ਨਿਊ ਯਾਰਕ : ਅਮਰੀਕਾ ਦੇ ਇੰਡੀਆਨਾ ਸੂਬੇ ਦੇ ਬਿਊਰੋ ਆਫ ਮੋਟਰ ਵਹੀਕਲਜ਼ ਨੇ 1790 ਗੈਰ-ਨਿਵਾਸੀ ਕਮਰਸ਼ੀਅਲ ਡਰਾਈਵਰ ਲਾਇਸੈਂਸ (ਸੀ ਡੀ ਐੱਲ) ਰੱਦ ਕਰ ਦਿੱਤੇ ਹਨ, ਜਿਸ ਨਾਲ ਵੱਡੀ ਗਿਣਤੀ ਵਿੱਚ ਪੰਜਾਬੀ ਟਰੱਕ ਡਰਾਈਵਰ ਪ੍ਰਭਾਵਤ ਹੋਏ ਹਨ। 1 ਅਪਰੈਲ ਤੋਂ ਲਾਗੂ ਹੋਏ ਨਵੇਂ ਕਾਨੂੰਨ ‘ਹਾਊਸ ਐਨਰੋਲਡ ਐਕਟ 1200’ ਦੇ ਤਹਿਤ ਹੁਣ ਸਿਰਫ ਤਿੰਨ ਖਾਸ ਵੀਜ਼ਾ ਸ਼੍ਰੇਣੀਆਂ (ਐੱਚ-2 ਏ, ਐੱਚ-2 ਬੀ ਅਤੇ ਈ-2) ਵਾਲੇ ਵਿਦੇਸ਼ੀ ਨਾਗਰਿਕ ਹੀ ਇਹ ਲਾਇਸੈਂਸ ਰੱਖ ਸਕਣਗੇ। ਇਸ ਫੈਸਲੇ ਨੇ ਉਨ੍ਹਾਂ ਹਜ਼ਾਰਾਂ ਡਰਾਈਵਰਾਂ ਲਈ ਰੁਜ਼ਗਾਰ ਦਾ ਸੰਕਟ ਖੜ੍ਹਾ ਕਰ ਦਿੱਤਾ ਹੈ, ਜੋ ਲੰਮੇ ਸਮੇਂ ਤੋਂ ਅਮਰੀਕਾ ਵਿੱਚ ਲੌਂਗ-ਹਾਊਲ ਟਰੱਕ ਚਲਾ ਕੇ ਆਪਣੀ ਰੋਜ਼ੀ-ਰੋਟੀ ਕਮਾ ਰਹੇ ਸਨ। ਬਿਊਰੋ ਮੁਤਾਬਕ ਲਗਭਗ ਸਾਰੇ ਗੈਰ-ਨਿਵਾਸੀ ਸੀ ਡੀ ਐੱਲ ਧਾਰਕਾਂ ਨੇ ਆਪਣੀਆਂ ਕਮਰਸ਼ੀਅਲ ਗੱਡੀਆਂ ਚਲਾਉਣ ਦੇ ਅਧਿਕਾਰ ਗੁਆ ਦਿੱਤੇ ਹਨ। ਸੂਬਾ ਸਰਕਾਰ ਅਤੇ ਕਾਨੂੰਨ ਘੜਨ ਵਾਲਿਆਂ ਨੇ ਇਹ ਸਖਤ ਕਦਮ ਕਈ ਘਾਤਕ ਸੜਕ ਹਾਦਸਿਆਂ ਤੋਂ ਬਾਅਦ ਚੁੱਕਿਆ ਹੈ, ਜਿਨ੍ਹਾਂ ਵਿੱਚੋਂ ਇੱਕ ਹਾਦਸਾ ਸੁਖਦੀਪ ਸਿੰਘ ਨਾਲ ਜੁੜਿਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰੀ ਕਮਰਸ਼ੀਅਲ ਟਰੱਕ ਕਿਸੇ ‘ਮਿਜ਼ਾਈਲ’ ਤੋਂ ਘੱਟ ਨਹੀਂ ਹੁੰਦੇ, ਇਸ ਲਈ ਡਰਾਈਵਰਾਂ ਦੇ ਰਿਕਾਰਡ, ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਅਤੇ ਸਿਖਲਾਈ ਦੇ ਮਿਆਰਾਂ ਦੀ ਸਖਤ ਜਾਂਚ ਜ਼ਰੂਰੀ ਹੈ। ਇਸ ਫੈਸਲੇ ਦੇ ਨਾਲ ਹੀ ਇੰਡੀਆਨਾ ਅਜਿਹੀਆਂ ਪਾਬੰਦੀਆਂ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ, ਜਦੋਂ ਕਿ ਕੈਲੀਫੋਰਨੀਆ ਵਿੱਚ ਵੀ ਪਹਿਲਾਂ ਅਜਿਹੀ ਕਾਰਵਾਈ ਦੇਖੀ ਗਈ ਸੀ। ‘ਯੂਨਾਈਟਿਡ ਸਿੱਖਸ’ ਵਰਗੀਆਂ ਸੰਸਥਾਵਾਂ ਹੁਣ ਪ੍ਰਭਾਵਤ ਡਰਾਈਵਰਾਂ ਦੀ ਮਦਦ ਅਤੇ ਕਾਨੂੰਨੀ ਅਪੀਲਾਂ ਲਈ ਅੱਗੇ ਆ ਰਹੀਆਂ ਹਨ।


