ ਸਾਲ ਲੋਕਾਂ ਨੂੰ ਆਉਣ ਵਾਲੇ ਹਮਲਿਆਂ ਬਾਰੇ ਸੁਚੇਤ ਕਰਦਿਆਂ ਇਕਜੁੱਟਤਾ ਨਾਲ ਲੜਨ ਦਾ ਸੱਦਾ ਦਿੰਦੀ ਹੈ । ਦੇਸ਼ ਅਤੇ ਸੂਬੇ ਦੀ ਹਾਲਤ ਕੋਈ ਕਿਸੇ ਤੋਂ ਲੁਕੀ ਨਹੀਂ, ਪਰ ਫਿਰ ਵੀ ਰਾਜ ਕਰਦੀਆਂ/ਕਰ ਚੁੱਕੀਆਂ ਸਰਕਾਰਾਂ ਲੋਕਾਂ ਨੂੰ ਗੁਮਰਾਹ ਕਰਨ ਦੀਆਂ ਟਾਹਰਾਂ ਮਾਰਨ ਤੋਂ ਬਾਜ਼ ਨਹੀਂ ਆ ਰਹੀਆਂ। ਸਾਰੀਆਂ ਧਿਰਾਂ 2027 ਨੂੰ ਨਿਸ਼ਾਨਾ ਬਣਾ ਕੇ ਅੱਜ ਹੀ ਲੋਕਾਂ ਨੂੰ ਝਾਂਸੇ ਦੇ ਰਹੀਆਂ ਹਨ, ਪਰ ਭਾਰਤੀ ਕਮਿਊਨਿਸਟ ਪਾਰਟੀ ਦੀ ਇਹ ਸਟੇਜ ਲੋਕਾਂ ਨੂੰ ਸੁਨੇਹਾ ਦਿੰਦੀ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਧਿਰਾਂ ਬਦਲ-ਬਦਲ ਕੇ ਰਾਜ ਕਰ ਚੁੱਕੀਆਂ ਅੱਜ ਜੋ ਸਾਡੀ ਹਾਲਤ ਹੈ ਇਹ ਧਿਰਾਂ ਉਸ ਦੀਆਂ ਜ਼ਿੰਮੇਵਾਰ ਹਨ, ਪਰ ਲੋਕਾਂ ਨੇ ਜਦੋਂ ਵੀ ਜਿੰਨੀ ਵੀ ਤਾਕਤ ਕਾਮਰੇਡਾਂ ਦੇ ਹੱਥ ਦਿੱਤੀ, ਅਸੀਂ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਆਪਣਾ ਰੋਲ ਅਦਾ ਕੀਤਾ । ਇਸ ਸਟੇਜ ਤੋਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਸੋਚ-ਵਿਚਾਰ ਕੇ ਆਪਣਾ ਤੇ ਆਪਣੇ ਬੱਚਿਆਂ ਦਾ ਭਵਿੱਖ ਦੇਖ ਕੇ 2027 ਵਿੱਚ ਫੈਸਲਾ ਕਰਿਓ। ਅਸੀਂ ਭਾਰਤੀ ਕਮਿਊਨਿਸਟ ਪਾਰਟੀ ਦੀ ਸਟੇਜ ਤੋਂ ਜਿੱਥੇ ਆਗੂਆਂ ਦਾ/ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹਾਂ, ਉੱਥੇ ਹੀ ਪਿੰਡ ਤਖਤੂਪੁਰਾ ਸਾਹਿਬ ਦੇ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਕਾਨਫਰੰਸ ਦੀ ਸਫ਼ਲਤਾ ਲਈ ਆਪਣੀ ਕਮਾਈ ‘ਚੋਂ ਦਸਵੰਧ ਪਾਰਟੀ ਨੂੰ ਦਿੱਤਾ। ਇਸ ਤੋਂ ਇਲਾਵਾ ਇੰਦਰਜੀਤ ਸਿੰਘ ਦੀਨਾ, ਸੁਖਦੇਵ ਭੋਲਾ, ਬੂਟਾ ਰਾਊਕੇ, ਸਤਵੰਤ ਖੋਟੇ, ਨਵਜੋਤ ਕੌਰ, ਜਸਪ੍ਰੀਤ ਕੌਰ, ਤੋਤਾ ਸਿੰਘ ਤਖਤੂਪੁਰਾ ਆਦਿ ਆਗੂਆਂ ਨੇ ਸੰਬੋਧਨ ਕੀਤਾ। ਇਪਟਾ ਮੋਗਾ, ਹਰਭਜਨ ਸਿੰਘ ਬਿਲਾਸਪੁਰ, ਲੁਹਾਰਾ ਕਵੀਸ਼ਰੀ ਜੱਥਾ ਨੇ ਇਨਕਲਾਬੀ ਵੰਨਗੀਆਂ ਪੇਸ਼ ਕੀਤੀਆਂ। ਗੁਰਦਿੱਤ ਦੀਨਾ ਵੱਲੋਂ ਸਟੇਜ ਦੀ ਕਾਰਵਾਈ ਚਲਾਈ ਗਈ।




