ਭਾਰਤ ‘ਚ 25 ਲੱਖ ਲੋਕਾਂ ਸਿਰ ਮੰਡਰਾ ਰਿਹਾ ਹੈ ਗਰੀਬੀ ਦਾ ਖਤਰਾ

0
6

ਨਿਊਯਾਰਕ : ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਅਤੇ ਫੌਜੀ ਤਣਾਅ ਕਾਰਨ ਭਾਰਤ ਵਿੱਚ 25 ਲੱਖ ਲੋਕਾਂ ਦੇ ਗਰੀਬੀ ਦੀ ਲਪੇਟ ਵਿੱਚ ਆਉਣ ਦਾ ਖਤਰਾ ਪੈਦਾ ਹੋ ਗਿਆ ਹੈ। ਸੰਯੁਕਤ ਰਾਸ਼ਟਰ ਦੇ ਅਨੁਮਾਨਾਂ ਅਨੁਸਾਰ ਦੇਸ਼ ਦੇ ਮਨੁੱਖੀ ਵਿਕਾਸ ਦੀ ਪ੍ਰਗਤੀ ਵਿੱਚ ਵੀ ਕੁਝ ਨੁਕਸਾਨ ਹੋਣ ਦੀ ਸੰਭਾਵਨਾ ਹੈ। ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਨੇ ‘ਮਿਲਟਰੀ ਐਸਕੇਲੇਸ਼ਨ ਇਨ ਦ ਮਿਡਲ ਈਸਟ ਹਿਊਮਨ ਡਿਵੈਲਪਮੈਂਟ ਇਮਪੈਕਟਸ ਐਕਰੋਸ ਏਸ਼ੀਆ ਐਂਡ ਦ ਪੈਸੀਫਿਕ’ ਸਿਰਲੇਖ ਵਾਲੀ ਰਿਪੋਰਟ ਵਿੱਚ ਨੋਟ ਕੀਤਾ ਹੈ ਕਿ ਇਹ ਸੰਘਰਸ਼ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਵਿੱਚ ਮਨੁੱਖੀ ਵਿਕਾਸ ਦੇ ਦਬਾਅ ਨੂੰ ਵਧਾ ਰਿਹਾ ਹੈ। ਤੇਲ, ਭਾੜੇ ਅਤੇ ਲਾਗਤਾਂ ਵਿੱਚ ਵਾਧੇ ਰਾਹੀਂ ਇਹ ਝਟਕਾ ਘਰੇਲੂ ਖਰੀਦ ਸ਼ਕਤੀ ਨੂੰ ਘਟਾ ਰਿਹਾ ਹੈ, ਭੋਜਨ ਦੀ ਅਸੁਰੱਖਿਆ ਵਧਾ ਰਿਹਾ ਹੈ, ਸਰਕਾਰੀ ਬੱਜਟਾਂ ‘ਤੇ ਬੋਝ ਪਾ ਰਿਹਾ ਹੈ ਅਤੇ ਰੋਜ਼ੀ-ਰੋਟੀ ਨੂੰ ਕਮਜ਼ੋਰ ਕਰ ਰਿਹਾ ਹੈ। ਮੰਗਲਵਾਰ ਨੂੰ ਜਾਰੀ ਕੀਤੇ ਗਏ ਮੁੱਢਲੇ ਮੁਲਾਂਕਣ ਅਨੁਸਾਰ ਵਿਸ਼ਵ ਪੱਧਰ ‘ਤੇ 88 ਲੱਖ ਲੋਕਾਂ ਦੇ ਗਰੀਬੀ ਵਿੱਚ ਡਿੱਗਣ ਦਾ ਖਤਰਾ ਹੈ ਅਤੇ ਪੱਛਮੀ ਏਸ਼ੀਆ ਦੇ ਫੌਜੀ ਤਣਾਅ ਕਾਰਨ ਏਸ਼ੀਆ-ਪ੍ਰਸ਼ਾਂਤ ਖੇਤਰ ਨੂੰ 299 ਅਰਬ ਡਾਲਰ ਤੱਕ ਦਾ ਨੁਕਸਾਨ ਹੋ ਸਕਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਗਰੀਬੀ ਲੱਗਭੱਗ 4 ਲੱਖ ਤੋਂ ਵਧ ਕੇ 25 ਲੱਖ ਤੱਕ ਪਹੁੰਚਣ ਦੀ ਉਮੀਦ ਹੈ। ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਸੰਘਰਸ਼ ਦੇ ਨਤੀਜੇ ਵਜੋਂ ਦੁਨੀਆ ਵਿੱਚ ਗਰੀਬੀ ਵਿੱਚ ਧੱਕੇ ਜਾਣ ਵਾਲੇ ਲੋਕਾਂ ਦੀ ਸੰਖਿਆ ਵੱਖ-ਵੱਖ ਸਥਿਤੀਆਂ ਅਨੁਸਾਰ ਲੱਗਭੱਗ 19 ਲੱਖ ਤੋਂ ਵਧ ਕੇ ਲੱਗਭੱਗ 88 ਲੱਖ ਹੋ ਜਾਂਦੀ ਹੈ। ਦੱਖਣੀ ਏਸ਼ੀਆ ਦਾ ਇਸ ਵਿੱਚ ਸਭ ਤੋਂ ਵੱਡਾ ਹਿੱਸਾ ਹੈ, ਜੋ ਕਿ ਲੱਗਭੱਗ 17 ਲੱਖ ਤੋਂ ਲੈ ਕੇ 80 ਲੱਖ ਤੋਂ ਵੱਧ ਤੱਕ ਹੈ, ਜੋ ਕਿ ਇਸ ਉਪ-ਖੇਤਰ ਦੀ ਆਬਾਦੀ ਦੇ ਆਕਾਰ ਅਤੇ ਆਮਦਨ ਤੇ ਕੀਮਤਾਂ ਦੇ ਝਟਕਿਆਂ ਪ੍ਰਤੀ ਇਸ ਦੀ ਵਧੇਰੇ ਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ। ਚੀਨ ਵਿੱਚ ਗਰੀਬੀ ਦੇ ਖਤਰੇ ਵਾਲੇ ਲੋਕਾਂ ਦੀ ਗਿਣਤੀ ਵਿੱਚ ਲੱਗਭੱਗ 1,15,000 ਤੋਂ 6,20,000 ਤੱਕ ਦਾ ਮਾਮੂਲੀ ਵਾਧਾ ਹੋਣ ਦਾ ਅਨੁਮਾਨ ਹੈ।
ਫੌਜੀ ਤਣਾਅ ਦੇ ਅਨੁਮਾਨਿਤ ਗਰੀਬੀ ਪ੍ਰਭਾਵਾਂ ਨੂੰ ਉਜਾਗਰ ਕਰਦੇ ਹੋਏ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੀ ਗਰੀਬੀ ਦਰ ਸੰਕਟ ਤੋਂ ਬਾਅਦ 23.9 ਫੀਸਦੀ ਤੋਂ ਵਧ ਕੇ 24.2 ਫੀਸਦੀ ਹੋਣ ਦਾ ਅਨੁਮਾਨ ਹੈ, ਜਿਸ ਨਾਲ 2,464,698 ਲੋਕ ਗਰੀਬੀ ਵਿੱਚ ਚਲੇ ਜਾਣਗੇ।