11.2 C
Jalandhar
Wednesday, December 7, 2022
spot_img

ਪਾਸਲਾ ਵੱਲੋਂ ਕਾਰਪੋਰੇਟ ਪੱਖੀ ਫਿਰਕੂ ਫਾਸ਼ਿਸਟ ਸੱਤਾ ਦੇ ਖੂਨੀ ਪੰਜਿਆਂ ਤੋਂ ਮੁਕਤੀ ਲਈ ਸਾਂਝੇ ਸੰਘਰਸ਼ ਦਾ ਸੱਦਾ

ਜਖੇਪਲ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਦੀ ਪੰਜਾਬ ਰਾਜ ਕਮੇਟੀ ਦੀ ਤਿੰਨ ਰੋਜ਼ਾ ਜਥੇਬੰਦਕ ਕਾਨਫਰੰਸ ਐਤਵਾਰ ‘ਸ਼ਹੀਦ ਊਧਮ ਸਿੰਘ ਨਗਰ’, ‘ਗਦਰੀ ਬੀਬੀ ਗੁਲਾਬ ਕੌਰ ਹਾਲ’, ‘ਕਾਮਰੇਡ ਸਤਵੰਤ ਸਿੰਘ ਮੰਚ’ ਸੰਜੋਗ ਪੈਲੇਸ, ਜਖੇਪਲ ਵਿਖੇ ਸੂਬਾ ਸਕੱਤਰੇਤ ਦੇ ਮੈਂਬਰ ਭੀਮ ਸਿੰਘ ਆਲਮਪੁਰ ਵੱਲੋਂ ਜੋਸ਼ ਭਰਪੂਰ ਨਾਹਰਿਆਂ ਦੀ ਗੂੰਜ ਦਰਮਿਆਨ ਕਿਰਤੀ ਦੀ ਬੰਦ-ਖਲਾਸੀ ਦੇ ਸੰਗਰਾਮਾਂ ਲਈ ਜਿੰਦ-ਜਾਨ ਕੁਰਬਾਨ ਕਰਨ ਦੀ ਪ੍ਰੇਰਣਾ ਦਿੰਦਾ ਸੂਹਾ ਝੰਡਾ ਲਹਿਰਾਏ ਜਾਣ ਨਾਲ ਆਰੰਭ ਹੋਈ।
ਸਮੁੱਚੇ ਕੰਪਲੈਕਸ ਦੀ ਲਾਲ ਫਰੇਰਿਆਂ ਅਤੇ ਇਨਕਲਾਬੀ ਪ੍ਰਤੀਕਾਂ ਤੇ ਟੂਕਾਂ ਨਾਲ ਦਿਲ-ਖਿੱਚਵੀਂ ਸਜਾਵਟ ਕੀਤੀ ਹੋਈ ਸੀ। ਕਾਨਫਰੰਸ ਦਾ ਉਦਘਾਟਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਭਾਰਤ ਨੂੰ ਧਰਮ ਅਧਾਰਤ ਕੱਟੜ ਹਿੰਦੂ ਰਾਸ਼ਟਰ ਬਣਾਉਣ ਦੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ ਐੱਸ ਐੱਸ) ਦੇ ਫਿਰਕੂ-ਫਾਸ਼ੀ, ਵੱਖਵਾਦੀ ਏਜੰਡੇ ਨੂੰ ਭਾਂਜ ਦੇਣਾ ਦੇਸ਼ ਦੀਆਂ ਖੱਬੀਆਂ ਅਤੇ ਪ੍ਰਗਤੀਸ਼ੀਲ ਧਿਰਾਂ ਦਾ ਪ੍ਰਾਥਮਿਕ ਏਜੰਡਾ ਹੋਣਾ ਚਾਹੀਦਾ ਹੈ।
ਸਾਥੀ ਪਾਸਲਾ ਨੇ ਕਿਹਾ ਕਿ ਦੇਸ਼ ਦੇ ਮਿਹਨਤਕਸ਼ਾਂ ਦੀ ਰੱਤ ਨਿਚੋੜ ਰਹੀਆਂ ਮੋਦੀ ਸਰਕਾਰ ਦੀਆਂ ਸਾਮਰਾਜੀ ਤੇ ਕਾਰਪੋਰੇਟ ਲੋਟੂਆਂ ਪੱਖੀ ਨਵ-ਉਦਾਰਵਾਦੀ ਨੀਤੀਆਂ ਨੂੰ ਰੱਦ ਕਰਾਉਣ ਲਈ ਦੇਸ਼-ਵਿਆਪੀ ਸਾਂਝੇ ਸੰਘਰਸ਼ ਵਿੱਢਣੇ ਕਿਰਤੀ ਵਸੋਂ ਲਈ ਅੱਜ ਜ਼ਿੰਦਗੀ-ਮੌਤ ਦਾ ਸਵਾਲ ਬਣ ਚੁੱਕਾ ਹੈ। ਉਨ੍ਹਾ ਜ਼ੋਰ ਦੇ ਕੇ ਕਿਹਾ ਕਿ ਉਕਤ ਸੰਘਰਸ਼ ਹੀ 2024 ਦੀਆਂ ਆਮ ਚੋਣਾਂ ’ਚ ਕਾਰਪੋਰੇਟ ਪੱਖੀ, ਫਿਰਕੂ-ਫਾਸ਼ਿਸਟ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਮੁੱਢ ਬੰਨ੍ਹ ਸਕਦੇ ਹਨ।
ਉਨ੍ਹਾ ਕਿਹਾ ਕਿ ਮਨੂੰ ਸਿਮਰਤੀ ਦੇ ਚੌਖਟੇ ਵਾਲੇ ਤਾਨਾਸ਼ਾਹ ਰਾਜ ਪ੍ਰਬੰਧ ਦੀ ਕਾਇਮੀ ਲਈ ਸੰਘ ਪਰਵਾਰ ਦੇ ਖਰੂਦੀ ਟੋਲਿਆਂ ਵੱਲੋਂ ਘੱਟ ਗਿਣਤੀਆਂ, ਦਲਿਤਾਂ, ਇਸਤਰੀਆਂ, ਆਦਿਵਾਸੀਆਂ ’ਤੇ ਕੀਤੇ ਜਾ ਰਹੇ ਜਾਨਲੇਵਾ ਹਮਲਿਆਂ ਦਾ ਹਰ ਪੱਧਰ ’ਤੇ ਬੱਝਵੀਂ ਲੋਕ-ਲਾਮਬੰਦੀ ਕਰਦਿਆਂ ਡਟਵਾਂ ਮੁਕਾਬਲਾ ਕੀਤਾ ਜਾਣਾ ਚਾਹੀਦਾ ਹੈ।
ਪੰਜਾਬ ਰਾਜ ਕਮੇਟੀ ਦੇ ਕਾਰਜਕਾਰੀ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਬਦਲਾਅ ਦੇ ਭੁਲੇਖਾ-ਪਾਊ ਨਾਹਰਿਆਂ ਰਾਹੀਂ ਸੂਬਾਈ ਸੱਤਾ ’ਤੇ ਕਾਬਜ਼ ਹੋਣ ’ਚ ਸਫਲ ਰਹੀ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਸ਼ਾਸਨਿਕ ਪਹੁੰਚ ਦਾ ਪਿਛਲੀਆਂ ਸਰਕਾਰਾਂ ਨਾਲੋਂ ਉੱਕਾ ਹੀ ਫਰਕ ਨਹੀਂ। ਇਸੇ ਕਰਕੇ ਪੰਜਾਬ ਵਾਸੀਆਂ ’ਚ ਬੇਚੈਨੀ ਤਿੱਖੀ ਹੁੰਦੀ ਜਾ ਰਹੀ ਹੈ ਅਤੇ ਇਸ ਬੇਚੈਨੀ ਨੂੰ ਜਮਹੂਰੀ ਲੀਹਾਂ ’ਤੇ ਲਾਮਬੰਦ ਕਰਕੇ ਸਾਨੂੰ ਹਕੀਕੀ, ਲੋਕ-ਪੱਖੀ ਬਦਲ ਉਸਾਰਨ ਵੱਲ ਵਧਣਾ ਚਾਹੀਦਾ ਹੈ।
ਸੂਬਾਈ ਪ੍ਰਧਾਨ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਆਰ ਐੱਮ ਪੀ ਆਈ ਮਾਰਕਸੀ-ਲੈਨਿਨੀ ਫਲਸਫੇ ਦੀ ਰੋਸ਼ਨੀ ’ਚ ਅਤੀਤ ਦੇ ਜੁਝਾਰੂ ਵਿਰਸੇ ਅਤੇ ਲੋਕ ਲਹਿਰਾਂ ਤੋਂ ਪ੍ਰੇਰਣਾ ਲੈਂਦੀ ਹੋਈ ਸਮਾਜਕ ਤਬਦੀਲੀ ਦੇ ਸੰਗਰਾਮ ਨੂੰ ਅਗਾਂਹ ਤੋਰਨ ਲਈ ਵਚਨਬੱਧ ਹੈ।
ਗੁਰਨਾਮ ਸਿੰਘ ਦਾਊਦ, ਸੁਰਿੰਦਰ ਪਾਲ ਕੌਰ, ਜੈਪਾਲ ਅਤੇ ਮੋਹਨ ਸਿੰਘ ਧਮਾਣਾ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਸਨ। ਉਦਘਾਟਨੀ ਸੈਸ਼ਨ ਵਿੱਚ ਕੁਲਵੰਤ ਸਿੰਘ ਸੰਧੂ, ਮਹੀਪਾਲ, ਸਤਨਾਮ ਸਿੰਘ ਅਜਨਾਲਾ, ਵੇਦ, ਪ੍ਰੋ. ਜੈਪਾਲ ਸਿੰਘ ਤੇ ਨੱਥਾ ਸਿੰਘ ਨੇ ਵੀ ਵਿਚਾਰ ਰੱਖੇ।
ਕਾਨਫਰੰਸ ਦੀ ਸ਼ੁਰੂਆਤ ਵਿਛੜੇ ਅਤੇ ਸ਼ਹੀਦ ਸਾਥੀਆਂ, ਕਿਸਾਨ ਮੋਰਚੇ ਦੇ ਸ਼ਹੀਦਾਂ, ਨਿਹੱਕੀਆਂ ਜੰਗਾਂ ਦੀ ਭੇਟ ਚੜ੍ਹੇ ਨਿਰਦੋਸ਼ ਨਾਗਰਿਕਾਂ ਅਤੇ ਕੁਦਰਤੀ ਆਫਤਾਂ ’ਚ ਮਾਰੇ ਗਏ ਸੰਸਾਰ ਭਰ ਦੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ।

Related Articles

LEAVE A REPLY

Please enter your comment!
Please enter your name here

Latest Articles