ਚੰਡੀਗੜ੍ਹ : ਸ਼ਹਿਰ ਚੰਡੀਗੜ੍ਹ ਦੇ ਨਵੇਂ ਮੇਅਰ ਲਈ ਵੀਰਵਾਰ ਭਾਜਪਾ ਦੇ ਸੌਰਭ ਜੋਸ਼ੀ, ਕਾਂਗਰਸ ਦੇ ਗੁਰਪ੍ਰੀਤ ਸਿੰਘ ਗਾਬੀ ਅਤੇ ‘ਆਪ’ ਦੇ ਯੋਗੇਸ਼ ਢੀਂਗਰਾ ਵਿਚਾਲੇ ਮੁਕਾਬਲਾ ਹੋਵੇਗਾ। ਇਸੇ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਦੇ ਜਸਮਨਪ੍ਰੀਤ ਸਿੰਘ, ਕਾਂਗਰਸ ਦੇ ਸਚਿਨ ਗਾਲਵ ਅਤੇ ‘ਆਪ’ ਦੇ ਮਨਿਆਰ ਖਾਨ ਮੈਦਾਨ ਵਿੱਚ ਹਨ। ਡਿਪਟੀ ਮੇਅਰ ਦੀ ਪੋਸਟ ਲਈ ਭਾਜਪਾ ਤੋਂ ਸੁਮਨਾ ਸ਼ਰਮਾ, ਕਾਂਗਰਸ ਤੋਂ ਨਿਰਮਲਾ ਦੇਵੀ ਤੇ ‘ਆਪ’ ਤੋਂ ਜਸਵਿੰਦਰ ਕੌਰ ਨੇ ਨਾਮਜ਼ਦਗੀ ਦਾਖਲ ਕੀਤੀ ਹੈ। ‘ਆਪ’ ਦੇ ਰਾਮਚੰਦਰ ਯਾਦਵ ਡਿਪਟੀ ਮੇਅਰ ਦੇ ਅਹੁਦੇ ਲਈ ਸੁਤੰਤਰ ਚੋਣ ਲੜ ਰਹੇ ਹਨ। ਦੋ ਕਾਂਗਰਸੀ ਕੌਂਸਲਰਾਂ ਨੇ ਯਾਦਵ ਦੇ ਨਾਂਅ ਦੀ ਤਜਵੀਜ਼ ਰੱਖੀ ਹੈ। ਮੇਅਰ ਦੀ ਚੋਣ ਜਿੱਤਣ ਲਈ ਕਿਸੇ ਵੀ ਪਾਰਟੀ ਨੂੰ 19 ਵੋਟਾਂ ਦੀ ਲੋੜ ਹੈ। ਦੋ ਕੌਂਸਲਰਾਂ ਦੇ ਪਿਛਲੇ ਦਿਨੀਂ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਸਦਨ ਵਿੱਚ ਭਾਜਪਾ ਕੌਂਸਲਰਾਂ ਦੀ ਗਿਣਤੀ 18 ਨੂੰ ਪਹੁੰਚ ਗਈ ਹੈ। ਮੌਜੂਦਾ ਸਮੇਂ ਕਾਂਗਰਸ ਕੋਲ 6 ਕੌਂਸਲਰ ਤੇ ਆਪ ਕੋਲ 11 ਕੌਂਸਲਰ ਹਨ। ਚੰਡੀਗੜ੍ਹ ਤੋਂ ਸੰਸਦ ਮੈਂਬਰ ਦੀ ਇੱਕ ਵੋਟ ਹੈ, ਜੋ ਕਿ ਕਾਂਗਰਸ ਦੇ ਮੁਨੀਸ਼ ਤਿਵਾੜੀ ਦੀ ਹੈ। ਇਸ ਤਰ੍ਹਾਂ ਸੱਤਾਧਾਰੀ ਪਾਰਟੀ ਅਤੇ ਕਾਂਗਰਸ ਤੇ ਆਪ ਕੋਲ ਸਾਂਝੇ ਤੌਰ ’ਤੇ 18-18 ਵੋਟ ਹਨ। ਜੇਕਰ ‘ਆਪ’ ਤੇ ਕਾਂਗਰਸ ਵੱਖ-ਵੱਖ ਚੋਣ ਲੜਨ ਉੱਤੇ ਦਿ੍ਰੜ੍ਹ ਰਹਿੰਦੇ ਹਨ ਤਾਂ ਇਹ ਭਾਜਪਾ ਲਈ ਆਸਾਨ ਜਿੱਤ ਹੋਵੇਗੀ। ਜੇ ਉਹ ਇਕੱਠੇ ਲੜਨ ਦਾ ਫੈਸਲਾ ਕਰਦੇ ਹਨ ਤਾਂ ਚੋਣ ਦਿਲਚਸਪ ਹੋ ਜਾਵੇਗੀ। ਨਗਰ ਨਿਗਮ ਐਕਟ ਅਨੁਸਾਰ ਦੋ ਉਮੀਦਵਾਰਾਂ ਨੂੰ ਬਰਾਬਰ ਵੋਟਾਂ ਮਿਲਣ ’ਤੇ ਟਾਸ ਦੁਆਰਾ ਨਤੀਜਾ ਤੈਅ ਕਰਨ ਦਾ ਪ੍ਰਬੰਧ ਹੈ। ਇਸ ਵਾਰ ਮੇਅਰ ਦੀ ਚੋਣ ਹੱਥ ਦਿਖਾ ਕੇ ਹੋਵੇਗੀ। ਪਿਛਲੀ ਵਾਰ ਇਹ ਚੋਣ ਗੁਪਤ ਵੋਟਿੰਗ ਰਾਹੀਂ ਹੋਈ ਸੀ ਤੇ ਨੇੜਲੇ ਮੁਕਾਬਲਿਆਂ ਵਿਚ ਕਰਾਸ ਵੋਟਿੰਗ ਦੀ ਅਹਿਮ ਭੂਮਿਕਾ ਸੀ।



