ਤਹਿਰਾਨ : ਈਰਾਨ ਨੇ ਕਿਹਾ ਹੈ ਕਿ ਅਮਰੀਕਾ ਵੱਲੋਂ ਆਪਣੇ ਪਾਇਲਟਾਂ ਨੂੰ ਬਚਾਉਣ ਦੇ ਅਪ੍ਰੇਸ਼ਨ ਦੌਰਾਨ ਉਸ ਨੇ ਉਸ ਦੇ ਦੋ ਸੀ-130 ਟਰਾਂਸਪੋਰਟ ਜਹਾਜ਼ ਤੇ 2 ਬਲੈਕ ਹੌਕ ਹੈਲੀਕਾਪਟਰ ਤਬਾਹ ਕਰ ਦਿੱਤੇ। ਦੂਜੇ ਪਾਸੇ ਅਮਰੀਕੀ ਅਖਬਾਰ ‘ਦੀ ਨਿਊ ਯਾਰਕ ਟਾਈਮਜ਼’ ਨੇ ਰਿਪੋਰਟ ਦਿੱਤੀ ਹੈ ਕਿ ਬਚਾਓ ਅਪ੍ਰੇਸ਼ਨ ਦੌਰਾਨ ਦੋ ਟਰਾਂਸਪੋਰਟ ਜਹਾਜ਼ ਫਸ ਗਏ ਸਨ, ਜਿਨ੍ਹਾਂ ਨੂੰ ਅਮਰੀਕੀ ਫੌਜ ਨੇ ਖੁਦ ਹੀ ਉਡਾ ਦਿੱਤਾ, ਤਾਂ ਕਿ ਉਨ੍ਹਾਂ ਦੀ ਤਕਨੀਕ ਈਰਾਨ ਦੇ ਹੱਥ ਨਾ ਲੱਗੇ। ਟਰੰਪ ਨੇ ਈਰਾਨ ਨੂੰ ਨਵੀਂ ਚਿਤਾਵਨੀ ਦਿੱਤੀ ਹੈ ਕਿ ਜੇ ਹਾਰਮੁਜ਼ ਜਲ ਮਾਰਗ ਦਾ ਰਸਤਾ ਮੁੜ ਨਾ ਖੋਲ੍ਹਿਆ ਗਿਆ ਤਾਂ ਅਮਰੀਕਾ ਮੰਗਲਵਾਰ ਨੂੰ ਈਰਾਨ ‘ਤੇ ਵੱਡੀ ਫੌਜੀ ਕਾਰਵਾਈ ਕਰੇਗਾ। ਅਮਰੀਕੀ ਫੌਜ ਈਰਾਨ ਦੇ ਬਿਜਲੀ ਘਰਾਂ ਤੇ ਖਾਸ ਪੁਲਾਂ ‘ਤੇ ਹਮਲੇ ਕਰੇਗੀ।
ਟਰੰਪ ਨੇ ਐਤਵਾਰ ਦਾਅਵਾ ਕੀਤਾ ਕਿ ਈਰਾਨ ‘ਚ ਲਾਪਤਾ ਅਮਰੀਕੀ ਪਾਇਲਟ ਨੂੰ ਬਚਾਅ ਲਿਆ ਗਿਆ ਹੈ। ਜੰਗ ਵਿਚਾਲੇ ਟਰੰਪ ਨੇ ਇਸ ਮਿਸ਼ਨ ਨੂੰ ਅਮਰੀਕੀ ਇਤਿਹਾਸ ਦਾ ਸਭ ਤੋਂ ਦਲੇਰਾਨਾ ਬਚਾਅ ਕਾਰਜ ਕਰਾਰ ਦਿੱਤਾ। ਟਰੰਪ ਨੇ ਦੱਸਿਆ ਕਿ ਅਮਰੀਕੀ ਫੌਜ ਨੇ ਆਪਣੇ ਇੱਕ ਸੀਨੀਅਰ ਅਧਿਕਾਰੀ (ਕਰਨਲ) ਨੂੰ ਸਹੀ-ਸਲਾਮਤ ਬਚਾਅ ਲਿਆ ਹੈ। ਇਹ ਅਧਿਕਾਰੀ ਜਹਾਜ਼ ਡਿੱਗਣ ਤੋਂ ਬਾਅਦ ਈਰਾਨ ਦੇ ਪਹਾੜੀ ਇਲਾਕੇ ਵਿੱਚ ਦੁਸ਼ਮਣਾਂ ਦੇ ਵਿਚਕਾਰ ਫਸ ਗਿਆ ਸੀ। ਰਾਸ਼ਟਰਪਤੀ ਮੁਤਾਬਕ ਕਰਨਲ ਜ਼ਖਮੀ ਜ਼ਰੂਰ ਹੈ, ਪਰ ਹੁਣ ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਟਰੰਪ ਨੇ ਦੱਸਿਆ ਕਿ ਇਸ ਬਚਾਅ ਮੁਹਿੰਮ ਵਿੱਚ ਕਈ ਜਹਾਜ਼ਾਂ ਨੇ ਹਿੱਸਾ ਲਿਆ ਅਤੇ ਵੱਡੇ ਫੌਜੀ ਅਧਿਕਾਰੀਆਂ ਦੀ ਦੇਖ-ਰੇਖ ਵਿੱਚ ਪੂਰੀ ਯੋਜਨਾ ਨਾਲ ਇਸ ਨੂੰ ਪੂਰਾ ਕੀਤਾ ਗਿਆ। ਉਨ੍ਹਾ ਦਾਅਵਾ ਕੀਤਾ ਕਿ ਇਸ ਖ਼ਤਰਨਾਕ ਮਿਸ਼ਨ ਦੌਰਾਨ ਕਿਸੇ ਵੀ ਅਮਰੀਕੀ ਜਵਾਨ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਟਰੰਪ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਇੱਕ ਹੋਰ ਪਾਇਲਟ ਨੂੰ ਵੀ ਬਚਾਇਆ ਗਿਆ ਸੀ, ਪਰ ਦੂਜੇ ਮਿਸ਼ਨ ਦੀ ਸੁਰੱਖਿਆ ਕਾਰਨ ਇਸ ਨੂੰ ਗੁਪਤ ਰੱਖਿਆ ਗਿਆ ਸੀ। ਉਨ੍ਹਾ ਨੇ ਇਨ੍ਹਾਂ ਦੋਵਾਂ ਕਾਰਵਾਈਆਂ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਦੁਸ਼ਮਣ ਦੇ ਇਲਾਕੇ ਵਿੱਚੋਂ ਦੋ ਅਮਰੀਕੀ ਪਾਇਲਟਾਂ ਨੂੰ ਵੱਖ-ਵੱਖ ਮਿਸ਼ਨਾਂ ਰਾਹੀਂ ਸੁਰੱਖਿਅਤ ਕੱਢਿਆ ਗਿਆ ਹੈ। ਅਮਰੀਕੀ ਫੌਜ ਦੀ ਤਾਕਤ ਦੀ ਤਾਰੀਫ਼ ਕਰਦੇ ਹੋਏ ਟਰੰਪ ਨੇ ਕਿਹਾ ਕਿ ਇਨ੍ਹਾਂ ਕਾਰਵਾਈਆਂ ਨੇ ਈਰਾਨੀ ਅਸਮਾਨ ਵਿੱਚ ਅਮਰੀਕਾ ਦਾ ਦਬਦਬਾ ਸਾਬਤ ਕਰ ਦਿੱਤਾ ਹੈ। ਉਨ੍ਹਾ ਦੁਹਰਾਇਆ ਕਿ ਅਮਰੀਕਾ ਕਦੇ ਵੀ ਕਿਸੇ ਅਮਰੀਕੀ ਯੋਧੇ ਨੂੰ ਪਿੱਛੇ ਨਹੀਂ ਛੱਡੇਗਾ। ਐਤਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਦੇ ਪ੍ਰਮੁੱਖ ਪੈਟਰੋਕੈਮੀਕਲ ਪਲਾਂਟ ‘ਤੇ ਹਮਲੇ ਤੋਂ ਬਾਅਦ ਉੱਥੇ ਉਤਪਾਦਨ ਪੂਰੀ ਤਰ੍ਹਾਂ ਠੱਪ ਹੋ ਗਿਆ। ਅਬੂ ਧਾਬੀ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਰੁਵੈਸ ਸਥਿਤ ‘ਬੋਰੂਜ’ ਪੈਟਰੋਕੈਮੀਕਲ ਪਲਾਂਟ ‘ਤੇ ਹਮਲੇ ਤੋਂ ਬਾਅਦ ਅੱਗ ਲੱਗ ਗਈ। ਹਵਾਈ ਰੱਖਿਆ ਪ੍ਰਣਾਲੀ ਵੱਲੋਂ ਦੁਸ਼ਮਣ ਦੀ ਮਿਜ਼ਾਈਲ ਜਾਂ ਡਰੋਨ ਨੂੰ ਨਸ਼ਟ ਕਰਨ ਤੋਂ ਬਾਅਦ ਡਿੱਗੇ ਮਲਬੇ ਕਾਰਨ ਇਹ ਅੱਗ ਲੱਗੀ। ਸਾਵਧਾਨੀ ਵਜੋਂ ਪਲਾਂਟ ਵਿੱਚ ਉਤਪਾਦਨ ਬੰਦ ਕਰ ਦਿੱਤਾ ਗਿਆ ਹੈ। ਇਹ ਪਲਾਂਟ ਅਬੂ ਧਾਬੀ ਦੀ ਸਰਕਾਰੀ ਤੇਲ ਕੰਪਨੀ ਅਤੇ ਆਸਟਰੇਲੀਆ ਦੀ ਬੋਰੇਲਿਸ ਕੰਪਨੀ ਨੇ ਮਿਲ ਕੇ ਲਗਾਇਆ ਹੈ। ਇਹ ਪਲਾਂਟ ਇਸ ਇਲਾਕੇ ਦੀ ਕਮਾਈ ਲਈ ਬਹੁਤ ਅਹਿਮ ਮੰਨਿਆ ਜਾਂਦਾ ਹੈ। ਇਸੇ ਦੌਰਾਨ ਈਰਾਨੀ ਜਨਰਲ ਅਲੀ ਅਬਦੁੱਲਾਹੀ ਅਲੀਆਬਾਦੀ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਅਮਰੀਕਾ ਨੇ ਹਮਲੇ ਤੇਜ਼ ਕੀਤੇ, ਤਾਂ ਈਰਾਨ ਖੇਤਰ ‘ਚ ਮੌਜੂਦ ਸਾਰੇ ਅਮਰੀਕੀ ਫੌਜੀ ਟਿਕਾਣਿਆਂ ਤੇ ਇਜ਼ਰਾਈਲ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਏਗਾ। ਕੁਵੈਤ ਸਿਟੀ ਵਿੱਚ ਐਤਵਾਰ ਹੋਏ ਡਰੋਨ ਹਮਲੇ ਵਿੱਚ ਵਿੱਤ ਮੰਤਰਾਲੇ ਦੇ ਦਫਤਰ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਜਾਨੀ ਨੁਕਸਾਨ ਨਹੀਂ ਹੋਇਆ। ਕੁਵੈਤ ਦੇ ਬਿਜਲੀ ਮੰਤਰਾਲੇ ਨੇ ਕਿਹਾ ਕਿ ਡਰੋਨ ਹਮਲੇ ਕਾਰਨ ਬਿਜਲੀ ਪੈਦਾ ਕਰਨ ਵਾਲੇ ਦੋ ਯੂਨਿਟ ਬੰਦ ਹੋ ਗਏ ਹਨ, ਜਿਸ ਨਾਲ ਸਰਕਾਰੀ ਸਹੂਲਤਾਂ ਨੂੰ ਨੁਕਸਾਨ ਪਹੁੰਚਿਆ ਹੈ। ਬਹਿਰੀਨ ਦੀ ਪੈਟਰੋਲੀਅਮ ਕੰਪਨੀ ਬੈਪਕੋ ਐਨਰਜੀਜ਼ ਨੇ ਕਿਹਾ ਕਿ ਈਰਾਨੀ ਡਰੋਨ ਹਮਲੇ ਕਾਰਨ ਉਸ ਦੇ ਸਟੋਰੇਜ ਟੈਂਕ ਨੂੰ ਅੱਗ ਲੱਗ ਗਈ ਸੀ, ਜਿਸ ਨੂੰ ਹੁਣ ਬੁਝਾ ਦਿੱਤਾ ਗਿਆ ਹੈ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਸਟੋਰੇਜ ਸਹੂਲਤਾਂ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।




