ਰਾਸ਼ਟਰਪਤੀ ਵੱਲੋਂ ਪਦਮ ਪੁਰਸਕਾਰ ਪ੍ਰਦਾਨ

0
14

ਨਵੀਂ ਦਿੱਲੀ (ਨ ਜ਼ ਸ) ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਹਰਮਨਪਿਆਰੇ ਅਦਾਕਾਰ ਧਰਮਿੰਦਰ ਨੂੰ ਸੋਮਵਾਰ ਮਰਨ ਉਪਰੰਤ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ‘ਪਦਮ ਵਿਭੂਸ਼ਣ’ ਨਾਲ ਨਿਵਾਜਿਆ। ਇਹ ਵੱਕਾਰੀ ਪੁਰਸਕਾਰ ਉਨ੍ਹਾ ਦੀ ਪਤਨੀ ਹੇਮਾ ਮਾਲਿਨੀ ਨੇ ਰਾਸ਼ਟਰਪਤੀ ਭਵਨ ਵਿੱਚ ਵਿਸ਼ੇਸ਼ ਸਮਾਰੋਹ ਦੌਰਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਰਾਸ਼ਟਰਪਤੀ ਨੇ ਪਦਮ ਸ੍ਰੀ ਨਾਲ ਸਨਮਾਨਤ ਕੀਤਾ। ਉੱਘੇ ਵਾਇਲਨ ਵਾਦਕ ਐੱਨ ਰਾਜਮ ਨੂੰ ਵੀ ‘ਪਦਮ ਵਿਭੂਸ਼ਣ’ ਨਾਲ ਸਨਮਾਨਤ ਕੀਤਾ ਗਿਆ। ਮਹਾਰਾਸ਼ਟਰ ਦੇ ਸਾਬਕਾ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਤੇ ਬੈਂਕਰ ਉਦੈ ਕੋਟਕ ਨੂੰ ‘ਪਦਮ ਭੂਸ਼ਣ’ ਸਨਮਾਨ ਭੇਟ ਕੀਤਾ ਗਿਆ। ਰਾਸ਼ਟਰਪਤੀ ਨੇ ਵਿਦਵਾਨ ਸ਼ਤਾਵਧਾਨੀ ਆਰ ਗਣੇਸ਼ ਤੇ ਪੇਟ ਦੇ ਰੋਗਾਂ ਦੇ ਮਾਹਰ ਕਾਲੀਪੱਟੀ ਰਾਮਾਸਾਮੀ ਪਲਾਨੀਸਵਾਮੀ ਨੂੰ ਪਦਮ ਭੂਸ਼ਣ ਪੁਰਸਕਾਰ ਦਿੱਤਾ। ਮਸ਼ਹੂਰ ਵਿਗਿਆਪਨ ਗੁਰੂ ਪੀਯੂਸ਼ ਪਾਂਡੇ ਅਤੇ ਸਾਬਕਾ ਸੰਸਦ ਮੈਂਬਰ ਵਿਜੇ ਕੁਮਾਰ ਮਲਹੋਤਰਾ ਨੂੰ ਮਰਨ ਉਪਰੰਤ ਪਦਮ ਭੂਸ਼ਣ ਨਾਲ ਨਿਵਾਜਿਆ। ਕੁੱਲ 131 ਪਦਮ ਪੁਰਸਕਾਰ ਦਿੱਤੇ ਗਏ, ਜਿਨ੍ਹਾਂ ਵਿੱਚ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮ ਸ੍ਰੀ ਸ਼ਾਮਲ ਹਨ। ਪੰਜਾਬ ਤੋਂ ਹਾਕੀ ਕੋਚ ਬਲਦੇਵ ਸਿੰਘ, ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਡੇਰਾ ਸੱਚਖੰਡ ਬੱਲਾਂ ਦੇ ਸੰਤ ਨਿਰੰਜਨ ਦਾਸ ਪਦਮ ਸ੍ਰੀ ਹਾਸਲ ਕਰਨ ਵਾਲਿਆਂ ਵਿੱਚ ਸ਼ਾਮਲ ਸਨ।