ਖਹਿਰਾ ਮੁਆਫ਼ੀ ਨਹੀਂ ਮੰਗਦੇ ਤਾਂ ਸਪੀਕਰ ਬਰਖਾਸਤ ਕਰਨ : ਚੀਮਾ

0
2

ਚੰਡੀਗੜ੍ਹ (ਗੁਰਜੀਤ ਬਿੱਲਾ, �ਿਸ਼ਨ ਗਰਗ)
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਬੁੱਧਵਾਰ ਸੁਖਪਾਲ ਸਿੰਘ ਖਹਿਰਾ ਦੀ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਵਿਵਾਦ ਹੋਰ ਗੰਭੀਰ ਹੋ ਗਿਆ। 20 ਮਿੰਟ ਦੀ ਮੁਲਤਵੀ ਤੋਂ ਬਾਅਦ ਜਦੋਂ ਸਦਨ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਈ, ਤਾਂ ਖਹਿਰਾ ਵੱਲੋਂ ਮੁਆਫੀ ਨਾ ਮੰਗਣ ਕਾਰਨ ਮਾਹੌਲ ਮੁੜ ਗਰਮਾ ਗਿਆ। ਇਸ ਮੁੱਦੇ ’ਤੇ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਵਿਧਾਇਕ ਇੱਕ-ਦੂਜੇ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਸਪੀਕਰ ਦੀ ਕੁਰਸੀ ਦੇ ਬਿਲਕੁਲ ਸਾਹਮਣੇ ਆ ਗਏ, ਜਿਸ ਕਾਰਨ ਸਦਨ ਵਿੱਚ ਭਾਰੀ ਅਫਰਾ-ਤਫਰੀ ਮਚ ਗਈ।
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਪਾਸੋਂ ਮੰਗ ਕੀਤੀ ਕਿ ਲੋਕਤੰਤਰੀ ਮਰਿਆਦਾ ਅਨੁਸਾਰ ਖਹਿਰਾ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇ। ਸਪੀਕਰ ਨੇ ਇਸ ਮੰਗ ਨੂੰ ਸਿਰੇ ਤੋਂ ਖਾਰਜ ਕਰਦਿਆਂ ਸਪੱਸ਼ਟ ਕੀਤਾ ਕਿ ਜਿੰਨੀ ਦੇਰ ਖਹਿਰਾ ਔਰਤਾਂ ਵਿਰੁੱਧ ਕੀਤੀ ਗਈ ਟਿੱਪਣੀ ਲਈ ਸਦਨ ਵਿੱਚ ਬਿਨਾਂ ਸ਼ਰਤ ਮੁਆਫੀ ਨਹੀਂ ਮੰਗਦੇ, ਉਨ੍ਹਾ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਕਾਂਗਰਸੀ ਵਿਧਾਇਕ ਸਦਨ ਵਿੱਚੋਂ ਵਾਕਆਊਟ ਕਰ ਗਏ।
ਸਦਨ ਵਿੱਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਖਹਿਰਾ ਵੱਲੋਂ ਸੋਸ਼ਲ ਮੀਡੀਆ ’ਤੇ ਔਰਤਾਂ ਵਿਰੁੱਧ ਕੀਤੀ ਗਈ ਕਥਿਤ ਟਿੱਪਣੀ ਦਾ ਮੁੱਦਾ ਚੁੱਕਿਆ। ਪ੍ਰਸ਼ਨ ਕਾਲ ਖਤਮ ਹੁੰਦਿਆਂ ਹੀ ਚੀਮਾ ਨੇ ਇਸ ਟਿੱਪਣੀ ਨੂੰ ਅੱਤ ਮੰਦਭਾਗੀ ਅਤੇ ਔਰਤ ਵਿਰੋਧੀ ਕਰਾਰ ਦਿੰਦਿਆਂ ਸਪੀਕਰ ਪਾਸੋਂ ਮੰਗ ਕੀਤੀ ਕਿ ਖਹਿਰਾ ਨੂੰ ਤੁਰੰਤ ਵਿਧਾਨ ਸਭਾ ਤੋਂ ਬਰਖਾਸਤ ਕੀਤਾ ਜਾਵੇ। ਮਾਹੌਲ ਉਸ ਸਮੇਂ ਹੋਰ ਤਣਾਅਪੂਰਨ ਹੋ ਗਿਆ, ਜਦੋਂ ਆਮ ਆਦਮੀ ਪਾਰਟੀ ਦੀਆਂ ਮਹਿਲਾ ਵਿਧਾਇਕਾਂ ਨੇ ਖਹਿਰਾ ਅਤੇ ਕਾਂਗਰਸ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਵਾਬ ਵਿੱਚ ਕਾਂਗਰਸੀ ਵਿਧਾਇਕਾਂ ਨੇ ਵੀ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ‘ਨਿੰਦਾ ਪ੍ਰਸਤਾਵ’ ਲਿਆਉਣ ਦੀ ਮੰਗ ਕੀਤੀ, ਜਿਸ ਨੂੰ ਸਪੀਕਰ ਨੇ ਖਾਰਜ ਕਰ ਦਿੱਤਾ। ਦੋਵਾਂ ਧਿਰਾਂ ਵਿਚਾਲੇ ਵਧਦੇ ਟਕਰਾਅ ਅਤੇ ਲਗਾਤਾਰ ਹੋ ਰਹੀ ਨਾਅਰੇਬਾਜ਼ੀ ਨੂੰ ਦੇਖਦਿਆਂ ਸਪੀਕਰ ਨੇ ਸਦਨ ਦੀ ਕਾਰਵਾਈ 20 ਮਿੰਟ ਲਈ ਮੁਲਤਵੀ ਕਰ ਦਿੱਤੀ।
ਸਦਨ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਨ ਸਮੇਂ ਵਿੱਤ ਮੰਤਰੀ ਨੇ ਕਾਂਗਰਸੀ ਵਿਧਾਇਕ ਦੁਆਰਾ ਮਜ਼ਦੂਰ ਭਾਈਚਾਰੇ ਅਤੇ ਮਹਿਲਾਵਾਂ ਪ੍ਰਤੀ ਵਰਤੀ ਗਈ ਭੱਦੀ ਸ਼ਬਦਾਵਲੀ ਦੇ ਸੰਬੰਧ ਵਿੱਚ ਸਮੁੱਚੀ ਕਾਂਗਰਸ ਪਾਰਟੀ ਨੂੰ ਵੀ ਆਪਣੇ ਮੈਂਬਰ ਦੇ ਇਸ ਘਟੀਆ ਰਵੱਈਏ ਲਈ ਅਧਿਕਾਰਤ ਤੌਰ ‘ਤੇ ਮੁਆਫ਼ੀ ਮੰਗਣ ਲਈ ਕਿਹਾ। ਉਨ੍ਹਾ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਆਪਣੇ ਮੈਂਬਰ ਦੇ ਇਸ ਸ਼ਰਮਨਾਕ ਵਿਹਾਰ ਦੀ ਜ਼ਿੰਮੇਵਾਰੀ ਲਵੇ।ਉਨ੍ਹਾ ਕਿਹਾ, ‘ਮੈਂ ਸਦਨ ਦੇ ਸਪੀਕਰ ਨੂੰ ਇਸ ਸੰਬੰਧੀ ਸਖ਼ਤ ਅਨੁਸ਼ਾਸਨੀ ਕਾਰਵਾਈ ਦੀ ਅਪੀਲ ਕਰਦਾ ਹਾਂ ਅਤੇ ਜੇਕਰ ਸੁਖਪਾਲ ਸਿੰਘ ਖਹਿਰਾ ਆਪਣੀ ਅਤਿ-ਨਿੰਦਣਯੋਗ ਅਤੇ ਗੈਰ-ਸੰਸਦੀ ਬੋਲਬਾਣੀ ਲਈ ਬਿਨਾਂ ਸ਼ਰਤ ਜਨਤਕ ਤੌਰ ’ਤੇ ਮੁਆਫ਼ੀ ਨਹੀਂ ਮੰਗਦੇ ਤਾਂ ਵਿਧਾਨ ਸਭਾ ਵਿੱਚ ਉਨ੍ਹਾ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਵੇ।’
ਆਪਣੇ ਪਿਛੋਕੜ ’ਤੇ ਨਿੱਜੀ ਹਮਲੇ ਸੰਬੰਧੀ ਰੋਸ ਪ੍ਰਗਟ ਕਰਦਿਆਂ ਚੀਮਾ ਨੇ ਸਦਨ ਨੂੰ ਕਿਰਤ ਦੀ ਸ਼ਾਨ ਅਤੇ ਮਜ਼ਦੂਰ ਵਰਗ ਦੀ ਮਾਣਮੱਤੀ ਵਿਰਾਸਤ ਬਾਰੇ ਚੇਤੇ ਕਰਾਇਆ। ਉਨ੍ਹਾ ਕਿਹਾ, ‘‘ਮੈਂ ਇਸ ਸਦਨ ਦੇ ਮੈਂਬਰਾਂ, ਖਾਸ ਕਰਕੇ ਕਾਂਗਰਸ ਪਾਰਟੀ ਦੇ ਮੈਂਬਰਾਂ ਨੂੰ ਆਪਣੇ ਪਿਛੋਕੜ ’ਚ ਝਾਤੀ ਮਾਰਨ ਦੀ ਅਪੀਲ ਕਰਦਾ ਹਾਂ। ਬਹੁਤ ਸਾਰੇ ਚੁਣੇ ਹੋਏ ਨੁਮਾਇੰਦੇ ਮਜ਼ਦੂਰ ਅਤੇ ਕਿਰਤੀ ਪਰਵਾਰਾਂ ਨਾਲ ਸੰਬੰਧਤ ਹੋਣ ਦਾ ਮਾਣ ਰੱਖਦੇ ਹਨ। ਕੀ ਉਨ੍ਹਾਂ ਵਿੱਚੋਂ ਕੋਈ ਵੀ ‘ਬੰਧੂਆ ਮਜ਼ਦੂਰ’ ਵਜੋਂ ਸੰਬੋਧਿਤ ਕੀਤੇ ਜਾਣ ਨੂੰ ਸਵੀਕਾਰ ਕਰੇਗਾ? ਉਨ੍ਹਾ ਕਿਹਾ ਕਿ ਅਜਿਹੀ ਭੱਦੀ ਸ਼ਬਦਾਵਲੀ ਨਾ ਸਿਰਫ਼ ਇੱਕ ਵਿਅਕਤੀ, ਸਗੋਂ ਪੰਜਾਬ ਦੇ ਮਿਹਨਤੀ ਲੋਕਾਂ ਦੇ ਮਾਣ-ਸਨਮਾਨ ਨੂੰ ਡੂੰਘੀ ਸੱਟ ਮਾਰਦੀ ਹੈ।’’
ਉਨ੍ਹਾ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਨ੍ਹਾ ’ਤੇ ਵਿਸ਼ਵਾਸ ਜਤਾਉਣ ਲਈ ਧੰਨਵਾਦ ਕੀਤਾ।ਉਨ੍ਹਾ ਕਿਹਾ, ਮੈਂ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੇਰੇ ਵਿੱਚ ਵਿਸ਼ਵਾਸ ਜਤਾਉਣ ਅਤੇ ਮੈਨੂੰ ਪੰਜਾਬ ਦੇ ਵਿੱਤ ਮੰਤਰੀ ਵਜੋਂ ਸੇਵਾ ਦਾ ਮੌਕਾ ਦੇਣ ਲਈ ਤਹਿ ਦਿਲੋਂ ਧੰਨਵਾਦੀ ਹਾਂ।ਮੈਨੂੰ ਬਹੁਤ ਮਾਣ ਹੈ ਕਿ ਮੈਂ ਪੰਜਾਬ ਦੀਆਂ ਮਾਵਾਂ, ਧੀਆਂ, ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਅਤੇ ਉਦਯੋਗਪਤੀਆਂ ਦੀ ਭਲਾਈ ਅਤੇ ਖੁਸ਼ਹਾਲੀ ਨੂੰ ਸਮਰਪਤ ਸੂਬੇ ਦੇ ਪੰਜ ਵਿਆਪਕ ਬਜਟ ਪੇਸ਼ ਕੀਤੇ ਹਨ।
ਚੀਮਾ ਨੇ ਖਹਿਰਾ ਨੂੰ ਆਪਣੀ ਯੋਗਤਾ ਸਰਟੀਫਿਕੇਟਾਂ ਦੀ ਜਾਂਚ ਕਰਵਾਉਣ ਦੀ ਚੁਣੌਤੀ ਵੀ ਦਿੱਤੀ। ਉਨ੍ਹਾ ਕਿਹਾ ਕਿ ਅਜਿਹੀਆਂ ਅਪਮਾਨਜਨਕ ਟਿੱਪਣੀਆਂ ਕਰਨ ਦੀ ਬਜਾਏ ਖਹਿਰਾ ਨੂੰ ਪਹਿਲਾਂ ਆਪਣੇ ਯੋਗਤਾ ਸਰਟੀਫਿਕੇਟ ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਕਿਉਕਿ ਭੁਲੱਥ ਦੇ ਵਿਧਾਇਕ ਦਾ ਖੁਦ ਇੱਕ ਸ਼ੱਕੀ ਵਿਦਿਅਕ ਅਤੇ ਕੈਰੀਅਰ ਪਿਛੋਕੜ ਹੈ।