ਨੌਜਵਾਨ ਫਸਟ ਕਲਾਸ ਮੈਜਿਸਟ੍ਰੇਟ ਦੀ ਮੌਤ

0
10

ਹੁਸ਼ਿਆਰਪੁਰ : ਹੁਸ਼ਿਆਰਪੁਰ ਵਿੱਚ ਨਿਆਂਇਕ ਮੈਜਿਸਟਰੇਟ ਫਸਟ ਕਲਾਸ ਵਜੋਂ ਸੇਵਾ ਨਿਭਾਅ ਰਹੇ ਨੌਜਵਾਨ ਨਿਆਂਇਕ ਅਧਿਕਾਰੀ ਪੰਕਜ ਗਰਗ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਅਚਨਚੇਤ ਮੌਤ ਕਾਰਨ ਖੇਤਰ ਦੇ ਨਿਆਂਇਕ ਭਾਈਚਾਰੇ ਅਤੇ ਕਾਨੂੰਨੀ ਹਲਕਿਆਂ ਵਿੱਚ ਸੋਗ ਦੀ ਲਹਿਰ ਹੈ। ਪੰਕਜ ਗਰਗ ਅਸਲ ਵਿੱਚ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਕਾਲਾਂਵਾਲੀ ਕਸਬੇ ਦੇ ਰਹਿਣ ਵਾਲੇ ਸਨ। ਉਹ ਨਿਆਂਇਕ ਸੇਵਾਵਾਂ ਵਿੱਚ ਆਪਣੀ ਡਿਊਟੀ ਨਿਭਾਅ ਰਹੇ ਸਨ ਅਤੇ ਹੁਸ਼ਿਆਰਪੁਰ ਵਿੱਚ ਤਾਇਨਾਤ ਸਨ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੌਤ ਦਾ ਸੰਭਾਵੀ ਕਾਰਨ ਦਿਲ ਦਾ ਦੌਰਾ ਹੋ ਸਕਦਾ ਹੈ। ਅਧਿਕਾਰੀਆਂ ਨੇ ਅਜੇ ਤੱਕ ਗਰਗ ਦੀ ਮੌਤ ਬਾਰੇ ਵਿਸਤਿ੍ਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਮੂਸੇਵਾਲਾ ਕਤਲ ਮਾਮਲੇ ’ਚ ਪਵਨ ਬਿਸ਼ਨੋਈ ਤੇ ਜਗਤਾਰ ਸਿੰਘ ਦੀ ਜ਼ਮਾਨਤ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ 2022 ਦੇ ਕਤਲ ਮਾਮਲੇ ਨਾਲ ਸੰਬੰਧਤ ਦੋ ਮੁਲਜ਼ਮਾਂ ਪਵਨ ਬਿਸ਼ਨੋਈ ਅਤੇ ਜਗਤਾਰ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਇਹ ਫੈਸਲਾ ਮੁਲਜ਼ਮਾਂ ਦੀ ਹਿਰਾਸਤ ਦੀ ਮਿਆਦ ਅਤੇ ਇਸ ਹਾਈ-ਪ੍ਰੋਫਾਈਲ ਕੇਸ ਦੇ ਟਰਾਇਲ (ਸੁਣਵਾਈ) ਦੀ ਪੜਚੋਲ ਕਰਨ ਤੋਂ ਬਾਅਦ ਲਿਆ ਹੈ। ਪੰਜਾਬੀ ਗਾਇਕ ਅਤੇ ਰੈਪਰ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਸ ਨੇ ਇਸ ਮਾਮਲੇ ਵਿੱਚ 1,850 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ।
ਮੀਤ ਹੇਅਰ ਹੋਣਗੇ ਪੀ ਸੀ ਏ ਦੇ ਨਵੇਂ ਸਕੱਤਰ
ਮੁਹਾਲੀ : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਜਲਦੀ ਹੀ ਪੰਜਾਬ ਕਿ੍ਰਕਟ ਐਸੋਸੀਏਸ਼ਨ ਦੇ ਨਵੇਂ ਸੈਕਟਰੀ ਬਣਨਗੇ। 36 ਸਾਲਾ ਹੇਅਰ ਇਸ ਅਹੁਦੇ ਲਈ ਨਾਮਜ਼ਦਗੀ ਭਰਨ ਵਾਲੇ ਇਕਲੌਤੇ ਉਮੀਦਵਾਰ ਸਨ। ਬੁੱਧਵਾਰ ਨਾਮਜ਼ਦਗੀ ਦੀ ਮਿਆਦ ਖਤਮ ਹੋਣ ਤੱਕ ਕਿਸੇ ਹੋਰ ਨੇ ਫਾਰਮ ਨਹੀਂ ਭਰਿਆ। ਉਨ੍ਹਾ ਦੇ ਨਾਂਅ ਦਾ ਰਸਮੀ ਐਲਾਨ 21 ਮਾਰਚ ਨੂੰ ਕੀਤਾ ਜਾਵੇਗਾ। ਇਹ ਅਹੁਦਾ 25 ਜੁਲਾਈ 2025 ਨੂੰ ਖਾਲੀ ਹੋਇਆ ਸੀ ਜਦੋਂ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਆਪਣੀਆਂ ਹੋਰ ਜ਼ਿੰਮੇਵਾਰੀਆਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦੇ ਦਿੱਤਾ ਸੀ।