ਚੰਡੀਗੜ੍ਹ : ਪੰਜਾਬ ਸਰਕਾਰ ਨੇ ਨਗਰ ਨਿਗਮਾਂ ਦੀਆਂ ਚੋਣਾਂ ਕਰਵਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿਨ੍ਹਾਂ ਨਿਗਮਾਂ ਦੀ ਮਿਆਦ ਖਤਮ ਹੋ ਰਹੀ ਹੈ, ਉਨ੍ਹਾਂ ਵਿੱਚ ਪ੍ਰਸ਼ਾਸਕਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਚੋਣਾਂ ਦੀ ਤਰੀਕ ਦਾ ਐਲਾਨ ਇਸੇ ਮਹੀਨੇ ਦੇ ਅਖੀਰ ਵਿੱਚ ਕੀਤਾ ਜਾਣਾ ਹੈ ਅਤੇ ਚੋਣਾਂ ਮਈ ਵਿੱਚ ਹੋਣ ਦੀ ਸੰਭਾਵਨਾ ਹੈ। ਮੁਹਾਲੀ, ਹੁਸ਼ਿਆਰਪੁਰ, ਮੋਗਾ, ਬਠਿੰਡਾ, ਬਟਾਲਾ, ਕਪੂਰਥਲਾ, ਅਬੋਹਰ ਅਤੇ ਪਠਾਨਕੋਟ ਦੀਆਂ ਅੱਠ ਨਿਗਮਾਂ ਦੀ ਮਿਆਦ ਇਸੇ ਮਹੀਨੇ ਖਤਮ ਹੋਣ ਵਾਲੀ ਹੈ, ਜਦੋਂ ਕਿ ਨਵੀਂ ਬਣੀ ਬਰਨਾਲਾ ਨਿਗਮ ਦੀਆਂ ਚੋਣਾਂ ਪਹਿਲੀ ਵਾਰ ਕਰਵਾਈਆਂ ਜਾਣੀਆਂ ਹਨ। ਇਨ੍ਹਾਂ ਚੋਣਾਂ ਨੂੰ ਵਿਧਾਨ ਸਭਾ ਚੋਣਾਂ ਦੀ ‘ਵੱਡੀ ਸਿਆਸੀ ਜੰਗ’ ਤੋਂ ਪਹਿਲਾਂ ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ, ਜੋ ਕਿ ਹੁਣ ਤੋਂ ਕੁਝ ਮਹੀਨਿਆਂ ਬਾਅਦ ਹੋਣੀਆਂ ਹਨ। ਇਹ ਚੋਣਾਂ ਪਾਰਟੀ ਚੋਣ ਨਿਸ਼ਾਨਾਂ ‘ਤੇ ਲੜੀਆਂ ਜਾਣਗੀਆਂ ਅਤੇ ਸਾਰੀਆਂ ਸਿਆਸੀ ਪਾਰਟੀਆਂ ਇਨ੍ਹਾਂ ਚੋਣਾਂ ਰਾਹੀਂ ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਆਪਣੀ ਤਾਕਤ ਦੀ ਪਰਖ ਕਰਨਗੀਆਂ।




