ਲੌਂਗੋਵਾਲ, (ਪ੍ਰਦੀਪ ਸੱਪਲ/ਕੁਲਦੀਪ ਅੱਤਰੀ) : ਲੌਂਗੋਵਾਲ ਅੰਦਰ ਪਿਛਲੇ ਸਮੇਂ ਤੋਂ ਭੋਲੇ-ਭਾਲੇ ਨੌਜਵਾਨਾਂ ਨੂੰ ਹਨੀ ਟਰੈਪ ਵਿੱਚ ਫਸਾ ਕੇ ਬਲੈਕਮੇਲ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਪੰਜਾਬ ਪੁਲਸ ਨੇ ਥਾਣਾ ਲੌਂਗੋਵਾਲ ਵਿਖੇ 1 ਔਰਤ ਸਮੇਤ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ। ਇਸ 5 ਮੈਂਬਰਾਂ ਦੇ ਗਰੋਹ ਦੇ 3 ਮੈਂਬਰਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ, ਜਦੋਂਕਿ 2 ਮੈਂਬਰ ਅਜੇ ਫਰਾਰ ਹਨ। ਖੇਤਰ ਅੰਦਰ ਦਿਨੋਂ-ਦਿਨ ਵਧ ਰਹੇ ਅਜਿਹੇ ਗਰੋਹਾਂ ਵਿੱਚੋਂ ਇਸ ਗਰੋਹ ਦੇ ਫੜੇ ਜਾਣ ਨਾਲ ਇਲਾਕੇ ਦੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ।
ਬਲੈਕ ਮੇਲਿੰਗ ਵਾਲੇ ਗਰੋਹਾਂ ਵੱਲੋਂ ਪਿਛਲੇ ਸਮੇਂ ਤੋਂ ਕਈ ਚੰਗੇ ਘਰਾਂ ਨਾਲ ਸਬੰਧਤ ਕਈ ਨੌਜਵਾਨਾਂ ਨੂੰ ਹਨੀ ਟਰੈਪ ਵਿੱਚ ਫਸਾ ਕੇ ਤੇ ਵਪਾਰੀਆਂ ਨੂੰ ਮੋਬਾਇਲ ਫੋਨਾਂ ਰਾਹੀਂ ਡਰਾ-ਧਮਕਾ ਕੇ ਫਿਰੌਤੀਆਂ ਮੰਗਣ ਦੇ ਕਈ ਮਾਮਲੇ ਸਾਹਮਣੇ ਆਏ ਸਨ, ਪ੍ਰੰਤੂ ਆਪਣੀ ਬਦਨਾਮੀ ਦੇ ਡਰੋਂ ਉਨ੍ਹਾਂ ਵੱਲੋਂ ਕਿਸੇ ਨੇ ਵੀ ਕਾਨੂੰਨੀ ਸਹਾਇਤਾ ਨਹੀਂ ਲਈ। ਇਸ ਦੇ ਚਲਦਿਆਂ ਜ਼ਿਲ੍ਹਾ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਵੱਲੋਂ ਇਨ੍ਹਾਂ ਗਰੋਹਾਂ ਖਿਲਾਫ ਗੰਭੀਰਤਾ ਵਿਖਾਉਂਦਿਆਂ ਕੀਤੀਆਂ ਸਖਤ ਹਦਾਇਤਾਂ ਨੂੰ ਮੁੱਖ ਰੱਖਦਿਆਂ ਇਥੋਂ ਦੀ ਪੁਲਸ ਵੱਲੋਂ ਪਿਛਲੇ ਕੁੱਝ ਦਿਨਾਂ ਤੋਂ ਕੀਤੀ ਗਈ ਸਖਤੀ ਨੂੰ ਵੇਖਦਿਆਂ ਇਥਂੋ ਦੇ ਇੱਕ ਪਰਿਵਾਰ ਨੇ ਪਹਿਲਕਦਮੀ ਵਿਖਾਉਦਿਆਂ ਆਪਣੇ ਪੁੱਤਰ ਨਾਲ ਵਾਪਰੀ ਘਟਨਾ ਨੂੰ ਪੁਲਸ ਅੱਗੇ ਸਾਂਝੀ ਕੀਤੇ ਜਾਣ ’ਤੇ ਇਹ ਮਾਮਲਾ ਸਾਹਮਣੇ ਆਇਆ।
ਕਸਬਾ ਲੌਂਗੋਵਾਲ ਨਿਵਾਸੀ ਕਰਨ ਕੁਮਾਰ ਪੁੱਤਰ ਜੋਗਿੰਦਰ ਪਾਲ ਨੇ ਲੌਂਗੋਵਾਲ ਵਿਖੇ ਆਏ ਨਵੇਂ ਥਾਣਾ ਮੁਖੀ ਬਲਵੰਤ ਸਿੰਘ ਕੋਲ ਦਰਜ ਕਰਵਾਏ ਗਏ ਬਿਆਨਾਂ ਤਹਿਤ ਦੱਸਿਆ ਕਿ ਭਾਂਵੇਂ ਉਹ ਮੌਜੂਦਾ ਸਮੇਂ ਵਿੱਚ ਪੜ੍ਹਾਈ ਕਰ ਰਿਹਾ ਹੈ, ਪਰ ਕਦੇ-ਕਦੇ ਉਹ ਅਪਣੀ ਪਿਤਾ ਪੁਰਖੀ ਦੁਕਾਨ ’ਤੇ ਵੀ ਕੰਮ ਕਰਦਾ ਹੈ। ਕਰਨ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀ ਉਸ ਦੇ ਮੋਬਾਇਲ ਫੋਨ ’ਤੇ ਕਿਸੇ ਲੜਕੀ ਦੇ ਫੋਨ ਆਉਣ ਲੱਗ ਪਏ ਸਨ। ਇਸ ਦੌਰਾਨ ਉਕਤ ਲੜਕੀ ਨੇ ਮੈਨੂੰ ਅਪਣੀਆਂ ਗੱਲਾਂ ਵਿੱਚ ਫਸਾ ਕੇ ਮੈਨੂੰ ਕਿਹਾ ਕਿ ਸਾਡਾ ਚੰਡੀਗੜ੍ਹ ਦੇ ਸੈਕਟਰ 88 ਵਿੱਚ ਇੱਕ ਫਲੈਟ ਹੈ, ਜੋ ਹਰ ਸਮੇਂ ਖਾਲੀ ਰਹਿੰਦਾ ਹੁੰਦਾ ਹੈ। ਮੈਂ ਉਸ ਦੀਆਂ ਗੱਲਾਂ ਵਿੱਚ ਆ ਕੇ ਚੰਡੀਗੜ੍ਹ ਚਲਾ ਗਿਆ, ਜਿੱਥੇ ਇਨ੍ਹਾਂ ਗੈਂਗਸਟਰਾਂ ਨੇ ਮੇਰੀ ਇਤਰਾਜ਼ਯੋਗ ਹਾਲਤ ਵਿੱਚ ਵੀਡੀਓ ਬਣਾ ਲਈ। ਦੇਖਦੇ ਹੀ ਦੇਖਦੇ ਉਸ ਫਲੈਟ ਵਿੱਚ ਲੁਕ ਕੇ ਬੈਠੇ ਹੋਏ ਸਾਰੇ ਗੈਂਗਸਟਰ ਬਾਹਰ ਆ ਗਏ ਤੇ ਮੇਰੇ ਪਾਸੋਂ 20 ਲੱਖ ਰੁਪਏ ਦੀ ਮੰਗ ਕਰਨ ਲੱਗ ਪਏ ਅਤੇ ਮੈਨੂੰ ਡਰਾਉਂਦੇ-ਧਮਕਾਉਂਦੇ ਰਹੇ। ਬਿਆਨਕਰਤਾ ਨੇ ਅੱਗੇ ਦੱਸਿਆ ਕਿ ਇਸ ਘਟਨਾ ਬਾਰੇ ਮੈਂ ਅਪਣੇ ਮਾਤਾ-ਪਿਤਾ ਨੂੰ ਦੱਸਿਆ ਤੇ ਮੇਰੇ ਪਿਤਾ ਤੇ ਕਸਬੇ ਦੇ ਦੋ ਮੋਹਤਬਰਾਂ ਨੂੰ ਨਾਲ ਲੈ ਕੇ ਥਾਣਾ ਲੌਂਗੋਵਾਲ ਵਿੱਚ ਆਪਣੇ ਨਾਲ ਬੀਤੀ ਘਟਨਾ ਤੇ ਮੈਨੂੰ ਧਮਕੀਆਂ ਦੇ ਕੇ ਫਿਰੋਤੀ ਮੰਗਣ ਵਾਲਿਆਂ ਖਿਲਾਫ ਅਪਣੀ ਰਿਪੋਰਟ ਦਰਜ ਕਰਵਾਈ ਹੈ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸ.ਪੀ.ਡੀ. ਪਲਵਿੰਦਰ ਸਿੰਘ ਚੀਮਾ, ਡੀ.ਐੱਸ.ਪੀ. ਸੁਨਾਮ ਭਰਪੂਰ ਸਿੰਘ, ਡੀ.ਐੱਸ.ਪੀ. (ਡੀ) ਕਰਨ ਸਿੰਘ ਸੰਧੂ ਤੇ ਥਾਣਾ ਮੁਖੀ ਬਲਵੰਤ ਸਿੰਘ ਨੇ ਫੜੇ ਗਏ ਦੋਸ਼ੀਆਂ ਦੀ ਹਾਜ਼ਰੀ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀੜਤ ਵਿਅਕਤੀ ਦੇ ਬਿਆਨਾਂ ਦੇ ਆਧਾਰ ’ਤੇ ਦੀਪਕ ਸਿੰਘ ਉਰਫ ਲੇਖੀ ਪੁੱਤਰ ਜਗਜੀਤ ਸਿੰਘ, ਗੁਰਵਿੰਦਰ ਸਿੰਘ ਉਰਫ ਗੱਗੂ ਪੁੱਤਰ ਰਾਜਾ ਸਿੰਘ, ਬਲਜੀਤ ਸਿੰਘ ਉਰਫ ਪਾਵਾ ਪੁੱਤਰ ਨਾਜਮ ਸਿੰਘ ਤੋਂ ਇਲਾਵਾ ਸੁਮਨ ਕੌਰ ਪਤਨੀ ਵਿੱਕੀ (ਸਾਰੇ ਵਾਸੀ ਪੱਤੀ ਰੰਧਾਵਾ ਲੌਂਗੋਵਾਲ) ਤੋਂ ਇਲਾਵਾ ਹਰਮਨ ਉਰਫ ਐਕਸ ਦਿਉਲ ਵਾਸੀ ਪਿੰਡ ਬੇਨੜਾ ਦੇ ਖਿਲਾਫ ਧਾਰਾ 384, 506 ਤੇ 149 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਬਲਿਕ ਪੁਲਸ ਨੂੰ ਸਹਿਯੋਗ ਦੇਵੇ ਤਾਂ ਬਹੁਤ ਹੀ ਥੋੜੇ੍ਹ ਸਮੇਂ ਅਜਿਹੇ ਅਨਸਰਾਂ ਦਾ ਪੂਰੀ ਤਰ੍ਹਾਂ ਨਾਲ ਸਫਾਇਆ ਹੋ ਸਕਦਾ ਹੈ ਤੇ ਮਾੜੇ ਅਨਸਰਾਂ ਨਾਲ ਕਿਸੇ ਵੀ ਕਿਸਮ ਦੀ ਨਰਮੀ ਨਹੀਂ ਵਰਤੀ ਜਾਵੇਗੀ।