ਮੁਹਾਲੀ : ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਿੰਦਰਪਾਲ ਲਹੌਰੀਆ ਦੇ ਪਿਤਾ ਮਾਸਟਰ ਕਸ਼ਮੀਰ ਸਿੰਘ, ਜੋ ਬੀਤੇ ਦਿਨੀ ਵਿਛੋੜਾ ਦੇ ਗਏ ਸਨ, ਦੀ ਨਿੱਘੀ ਯਾਦ ਵਿੱਚ ਮੁਹਾਲੀ 80 ਸੈਕਟਰ ਦੇ ਗੁਰਦੁਆਰਾ ਸਾਹਿਬ ਵਿਖੇ ਰਾਗੀ ਜਥੇ ਵੱਲੋਂ ਕੀਤੇ ਵੈਰਾਗਮਈ ਕੀਰਤਨ ਤੇ ਅੰਤਮ ਅਰਦਾਸ ਉਪਰੰਤ ਹੋਏ ਸ਼ਰਧਾਂਜਲੀ ਸਮਾਗਮ ਮੌਕੇ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਅਤੇ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਆਪਣੇ ਜੀਵਨ ਵਿੱਚ ਸੰਘਰਸ਼ਸ਼ੀਲ ਰਹੇ ਮਾਸਟਰ ਕਸ਼ਮੀਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਕਸ਼ਮੀਰ ਸਿੰਘ ਵੱਲੋਂ ਅਧਿਆਪਕ ਵਰਗ ਦੇ ਹੱਕਾਂ ਲਈ ਲਾਲ ਝੰਡੇ ਦੀ ਅਗਵਾਈ ਹੇਠ ਅਣਗਿਣਤ ਘੋਲ ਲੜਦਿਆਂ ਨਿਭਾਈ ਸ਼ਾਨਦਾਰ ਭੂਮਿਕਾ ’ਤੇ ਅਸੀਂ ਫਖਰ ਕਰ ਸਕਦੇ ਹਾਂ, ਕਿਉਕਿ ਹੁਣ ਉਨ੍ਹਾਂ ਦਾ ਵੱਡਾ ਪੁੱਤਰ ਸਰਿੰਦਰਪਾਲ ਲਹੌਰੀਆ ਉਸੇ ਲਾਲ ਝੰਡੇ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਲਈ ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਦੀ ਸ਼ਾਨਦਾਰ ਅਗਵਾਈ ਕਰ ਰਿਹਾ ਹੈ। ਮਾਸਟਰ ਕਸ਼ਮੀਰ ਸਿੰਘ ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ (ਸੰਬੰਧਤ ਏਟਕ) ਦੇ ਆਗੂ ਪੂਰਨ ਸਿੰਘ ਮਾੜੀਮੇਘਾ ਨੇ ਪਰਵਾਰ ਨਾਲ 40 ਸਾਲ ਪੁਰਾਣੀ ਸਾਂਝ ਦੇ ਹਵਾਲੇ ਨਾਲ ਬਾਪੂ ਕਸ਼ਮੀਰ ਸਿੰਘ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਪਿ੍ਰੰਸੀਪਲ ਸਰਬਜੀਤ ਸਿੰਘ ਢਿੱਲੋਂ ਨੇ ਮਾਸਟਰ ਕਸ਼ਮੀਰ ਸਿੰਘ ਵੱਲੋਂ ਮਾਨਤਾ ਪ੍ਰਾਪਤ ਅਧਿਆਪਕ ਜਥੇਬੰਦੀ ਲਈ ਘਾਲੀਆਂ ਘਾਲਣਾਵਾਂ ਨੂੰ ਚੇਤੇ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਪਰਵਾਰ ਨਾਲ ਦੁੱਖ ਸਾਂਝਾ ਕਰਨ ਲਈ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿੱਚ ਰਿਸ਼ਤੇਦਾਰਾਂ, ਸਕੇ-ਸੰਬੰਧੀਆਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਸਰਿੰਦਰਪਾਲ ਲਹੌਰੀਆ ਨਾਲ ਆਪਣੀ ਸਾਂਝ ਦਾ ਪ੍ਰਗਟਾਵਾ ਕੀਤਾ, ਜਿਨ੍ਹਾਂ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਮੁਹਾਲੀ ਜ਼ਿਲੇ ਦੇ ਸਕੱਤਰ ਜਸਪਾਲ ਸਿੰਘ ਦੱਪਰ, ਫੈਡਰੇਸ਼ਨ ਏਟਕ ਦੇ ਸੂਬਾਈ ਆਗੂ ਰਛਪਾਲ ਸਿੰਘ ਪਾਲੀ, ਬਲਜੀਤ ਕੁਮਾਰ, ਦਰਸ਼ਨ ਲਾਲ, ਗੁਰਧਿਆਨ ਸਿੰਘ, ਕਰਤਾਰ ਸਿੰਘ, ਜ਼ੋਨ ਆਗੂ ਸਤੀਸ਼ ਕੁਮਾਰ ਭਾਰਦਵਾਜ, ਸਰਕਲ ਆਗੂ ਮੋਹਨ ਸਿੰਘ ਗਿੱਲ, ਸੁਖਦੇਵ ਸਿੰਘ ਲੁਧਿਆਣਾ, ਨਾਜ਼ਰ ਸਿੰਘ ਰਾਜਪੁਰਾ, ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਏਟਕ ਦੇ ਸੂਬਾ ਆਗੂ ਕੇਵਲ ਸਿੰਘ ਬਨਵੈਤ, ਰਾਜਿੰਦਰ ਸਿੰਘ ਰਾਜਪੁਰਾ, ਗੁਰਮੇਲ ਸਿੰਘ ਨਾਹਰ, ਸਰਕਲ ਆਗੂ ਬਲਵਿੰਦਰ ਕੁਮਾਰ, ਰਾਜਿੰਦਰ ਸਿੰਘ ਸੋਹਲ, ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਗੁਰਿੰਦਰ ਸਿੰਘ, ਐੱਮ ਐੱਸ ਯੂ ਦੇ ਆਗੂ ਗੁਰਪ੍ਰੀਤ ਸਿੰਘ ਛੀਨਾ, ਐਸੋਸੀਏਸ਼ਨ ਜੂਨੀਅਰ ਇੰਜੀਨੀਅਰ ਦੇ ਆਗੂ ਹਿਮਾਂਸ਼ੂ, ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਸਾਂਝੀ ਤਾਲਮੇਲ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਜੌਹਲ, ਰਮਨ ਥਿੰਦ, ਪ੍ਰੀਤ ਸਿਟੀ ਸੈਕਟਰ 86 ਦੇ ਡਾਇਰੈਕਟਰ ਚਰਨ ਸਿੰਘ ਸੈਣੀ, ਇੰਪਲਾਈਜ਼ ਫੈਡਰੇਸ਼ਨ ਚਾਹਲ ਦੇ ਸੂਬਾਈ ਆਗੂ ਪੂਰਨ ਸਿੰਘ ਖਾਈ, ਫੈਡਰੇਸ਼ਨ ਏਟਕ ਦੇ ਸਾਬਕਾ ਸੂਬਾ ਜਨਰਲ ਸਕੱਤਰ ਜਗਦੀਸ਼ ਕੁਮਾਰ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਆਗੂ ਅੰਗਰੇਜ ਸਿੰਘ, ਪਰਦੀਪ ਸਿੰਘ, ਟੈਕਨੀਕਲ ਸਰਵਿਸ ਯੂਨੀਅਨ ਭੰਗਲ ਦੇ ਆਗੂ ਲੱਖਾ ਸਿੰਘ, ਗੁਰਬਖਸ਼ ਸਿੰਘ, ਅਧਿਆਪਕ ਆਗੂ ਤਜਿੰਦਰ ਸਿੰਘ ਤੋਕੀ , ਹਲਕਾ ਵਿਧਾਇਕ ਦੇ ਪੁੱਤਰ ਰੂਬੀ ਸਿੱਧੂ ਆਦਿ ਸ਼ਾਮਲ ਹੋਏ।
ਇਸ ਮੌਕੇ ਆਪਣੇ ਪਿਤਾ ਦੀ ਯਾਦ ਵਿੱਚ ਸਰਿੰਦਰਪਾਲ ਲਹੌਰੀਆ ਨੇ 2100 ਰੁਪਏ ਸੂਬਾ ਪਾਰਟੀ, 1100 ਜ਼ਿਲ੍ਹਾ ਪਾਰਟੀ, 2100 ਪੰਜਾਬ ਏਟਕ, 1100 ‘ਨਵਾਂ ਜ਼ਮਾਨਾ’, 5100 ਫੈਡਰੇਸ਼ਨ ਏਟਕ, 1100 ਮਾਨਤਾ ਪ੍ਰਾਪਤ ਅਧਿਆਪਕ ਯੂਨੀਅਨ, 1100 ਪੈਨਸ਼ਨਰ ਯੂਨੀਅਨ ਏਟਕ ਆਦਿ ਜਥੇਬੰਦੀਆਂ ਨੂੰ ਆਰਥਕ ਸਹਾਇਤਾ ਭੇਜੀ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਨਿਭਾਈ।




