ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਮੰਗਲਵਾਰ ਰਾਤ ਇੱਕ ਪੂਰੀ ਸਭਿਅਤਾ ਖਤਮ ਹੋ ਜਾਵੇਗੀ, ਪਰ ਨਾਲ ਹੀ ਇਹ ਵੀ ਕਿਹਾ ਕਿ ਅਮਰੀਕਾ ਵੱਲੋਂ ਤੈਅ ਕੀਤੀ ਗਈ ਰਾਤ 8 ਵਜੇ ਦੀ ਸਮਾਂ ਸੀਮਾ ਤੋਂ ਪਹਿਲਾਂ ਈਰਾਨ ਕੋਲ ਆਤਮ-ਸਮਰਪਣ (ਸਮਝੌਤਾ) ਕਰਨ ਦਾ ਸਮਾਂ ਹੈ। ਟਰੰਪ ਨੇ ਈਰਾਨ ਨੂੰ ਹਾਰਮੁਜ਼ ਜਲ ਮਾਰਗ ਨੂੰ ਮੁੜ ਖੋਲ੍ਹਣ ਸਮੇਤ ਹੋਰ ਸ਼ਰਤਾਂ ‘ਤੇ ਸਹਿਮਤ ਹੋਣ ਲਈ 12 ਘੰਟੇ ਦਾ ਸਮਾਂ ਦਿੱਤਾ ਹੈ, ਅਜਿਹਾ ਨਾ ਕਰਨ ‘ਤੇ ਉਸ ਨੂੰ ਭਿਆਨਕ ਹਮਲਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਸਾਈਟ ‘ਤੇ ਲਿਖਿਆ, ‘ਅੱਜ ਰਾਤ ਇੱਕ ਪੂਰੀ ਸਭਿਅਤਾ ਮਰ ਜਾਵੇਗੀ, ਜੋ ਕਦੇ ਵਾਪਸ ਨਹੀਂ ਆਵੇਗੀ। ਮੈਂ ਨਹੀਂ ਚਾਹੁੰਦਾ ਕਿ ਅਜਿਹਾ ਹੋਵੇ, ਪਰ ਸ਼ਾਇਦ ਅਜਿਹਾ ਹੀ ਹੋਵੇਗਾ।’ ਹਾਲਾਂਕਿ, ਟਰੰਪ ਨੇ ਉਮੀਦ ਦੀ ਇੱਕ ਖਿੜਕੀ ਖੁੱਲ੍ਹੀ ਰੱਖਦਿਆਂ ਕਿਹਾ, ‘ਸ਼ਾਇਦ ਕੁਝ ਕ੍ਰਾਂਤੀਕਾਰੀ ਅਤੇ ਸ਼ਾਨਦਾਰ ਵਾਪਰ ਸਕਦਾ ਹੈ।’ ਟਰੰਪ ਨੇ ਕਿਹਾ ਕਿ ਜੇ ਮੰਗਲਵਾਰ ਰਾਤ 8 ਵਜੇ ਤੱਕ ਸਮਝੌਤਾ ਨਾ ਹੋਇਆ, ਤਾਂ ਈਰਾਨ ਦੇ ਸਾਰੇ ਪਾਵਰ ਪਲਾਂਟ ਅਤੇ ਪੁਲ ਤਬਾਹ ਕਰ ਦਿੱਤੇ ਜਾਣਗੇ। ਮਿਸਰ, ਪਾਕਿਸਤਾਨ ਅਤੇ ਤੁਰਕੀ ਵੱਲੋਂ ਵਿਚੋਲਗੀ ਦੀਆਂ ਕੋਸ਼ਿਸ਼ਾਂ ਜਾਰੀ ਸਨ, ਪਰ ਈਰਾਨ ਦਾ ਕਹਿਣਾ ਹੈ ਕਿ ਉਹ ਅਮਰੀਕਾ ‘ਤੇ ਭਰੋਸਾ ਨਹੀਂ ਕਰ ਸਕਦਾ। ਇਸੇ ਦੌਰਾਨ ਭਾਰਤ ਵਿੱਚ ਈਰਾਨ ਦੇ ਰਾਜਦੂਤ ਮੁਹੰਮਦ ਫਤਾਲੀ ਨੇ ਈਰਾਨੀ ਬੁਨਿਆਦੀ ਢਾਂਚੇ ‘ਤੇ ਕਿਸੇ ਵੀ ਹਮਲੇ ਦੇ ਵਿਰੁੱਧ ਸਖਤ ਚਿਤਾਵਨੀ ਜਾਰੀ ਕੀਤੀ ਹੈ। ਉਨ੍ਹਾ ਕਿਹਾ ਕਿ ਜੇ ਕੋਈ ਵੱਡਾ ਸੰਘਰਸ਼ ਸ਼ੁਰੂ ਹੁੰਦਾ ਹੈ, ਤਾਂ ਇਹ ਕਾਬੂ ਤੋਂ ਬਾਹਰ ਹੋ ਸਕਦਾ ਹੈ। ਫਤਾਲੀ ਨੇ ਕਿਹਾ, ‘ਅਸੀਂ ਕਿਹਾ ਹੈ ਕਿ ਜੇ ਤੁਸੀਂ ਜੰਗ ਸ਼ੁਰੂ ਕਰਦੇ ਹੋ, ਤਾਂ ਤੁਸੀਂ ਇਸ ਨੂੰ ਖਤਮ ਨਹੀਂ ਕਰ ਸਕੋਗੇ। ਅਸੀਂ ਫਿਰ ਕਹਿ ਰਹੇ ਹਾਂ : ਜੇਕਰ ਤੁਸੀਂ ਸਾਡੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋ… ਤਾਂ ਪਿਛਲੀਆਂ ਗਲਤੀਆਂ ਤੋਂ ਸਬਕ ਸਿੱਖੋ।’


