ਵੱਡਾ-ਛੋਟਾ ਥਾਣੇਦਾਰ ਲਾਈਨ ਹਾਜ਼ਰ

0
16

ਜਲੰਧਰ (ਸ਼ੈਲੀ ਐਲਬਰਟ)-ਥਾਣਾ ਸ਼ਾਹਕੋਟ ਵਿੱਚ ਆਬਕਾਰੀ ਐਕਟ ਤਹਿਤ ਦਰਜ ਕੀਤੇ ਮੁਕੱਦਮੇ ਤੇ ਸੱਚ ਨੂੰ ਬਿਆਨ ਕਰਦੀ ਵੀਡੀਓ ਵਾਇਰਲ ਹੋਣ ਉਪਰੰਤ ਥਾਣਾ ਸ਼ਾਹਕੋਟ ਦੇ ਮੁਖੀ, ਏ ਐੱਸ ਆਈ ਅਤੇ ਇੱਕ ਮਹਿਲਾ ਕਾਂਸਟੇਬਲ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਕਥਿਤ ਦੋਸ਼ੀ ਅਕਰਮ ਦੇ ਘਰ ਤੋਂ 35 ਲੀਟਰ ਲਾਹਣ ਬਰਾਮਦ ਕੀਤੀ ਗਈ ਸੀ। ਵਾਇਰਲ ਹੋਈ ਵੀਡੀਓ ਵਿੱਚ ਇੱਕ ਡਰੰਮ ਲਾਹਣ ਬਾਹਰੋਂ ਲਿਆ ਕੇ ਘਰ ਵਿੱਚ ਰੱਖ ਕੇ ਬਰਾਮਦਗੀ ਦਿਖਾਈ ਗਈ ਹੈ। ਵੀਡੀਓ ਵਾਇਰਲ ਹੋਣ ਉਪਰੰਤ ਐੱਸ ਐੱਸ ਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਜਾਂਚ ਵਿੱਚ ਪਤਾ ਲੱਗਿਆ ਕਿ ਲਾਹਣ ਦੇ ਡਰੰਮ ਨੂੰ ਬਰਾਮਦਗੀ ਦਿਖਾਉਣ ਲਈ ਘਰ ਵਿੱਚ ਰੱਖਿਆ ਗਿਆ ਸੀ। ਇਸ ਤੋਂ ਬਾਅਦ ਥਾਣਾ ਮੁਖੀ ਬਲਵਿੰਦਰ ਸਿੰਘ, ਏ ਐੱਸ ਆਈ ਸੁਖਵਿੰਦਰ ਸਿੰਘ ਅਤੇ ਇੱਕ ਮਹਿਲਾ ਕਾਂਸਟੇਬਲ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਜੇ ਕਿਸੇ ਹੋਰ ਪੁਲਸ ਕਰਮਚਾਰੀ ਦੀ ਸ਼ਮੂਲੀਅਤ ਬਾਰੇ ਸੱਚਾਈ ਸਾਹਮਣੇ ਆਉਂਦੀ ਹੈ ਤਾਂ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।