ਏ ਆਈ ਡੈਟਾ ਸੈਂਟਰ ਮਾਰਨਗੇ ਤਿਹਾਏ!

0
14

ਨਵੀਂ ਦਿੱਲੀ : ਅਮਰੀਕਾ ਦੇ ਜਾਰਜੀਆ ਰਾਜ ਵਿੱਚ ਨਿਊਟਨ ਕਾਉਂਟੀ ਅਤੇ ਯੂ ਪੀ ਦੇ ਗਰੇਟਰ ਨੋਇਡਾ ਵਿਚਾਲੇ ਹੋਰ ਕੁਝ ਸਾਂਝਾ ਨਹੀਂ, ਸਿਵਾਇ ਇੱਥੋਂ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ ਆਈ) ਡੈਟਾ ਸੈਂਟਰਾਂ ਵੱਲੋਂ ਖਪਾਏ ਜਾਣ ਵਾਲੇ ਪਾਣੀ ਤੋਂ। ਮੈਟਾ ਵੱਲੋਂ ਨਿਊਟਨ ਕਾਉਂਟੀ ਕੋਲ 2018 ਤੋਂ 75 ਕਰੋੜ ਡਾਲਰਾਂ ਵਾਲਾ ਡੈਟਾ ਸੈਂਟਰ ਬਣਾਉਣਾ ਸ਼ੁਰੂ ਕਰਨ ਤੋਂ ਬਾਅਦ ਇੱਕ ਲੱਖ 20 ਹਜ਼ਾਰ ਦੀ ਆਬਾਦੀ ਵਾਲੇ ਕਰੀਬੀ ਕਸਬੇ ਦੀਆਂ ਪਾਣੀ ਵਾਲੀਆਂ ਟੂਟੀਆਂ ਬੰਦ ਹੋ ਗਈਆਂ ਹਨ, ਖੂਹ ਸੁੱਕ ਰਹੇ ਹਨ ਤੇ ਧਰਤੀ ਹੇਠਲਾ ਪਾਣੀ ਗਾਰ ਦਾ ਰੂਪ ਲੈ ਗਿਆ ਹੈ। ‘ਦੀ ਨਿਊ ਯਾਰਕ ਟਾਈਮਜ਼’ ਨੇ ਪਿਛਲੇ ਸਾਲ ਜੁਲਾਈ ਵਿੱਚ ਖਬਰ ਛਾਪੀ ਸੀ ਕਿ ਏ ਆਈ ਦੇ ਦੈਤਕਾਰ ਹਾਰਡਵੇਅਰ ਨੂੰ ਠੰਢਾ ਰੱਖਣ ਲਈ ਰੋਜ਼ਾਨਾ ਅੰਦਾਜ਼ਨ ਪੰਜ ਲੱਖ ਗੈਲਨ (18,92,705.89 ਲੀਟਰ) ਪਾਣੀ ਦੀ ਲੋੜ ਪੈਂਦੀ ਹੈ, ਇਹ ਆਲੇ-ਦੁਆਲੇ ਦੇ ਲੋਕਾਂ ਵੱਲੋਂ ਵਰਤੇ ਜਾਂਦੇ ਪਾਣੀ ਦਾ ਅੰਦਾਜ਼ਨ 10 ਫੀਸਦੀ ਬਣਦਾ ਹੈ। ‘ਡਾਊਨ ਟੂ ਅਰਥ’ ਰਸਾਲੇ ਨੇ ਪਿਛਲੇ ਸਾਲ ਦੱਸਿਆ ਸੀ ਕਿ ਯੂ ਪੀ ਦੇ ਮੁੱਖ ਮੰਤਰੀ ਆਦਿਤਿਆਨਾਥ ਨੇ 2022 ਵਿੱਚ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਤੁਸਯਾਨਾ ਪਿੰਡ ਵਿੱਚ 8 ਲੱਖ 20 ਹਜ਼ਾਰ ਵਰਗ ਫੁੱਟ ਦੇ ਜਿਸ ਯੋਟਾ ਡੈਟਾ ਸੈਂਟਰ ਪਾਰਕ ਦਾ ਉਦਘਾਟਨ ਕੀਤਾ ਸੀ, ਉਸ ਨੇ ਪਿੰਡ ਦੇ ਦੋ ਹਜ਼ਾਰ ਲੋਕਾਂ ਲਈ ਪਾਣੀ ਦਾ ਸੰਕਟ ਪੈਦਾ ਕਰ ਦਿੱਤਾ ਹੈ। ਪਿੰਡ ਦੇ ਲੋਕਾਂ ਨੇ ਰਸਾਲੇ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਪਾਣੀ ਲਈ 80 ਫੁੱਟ ਤੱਕ ਬੋਰ ਕਰਨਾ ਪੈ ਰਿਹਾ ਹੈ, ਜਦਕਿ ਦੋ ਦਹਾਕੇ ਪਹਿਲਾਂ 20-30 ਫੁੱਟ ’ਤੇ ਪਾਣੀ ਨਿਕਲ ਆਉਂਦਾ ਸੀ। ਯੂ ਪੀ ਨੇ ਯੋਟਾ ਨਾਲ 39 ਹਜ਼ਾਰ ਕਰੋੜ ਰੁਪਏ ਦਾ ਕਰਾਰ ਕੀਤਾ ਹੈ, ਜਿਸ ਤਹਿਤ ਉਸਨੇ ਸੱਤ ਸਾਲਾਂ ਵਿੱਚ ਛੇ ਅਜਿਹੇ ਡੈਟਾ ਸੈਂਟਰ ਕਾਇਮ ਕਰਨੇ ਹਨ। ਭਾਰਤ ਦੀ ਡੈਟਾ ਸੈਂਟਰਾਂ ਦੀ ਭੁੱਖ ਸਿਰਫ ਯੂ ਪੀ ਤੱਕ ਹੀ ਸੀਮਤ ਨਹੀਂ, ਇਸ ਸਾਲ ਦੇ ਕੇਂਦਰੀ ਬਜਟ ਵਿੱਚ ਅਜਿਹੇ ਡੈਟਾ ਸੈਂਟਰ ਬਣਾਉਣ ਵਾਲੀਆਂ ਵਿਦੇਸ਼ੀ ਕੰਪਨੀਆਂ ਨੂੰ 2047 ਤੱਕ ਟੈਕਸ ਤੋਂ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਏ ਆਈ ਇੰਪੈਕਟ ਸਮਿਟ ਐਕਸਪੋ ਦਾ ਉਦਘਾਟਨ ਕਰਦਿਆਂ ਕਿਹਾ ਕਿ ਡੈਟਾ ਸੈਂਟਰ ਨੌਜਵਾਨਾਂ ਲਈ ਰੁਜ਼ਗਾਰ ਦੇ ਜ਼ਬਰਦਸਤ ਮੌਕੇ ਪੈਦਾ ਕਰਨਗੇ। ਉਨ੍ਹਾ ਵਿਦੇਸ਼ੀ ਕੰਪਨੀਆਂ ਨੂੰ ਭਾਰਤ ਵਿੱਚ ਡੈਟਾ ਸੈਂਟਰ ਬਣਾਉਣ ਦਾ ਸੱਦਾ ਦਿੱਤਾ। ਦੂਜੇ ਪਾਸੇ ਮਾਹਰਾਂ ਦਾ ਕਹਿਣਾ ਹੈ ਕਿ ਡੈਟਾ ਸੈਂਟਰ ਆਟੋਮੇਟਿਡ ਹੁੰਦੇ ਹਨ ਤੇ ਰਵਾਇਤੀ ਫੈਕਟਰੀਆਂ ਨਾਲੋਂ ਇੱਥੇ ਬਹੁਤ ਘੱਟ ਬੰਦਿਆਂ ਦੀ ਲੋੜ ਹੁੰਦੀ ਹੈ। ਭਾਰਤ ਵਿੱਚ 132 ਡੈਟਾ ਸੈਂਟਰ ਹਨ ਅਤੇ 17 ਸ਼ਹਿਰਾਂ ਵਿੱਚ 2029 ਤੱਕ 84 ਹੋਰ ਬਣਨੇ ਹਨ। ਇਨ੍ਹਾਂ ਵਿੱਚੋਂ ਮਹਾਰਾਸ਼ਟਰ ਦਾ ਹਿੱਸਾ ਕਰੀਬ 45 ਫੀਸਦੀ ਹੈ। ਮੁੰਬਈ ਵਿੱਚ ਸਭ ਤੋਂ ਵੱਧ ਹਨ ਅਤੇ ਉਸ ਤੋਂ ਬਾਅਦ ਕੰਪਨੀਆਂ ਬੈਂਗਲੁਰੂ, ਹੈਦਰਾਬਾਦ, ਚੇਨਈ, ਪੁਣੇ ਤੇ ਨੋਇਡਾ ਨੂੰ ਤਰਜੀਹ ਦੇ ਰਹੀਆਂ ਹਨ। ਧਰਤੀ ਹੇਠਲੇ ਪਾਣੀਆਂ ਦੇ ਮਾਹਰ ਤੇ ਆਈ ਆਈ ਟੀ ਖੜਗਪੁਰ ਦੇ ਪ੍ਰੋਫੈਸਰ ਅਭਿਜੀਤ ਮੁਖਰਜੀ ਨੇ ਕਿਹਾ ਹੈ ਕਿ ਡੈਟਾ ਸੈਂਟਰਾਂ ਦੇ ਪਸਾਰ ਨਾਲ ਦੱਖਣੀ ਸ਼ਹਿਰ ਬੁਰੀ ਤਰ੍ਹਾਂ ਪ੍ਰਭਾਵਤ ਹੋਣਗੇ, ਕਿਉਕਿ ਉੱਥੇ ਬਾਕੀ ਦੇਸ਼ ਦੇ ਮੁਕਾਬਲੇ ਧਰਤੀ ਹੇਠ ਪਾਣੀ ਘੱਟ ਹੈ। ਪਰਿਆਵਰਣ ਤੇ ਊਰਜਾ ਅਧਿਅਨ ਇੰਸਟੀਚਿਊਟ ਮੁਤਾਬਕ ਦਰਮਿਆਨੇ ਆਕਾਰ ਦਾ ਡੈਟਾ ਸੈਂਟਰ ਰੋਜ਼ਾਨਾ ਕਰੀਬ ਤਿੰਨ ਲੱਖ ਗੈਲਨ (11,35,623.5 ਲੀਟਰ) ਪਾਣੀ ਖਪਾਏਗਾ। ਪਾਣੀ ਸੰਭਾਲ ’ਤੇ ਕੰਮ ਕਰਨ ਵਾਲੇ ਰੈਮੋਨ ਮੈਗਸੇਸੇ ਐਵਾਰਡ ਜੇਤ ਰਜਿੰਦਰ ਸਿੰਘ ਦਾ ਕਹਿਣਾ ਹੈ, ‘ਮੈਂ 30 ਸਾਲਾਂ ਤੋਂ ਦੁਨੀਆ ਨੂੰ ਇਹ ਸਮਝਣ ਲਈ ਜ਼ੋਰ ਦੇ ਰਿਹਾ ਹਾਂ ਕਿ ਪਾਣੀ ਦੀ ਕਿੱਲਤ ਅਗਲੇ ਸਭ ਤੋਂ ਵੱਡੇ ਸੰਸਾਰ ਟਕਰਾਅ ਦਾ ਪੜੁੱਲ ਬਣੇਗੀ। ਏ ਆਈ ਤੇਜ਼ੀ ਨਾਲ ਉੱਧਰ ਲਿਜਾ ਰਹੀ ਹੈ। ਪਿਛਲੇ 60 ਸਾਲਾਂ ਵਿੱਚ ਅਸੀਂ ਕਾਵੇਰੀ ਨਦੀ ਝਗੜੇ ਦਾ ਹੱਲ ਨਹੀਂ ਲੱਭ ਸਕੇ। ਬੇਂਗਲੁਰੂ ਤੇ ਹੈਦਰਾਬਾਦ ਵਰਗੇ ਸ਼ਹਿਰਾਂ ਵਿੱਚ ਡੈਟਾ ਸੈਂਟਰਾਂ ਦੀ ਕਾਇਮੀ ਨਾਲ ਪਾਣੀ ਦੀ ਵੰਡ ਬਾਰੇ ਅੰਤਰਰਾਜੀ ਝਗੜਾ ਹੋਰ ਵਧੇਗਾ।’ ‘ਨਿਊ ਯਾਰਕ ਟਾਈਮਜ਼’ ਨੇ ਪਿਛਲੇ ਸਾਲ ਨਵੰਬਰ ਵਿੱਚ ਸੁਰਖੀ ਲਾਈ ਸੀ ‘ਏ ਆਈ ਦੀ ਧੰੁਮ ਅਮਰੀਕੀ ਅਰਥਾਰੇ ਨੂੰ ਮਜ਼ਬੂਤ ਕਰ ਰਹੀ ਹੈ’। ਸੁਰਖੀ ਦਾ ਦੂਜਾ ਹਿੱਸਾ ਸੀ ‘ਜੇ ਪੁੱਠੀ ਪਈ ਤਾਂ ਫਿਰ ਕੀ ਹੋਵੇਗਾ? ’