ਇੰਫਾਲ : ਮਨੀਪੁਰ ਦੇ ਗ੍ਰਹਿ ਮੰਤਰੀ ਗੋਵਿੰਦਾਸ ਕੋਂਥੌਜਮ ਨੇ ਦੱਸਿਆ ਕਿ ਬਿਸ਼ਨੂਪੁਰ ਜ਼ਿਲ੍ਹੇ ਵਿੱਚ ਗੁੱਸੇ ‘ਚ ਆਈ ਭੀੜ ਨੇ ਸੀ ਆਰ ਪੀ ਐੱਫ ਦੇ ਕੈਂਪ ਵਿਚ ਦਾਖਲ ਹੋ ਕੇ ਭੰਨਤੋੜ ਕੀਤੀ। ਇਹ ਲੋਕ ਮੋਇਰੰਗ ਤ੍ਰੋਂਗਲਾਓਬੀ ਖੇਤਰ ਵਿੱਚ ਹੋਏ ਇੱਕ ਬੰਬ ਹਮਲੇ ਵਿੱਚ ਦੋ ਬੱਚਿਆਂ ਦੀ ਮੌਤ ਦਾ ਵਿਰੋਧ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੇ ਕੈਂਪ ਵਿੱਚ ਦਾਖਲ ਹੋ ਕੇ ਵਾਹਨ ਸਾੜ ਦਿੱਤੇ ਅਤੇ ਕੈਂਪ ਦੀ ਜਾਇਦਾਦ ਨੂੰ ਕਾਫੀ ਨੁਕਸਾਨ ਪਹੁੰਚਾਇਆ। ਭੀੜ ਨੇ ਇੱਕ ਪੈਟਰੋਲ ਪੰਪ ਕੋਲ ਦੋ ਆਇਲ ਟੈਂਕਰਾਂ ਤੇ ਇੱਕ ਟਰੱਕ ਨੂੰ ਵੀ ਅੱਗ ਲਾ ਦਿੱਤੀ।
ਮੰਗਲਵਾਰ ਤੜਕੇ ਮੈਤੇਈ ਬਹੁਗਿਣਤੀ ਵਾਲੀ ਵਾਦੀ ਤੇ ਕੁੱਕੀ ਬਹੁਗਿਣਤੀ ਵਾਲੇ ਪਹਾੜੀ ਇਲਾਕਿਆਂ ਦੀ ਹੱਦ ਦੇ ਪਿੰਡ ਅਵਾਂਗ ਲੀਕੈ ਪਿੰਡ ਵਿੱਚ ਰਾਕਟ ਵਰਗੀ ਚੀਜ਼ ਡਿੱਗਣ ਕਾਰਨ ਪੰਜ ਸਾਲ ਦਾ ਮੁੰਡਾ ਤੇ ਉਸ ਦੀ ਛੇ ਮਹੀਨਿਆਂ ਦੀ ਭੈਣ ਸੁੱਤੇ ਪਏ ਮਾਰੇ ਗਏ ਸਨ ਤੇ ਮਾਂ ਜ਼ਖਮੀ ਹੋ ਗਈ ਸੀ। ਗ੍ਰਹਿ ਮੰਤਰੀ ਅਨੁਸਾਰ ਜਦੋਂ ਪ੍ਰਦਰਸ਼ਨਕਾਰੀ ਕੈਂਪ ਦੇ ਅੰਦਰ ਦਾਖਲ ਹੋਏ ਤਾਂ ਹਿੰਸਾ ਵਧ ਗਈ। ਇਸ ਦੌਰਾਨ ਸੁਰੱਖਿਆ ਕਰਮਚਾਰੀਆਂ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਮੰਤਰੀ ਨੇ ਦੱਸਿਆ ਕਿ ਉਨ੍ਹਾ ਨੇ ਪ੍ਰਦਰਸ਼ਨਕਾਰੀਆਂ ਨੂੰ ਪਹਿਲਾਂ ਹੀ ਅਪੀਲ ਕੀਤੀ ਸੀ ਕਿ ਉਹ ਪੁਲਸ ਅਤੇ ਸੁਰੱਖਿਆ ਬਲਾਂ ਨੂੰ ਆਪਣਾ ਕੰਮ ਕਰਨ ਦੇਣ ਅਤੇ ਮੁਲਜ਼ਮਾਂ ਨੂੰ ਫੜਨ ਲਈ ਸਹਿਯੋਗ ਦੇਣ, ਪਰ ਭੀੜ ਨੇ ਇਸ ਅਪੀਲ ਵੱਲ ਕੋਈ ਧਿਆਨ ਨਹੀਂ ਦਿੱਤਾ। ਸਥਿਤੀ ਵਿਗੜਨ ਕਾਰਨ ਵਾਦੀ ਦੇ ਪੰਜ ਜ਼ਿਲ੍ਹਿਆਂ ‘ਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਇਸੇ ਦੌਰਾਨ ਰਾਹੁਲ ਗਾਂਧੀ ਨੇ ਕਿਹ ਕਿ ਬੀ ਐੱਸ ਐੱਫ ਜਵਾਨ ਦੇ ਘਰ ਦੋ ਸੁੱਤੇ ਪਏ ਬੱਚਿਆਂ ਦੀ ਹੱਤਿਆ ਦੀ ਖਬਰ ਦਿਲ ਚੀਰਨ ਵਾਲੀ ਹੈ। ਤਿੰਨ ਸਾਲ ਬਾਅਦ ਵੀ ਬੇਗੁਨਾਹ ਬੱਚੇ ਝੁਲਸ ਰਹੇ ਹਨ। ਸ਼ਾਂਤੀ ਦਾ ਕੋਈ ਸੰਕੇਤ ਦੂਰ-ਦੂਰ ਤੱਕ ਨਜ਼ਰ ਨਹੀਂ ਆਉਂਦਾ। ਮੋਦੀ ਸਰਕਾਰ ਏਨੀ ਪੱਥਰ ਦਿਲ ਹੋ ਗਈ ਹੈ ਕਿ ਭੁੱਲ ਗਈ ਹੈ ਕਿ ਮਨੀਪੁਰ ਦੇ ਬੱਚੇ ਵੀ ਦੇਸ਼ ਦੇ ਬੱਚੇ ਹਨ, ਭਵਿੱਖ ਹਨ।


