ਚੰਡੀਗੜ੍ਹ : ਪੰਜਾਬ ਵਿੱਚ ਇੱਕ ਅੱੈਨ ਆਰ ਆਈ ਔਰਤ ਦੀ ਬਹਾਦਰੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਲੁਧਿਆਣਾ ਦੇ ਡੇਹਲੋਂ ਦੀ ਹੈ। ਵੀਡੀਓ ਵਿੱਚ ਔਰਤ ਤਲਵਾਰ ਲੈ ਕੇ ਲੁਟੇਰਿਆਂ ਦਾ ਪਿੱਛਾ ਕਰਦੀ ਦਿਖਾਈ ਦੇ ਰਹੀ ਹੈ। ਜਾਣਕਾਰੀ ਮੁਤਾਬਕ ਉਹ ਐੱਨ ਆਰ ਆਈ ਹੈ ਅਤੇ ਆਸਟਰੇਲੀਆ ਤੋਂ ਆਈ ਹੈ। ਵੀਡੀਓ ਵਿੱਚ ਮੋਟਰਸਾਈਕਲ ’ਤੇ ਦੋ ਲੁਟੇਰੇ ਕਾਰ ਦੀ ਖਿੜਕੀ ’ਤੇ ਆਂਡੇ ਮਾਰ ਕੇ ਕਾਰ ਸਵਾਰ ਔਰਤਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਹਨ। ਕਾਰ ਚਲਾ ਰਹੀ ਐੱਨ ਆਰ ਆਈ ਔਰਤ ਨੂੰ ਉਸ ਦੇ ਨਾਲ ਬੈਠੀ ਇੱਕ ਬਜ਼ੁਰਗ ਔਰਤ ਕਾਰ ਤੋਂ ਬਾਹਰ ਨਿਕਲਣ ਤੋਂ ਰੋਕਣ ਦੀ ਕੋਸ਼ਿਸ਼ ਕਰਦੀ ਹੈ, ਪਰੰਤੂ ਔਰਤ ਆਪਣੇ ਹੱਥ ਵਿੱਚ ਤਲਵਾਰ ਲੈ ਕੇ ਬਾਹਰ ਨਿਕਲਦੀ ਹੈ ਅਤੇ ਲੁਟੇਰਿਆਂ ਦੇ ਪਿੱਛੇ ਭੱਜਣ ਲੱਗ ਪੈਂਦੀ ਹੈ। ਉਹ ਉਨ੍ਹਾਂ ਨੂੰ ਲਲਕਾਰਦੀ ਹੈ। ਇਸ ਸਾਰੀ ਘਟਨਾ ਨੂੰ ਕਾਰ ਵਿੱਚ ਬੈਠੀ ਇਕ ਹੋਰ ਔਰਤ ਨੇ ਸ਼ੂਟ ਕੀਤਾ ਹੈ। ਵਾਇਰਲ ਵੀਡੀਓ ’ਤੇ ਟੈਕਸਟ ਵੀ ਲਿਖਿਆ ਗਿਆ ਹੈ। ਇਸ ਵਿੱਚ ਲਿਖਿਆ ਹੈ, ‘ਇਹ ਘਟਨਾ ਕੁਝ ਮਿੰਟ ਪਹਿਲਾਂ ਵਾਪਰੀ ਸੀ। ਔਰਤ ਮੇਰੀ ਇੱਕ ਦੋਸਤ ਹੈ, ਜੋ ਆਸਟਰੇਲੀਆ ਤੋਂ ਆਈ ਹੈ। ਉਹ ਬਹੁਤ ਬ੍ਰੇਵ ਹੈ।’ਇਸ ਬਾਰੇ ਐੱਨ ਆਰ ਆਈ ਹਰਜਿੰਦ ਕੌਰ ਨੇ ਕਿਹਾ ਕਿ ਉਹ ਆਸਟਰੇਲੀਆ ਤੋਂ 10-12 ਦਿਨ ਪਹਿਲਾਂ ਲੁਧਿਆਣਾ ਆਈ ਸੀ। ਉਸ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਉਹ ਆਪਣੀ ਸੱਸ ਅਤੇ ਚਾਚੀ ਨਾਲ ਆਪਣੇ ਨਾਨਕੇ ਜਾ ਰਹੀ ਸੀ। ਉਹ ਡੇਹਲੋਂ ਨੇੜੇ ਨਹਿਰ ਵਾਲੀ ਸੜਕ ’ਤੇ ਜਾ ਰਹੇ ਸਨ, ਜਦੋਂ ਪਿੱਛੇ ਬਾਈਕ ’ਤੇ ਆਏ ਲੁਟਰਿਆਂ ਨੂੰ ਸਾਨੂੰ ਲੁੱੱਟਣ ਦੀ ਕੋਸ਼ਿਸ਼ ਕੀਤੀ।





