ਅਕਾਲੀਆਂ ਨੂੰ ਵੋਟਾਂ ਬੇਅਦਬੀ ਕਰਨ ਬਰਾਬਰ : ਮਾਨ

0
4

ਜੈਤੋ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਕਾਂਗਰਸ ‘ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ‘ਤੇ ਲੋਕਾਂ ਦੇ ਭਰੋਸੇ ਨਾਲ ਵਿਸ਼ਵਾਸਘਾਤ ਕਰਨ ਅਤੇ ਪੰਜਾਬ ਨੂੰ ਬੇਅਦਬੀ ਦੀਆਂ ਘਟਨਾਵਾਂ ਤੋਂ ਲੈ ਕੇ ਨਸ਼ਿਆਂ ਤੇ ਭ੍ਰਿਸ਼ਟਾਚਾਰ ਵਰਗੇ ਸੰਕਟਾਂ ਵਿੱਚ ਧੱਕਣ ਦੇ ਦੋਸ਼ ਲਾਏ।
ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਅਕਾਲੀਆਂ ਨੂੰ ਵੋਟ ਪਾਉਣਾ ਬੇਅਦਬੀ ਕਰਨ ਦੇ ਬਰਾਬਰ ਹੋਵੇਗਾ। ਉਨਾ ਦੋਸ਼ ਲਾਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨਾਲ ਜੁੜੇ ਲੋਕਾਂ ਕੋਲ ਜਨਤਕ ਸਮਰਥਨ ਮੰਗਣ ਦਾ ਕੋਈ ਨੈਤਿਕ ਅਧਿਕਾਰ ਨਹੀਂ। ਉਨ੍ਹਾ ਕਿਹਾ ਕਿ ਉਨ੍ਹਾ ਦੀ ਸਰਕਾਰ ਬੇਅਦਬੀ ਨੂੰ ਰੋਕਣ ਅਤੇ ਇਨਸਾਫ ਯਕੀਨੀ ਬਣਾਉਣ ਲਈ ਸਖਤ ਕਾਨੂੰਨ ਬਣਾਉਣ ਲਈ ਵਚਨਬੱਧ ਹੈ।
ਮਾਨ ਨੇ ਲੋਕਾਂ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਅਤੇ ਹਰਿਮੰਦਰ ਸਾਹਿਬ ‘ਤੇ ਹੋਏ ਅਪ੍ਰੇਸ਼ਨ ਬਲੂ ਸਟਾਰ ਦੀ ਯਾਦ ਦਿਵਾਈ ਅਤੇ ਵੋਟਰਾਂ ਨੂੰ ਕਾਂਗਰਸ ਦਾ ਸਮਰਥਨ ਕਰਨ ਦੇ ਵਿਚਾਰ ਵਿਰੁੱਧ ਚਿਤਾਵਨੀ ਦਿੱਤੀ। ਉਨ੍ਹਾ ਕਿਹਾ ਕਿ ਦੋਵਾਂ ਪਾਰਟੀਆਂ ਨੇ ਪੰਜਾਬ ਨੂੰ ਡੂੰਘੇ ਜ਼ਖਮ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾ ਅਕਾਲੀ ਆਗੂਆਂ ‘ਤੇ ਅਕਾਲ ਤਖਤ ਸਾਹਿਬ ‘ਤੇ ਵੀ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ।
ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਅਕਾਲੀ ਲੀਡਰਸ਼ਿਪ ਨੇ ਅਤੀਤ ਵਿੱਚ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੀ ਸਰਪ੍ਰਸਤੀ ਕੀਤੀ ਸੀ, ਜਿਸ ਨਾਲ ਸੂਬੇ ਵਿੱਚ ਨਸ਼ਿਆਂ ਦੀ ਅਲਾਮਤ ਵਧੀ। ਉਨ੍ਹਾ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਸਿਆਸੀ ਵਿਰਾਸਤ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ‘ਤੇ ਪੰਜਾਬ ਨੂੰ ਪਰਵਾਰਕ ਕਾਰੋਬਾਰ ਵਾਂਗ ਚਲਾਉਣ ਦਾ ਦੋਸ਼ ਵੀ ਲਾਇਆ।
ਮਾਨ ਨੇ ਕਿਹਾ ਕਿ ਲੋਕਾਂ ਨੇ ਬਿਹਤਰ ਸ਼ਾਸਨ ਦੀ ਭਾਲ ਵਿੱਚ ਦਹਾਕਿਆਂ ਤੋਂ ਵਾਰ-ਵਾਰ ਸਰਕਾਰਾਂ ਬਦਲੀਆਂ ਹਨ, ਪਰ ਅਸਲ ਤਬਦੀਲੀ ਆਮ ਆਦਮੀ ਪਾਰਟੀ (ਆਪ) ਦੇ ਉਭਾਰ ਤੋਂ ਬਾਅਦ ਹੀ ਸ਼ੁਰੂ ਹੋਈ ਹੈ। ਉਨ੍ਹਾ ਕਿਹਾ ਕਿ ‘ਆਪ’ ਦੀਆਂ ਰੈਲੀਆਂ ਵਿੱਚ ਇਕੱਠੇ ਹੋਏ ਲੋਕ ਅਸਲ ਵਲੰਟੀਅਰ ਹਨ, ਨਾ ਕਿ ਪੈਸੇ ਦੇ ਕੇ ਬੁਲਾਏ ਗਏ ਲੋਕ। ਵਿਰੋਧੀ ਵਿਧਾਇਕਾਂ ਦੀ ਆਲੋਚਨਾ ਕਰਦਿਆਂ ਮਾਨ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਜਨਤਕ ਮੁੱਦੇ ਚੁੱਕਣ ਦੀ ਬਜਾਏ ਉਹ ਵਿਘਨ ਪਾਉਣ ਅਤੇ ਸਿਆਸੀ ਨੰਬਰ ਬਣਾਉਣ ਵਿੱਚ ਲੱਗੇ ਰਹਿੰਦੇ ਹਨ। ਉਨ੍ਹਾ ਕਿਹਾ ਕਿ ਉਨ੍ਹਾਂ ਦੇ ਭਾਸ਼ਣਾਂ ਵਿੱਚ ਆਮ ਲੋਕਾਂ ਨਾਲ ਸੰਬੰਧਤ ਮੁੱਦਿਆਂ ਦੀ ਘਾਟ ਹੁੰਦੀ ਹੈ। ਉਨ੍ਹਾ ਕਿਹਾ ਕਿ ਬਹੁਤ ਸਾਰੇ ਆਗੂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨਾਲੋਂ ਟੁੱਟੇ ਹੋਏ ਹਨ।
ਸੁਤੰਤਰਤਾ ਸੈਨਾਨੀਆਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਥਾਪਰ ਦਾ ਜ਼ਿਕਰ ਕਰਦਿਆਂ ਮਾਨ ਨੇ ਉਨ੍ਹਾਂ ਦੇ ਆਖਰੀ ਦਿਨਾਂ ਦੇ ਕੁਝ ਅਣਸੁਣੇ ਕਿੱਸੇ ਸੁਣਾਏ ਅਤੇ ਕਿਹਾ ਕਿ ਅਜਿਹੀਆਂ ਕਹਾਣੀਆਂ ਸਕੂਲੀ ਸਿਲੇਬਸ ਵਿੱਚੋਂ ਗਾਇਬ ਹਨ। ਉਨ੍ਹਾ ਕੁਰਬਾਨੀ ਦੀ ਭਾਵਨਾ ਨੂੰ ਉਜਾਗਰ ਕਰਨ ਲਈ ਰਾਜਗੁਰੂ ਦੇ ਨਾਂਅ ਨਾਲ ਜੁੜੀਆਂ ਕੁਝ ਸਤਰਾਂ ਵੀ ਪੜ੍ਹੀਆਂ।
ਆਪਣੀ ਸਰਕਾਰ ਦੇ ਸਾਫ-ਸੁਥਰੇ ਅਕਸ ਨੂੰ ਦੁਹਰਾਉਂਦੇ ਹੋਏ ਮਾਨ ਨੇ ਵਿਰੋਧੀਆਂ ਨੂੰ ਚੁਣੌਤੀ ਦਿੱਤੀ ਕਿ ਉਹ ਉਨ੍ਹਾ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਦੀ ਕੋਈ ਵੀ ਮਿਸਾਲ ਪੇਸ਼ ਕਰਨ। ਉਨ੍ਹਾ ਕਿਹਾ, ‘ਮੈਂ ਪੈਸਾ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆਇਆ, ਮੇਰੇ ਕੋਲ ਪਹਿਲਾਂ ਹੀ ਬਹੁਤ ਸੀ।’ ਇਤਿਹਾਸਕ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਮਾਨ ਨੇ ਆਜ਼ਾਦੀ ਸੰਗਰਾਮ ਦੌਰਾਨ ਜੈਤੋ ਵਿੱਚ ਪੀਣ ਵਾਲੇ ਪਾਣੀ ਵਿੱਚ ਜ਼ਹਿਰ ਮਿਲਾਉਣ ਦੇ ਦੋਸ਼ਾਂ ਵੱਲ ਇਸ਼ਾਰਾ ਕੀਤਾ ਅਤੇ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਤੋਂ ਬਾਅਦ ਜਨਰਲ ਡਾਇਰ ਨੂੰ ਸਨਮਾਨਤ ਕਰਨ ਵਾਲਿਆਂ ‘ਤੇ ਸਵਾਲ ਚੁੱਕੇ।
ਉਨ੍ਹਾ ਕਿਹਾ, ‘ਅੱਜ ਅਜਿਹੀਆਂ ਸ਼ਖਸੀਅਤਾਂ ਦੀਆਂ ਅੰਸ਼-ਵੰਸ਼ ਪੰਜਾਬੀਆਂ ਤੋਂ ਵੋਟਾਂ ਮੰਗ ਰਹੀਆਂ ਹਨ ਅਤੇ ਆਪਣੇ ਆਪ ਨੂੰ ਉਨ੍ਹਾਂ ਦਾ ਅਸਲੀ ਮੁਕਤੀਦਾਤਾ ਦੱਸ ਰਹੀਆਂ ਹਨ।’ ਮਾਨ ਨੇ ਕਿਹਾ ਕਿ ਕਾਂਗਰਸ ਦੇ ਕੇਂਦਰੀ ਆਗੂ ਪੰਜਾਬ ਨਾਲੋਂ ਕੱਟੇ ਹੋਏ ਹਨ। ਉਨ੍ਹਾ ਅਕਾਲੀ ਆਗੂਆਂ ‘ਤੇ ਸਿਆਸੀ ਸਹੂਲਤ ਅਨੁਸਾਰ ਵਫਾਦਾਰੀਆਂ ਬਦਲਣ ਦੇ ਦੋਸ਼ ਲਾਏ। ਰੈਲੀ ਵਿੱਚ ਮੌਜੂਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੋਸ਼ ਲਾਇਆ ਕਿ ‘ਆਪ’ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਗਈ ਹੈ। ਉਨ੍ਹਾ ਦਾਅਵਾ ਕੀਤਾ ਕਿ ਅਦਾਲਤਾਂ ਨੇ ਪਾਰਟੀ ਨੂੰ ਬੇਗੁਨਾਹ ਸਾਬਤ ਕਰ ਦਿੱਤਾ ਹੈ, ਜਿਸ ਨੂੰ ਉਨ੍ਹਾ ਨੇ ਈਮਾਨਦਾਰੀ ਦੀ ਜਿੱਤ ਦੱਸਿਆ। ਇਸ ਮੌਕੇ ਕੈਬਨਿਟ ਮੰਤਰੀ ਬਲਬੀਰ ਸਿੰਘ ਅਤੇ ਬਲਜੀਤ ਕੌਰ ਸਮੇਤ ਕਈ ਵਿਧਾਇਕ ਵੀ ਹਾਜ਼ਰ ਸਨ।