ਲਵਲੀ ਗਰੁੱਪ ‘ਤੇ ਛਾਪਿਆਂ ਦੀ ਮਾਨ ਤੇ ਕੇਜਰੀਵਾਲ ਵੱਲੋਂ ਕਰੜੀ ਨਿੰਦਾ

0
9

ਜਲੰਧਰ : ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੀ ਦਿੱਲੀ ਟੀਮ ਨੇ ਬੁੱਧਵਾਰ ਤੜਕੇ ਜਲੰਧਰ ਅਤੇ ਫਗਵਾੜਾ ਵਿੱਚ ਲਵਲੀ ਗਰੁੱਪ ਦੇ ਸਾਰੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਇਸ ਗਰੁੱਪ ਦੇ ਪ੍ਰਧਾਨ ਹਨ ਅਤੇ ਉਨ੍ਹਾ ਨੂੰ ਹਾਲ ਹੀ ਵਿੱਚ ਰਾਘਵ ਚੱਢਾ ਨੂੰ ਹਟਾ ਕੇ ਰਾਜ ਸਭਾ ਦੇ ਡਿਪਟੀ ਲੀਡਰ ਦੇ ਅਹੁਦੇ ‘ਤੇ ਤਾਇਨਾਤ ਕੀਤਾ ਗਿਆ ਸੀ।
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ ਪੀ ਯੂ), ਲਵਲੀ ਆਟੋਜ਼, ਲਵਲੀ ਸਵੀਟਸ ਅਤੇ ਲਵਲੀ ਡਿਸਟੈਂਸ ਐਜੂਕੇਸ਼ਨ ਸੈਂਟਰ ਦੇ ਇਲਾਵਾ ਅਸ਼ੋਕ ਮਿੱਤਲ ਦੇ ਭਰਾਵਾਂ ਰਮੇਸ਼ ਮਿੱਤਲ ਅਤੇ ਨਰੇਸ਼ ਮਿੱਤਲ ਸਮੇਤ ਪਰਵਾਰ ਦੇ ਵੱਖ-ਵੱਖ ਰਿਹਾਇਸ਼ੀ ਸਥਾਨਾਂ ਅਤੇ ਦਫਤਰਾਂ ਦੀ ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਦੀਆਂ ਕਥਿਤ ਉਲੰਘਣਾਵਾਂ ਦੇ ਸੰਬੰਧ ‘ਚ ਛਾਪੇ ਮਾਰੇ ਗਏ। ਅਸ਼ੋਕ ਮਿੱਤਲ ਐੱਲ ਪੀ ਯੂ ਦੇ ਬਾਨੀ ਚਾਂਸਲਰ ਵੀ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸ਼ੋਕ ਮਿੱਤਲ ਦੇ ਘਰ ਅਤੇ ਦਫਤਰਾਂ ‘ਤੇ ਹੋਈ ਛਾਪੇਮਾਰੀ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਭਾਜਪਾ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਛਾਪੇਮਾਰੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਨੇ ਪੰਜਾਬ ਵਿੱਚ ਚੋਣ ਬਿਗਲ ਵਜਾ ਦਿੱਤਾ ਹੈ। ਇਹ ਮੋਦੀ ਦਾ ਖਾਸ ਅੰਦਾਜ਼ ਹੈ। ਉਨ੍ਹਾ ਕੇਂਦਰ ਸਰਕਾਰ ਨੂੰ ਖਬਰਦਾਰ ਕਰਦਿਆਂ ਕਿਹਾ, ”ਹਮ ਵੋ ਪੱਤੇ ਨਹੀਂ ਜੋ ਸ਼ਾਖ ਸੇ ਟੂਟ ਕਰ ਗਿਰ ਜਾਏਂਗੇ, ਆਂਧੀਓਂ ਸੇ ਕਹੋ ਔਕਾਤ ਮੇਂ ਰਹੇਂ।” ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਨੂੰ ਬਰਦਾਸ਼ਤ ਨਹੀਂ ਕਰਨਗੇ। ਲੋਕ ਇਸ ਦਾ ਭਾਜਪਾ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ।
‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ, ”ਈ ਡੀ ਅਤੇ ਸੀ ਬੀ ਆਈ ਭਾਜਪਾ ਦੇ ਚੋਣ ਪ੍ਰਚਾਰਕਾਂ ਦਾ ਪਹਿਲਾ ਬੈਚ ਹਨ, ਜੋ ਚੋਣਾਂ ਵਾਲੇ ਕਿਸੇ ਵੀ ਰਾਜ ਵਿੱਚ ਪਹੁੰਚਦੇ ਹਨ। ਫਿਰ ਉਹ ਉਨ੍ਹਾਂ ਲੋਕਾਂ ਨੂੰ ਭੇਜਦੇ ਹਨ, ਜੋ ਦੰਗੇ ਕਰਵਾਉਂਦੇ ਹਨ ਅਤੇ ਉਸ ਤੋਂ ਬਾਅਦ ਭਾਜਪਾ ਦੇ ਦੋ ਚੋਟੀ ਦੇ ਨੇਤਾ ਮੋਦੀ ਅਤੇ ਸ਼ਾਹ ਚੋਣ ਪ੍ਰਚਾਰ ਲਈ ਜਾਂਦੇ ਹਨ। ਇਸ ਵਾਰ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਪੰਜਾਬ ਹੈ, ਜਿੱਥੇ ਭਗਤ ਸਿੰਘ ਅਤੇ ਡਾ. ਬੀ ਆਰ ਅੰਬੇਡਕਰ ਨਾਲ ਨਫਰਤ ਕਰਨ ਵਾਲਿਆਂ ਨੂੰ ਕੋਈ (ਸਿਆਸੀ) ਥਾਂ ਨਹੀਂ ਮਿਲੇਗੀ।”
ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਵਿੱਚ ਕਈ ਠੱਗ ਮੈਂਬਰ ਵਜੋਂ ਸ਼ਾਮਲ ਹਨ। ਉਨ੍ਹਾਂ ਕਿਹਾ, ਸੂਬੇ ਦੇ ਲੋਕ ਆਪ ਸਰਕਾਰ ਦੇ ਮੌਜੂਦਾ ਮੰਤਰੀਆਂ ਖਿਲਾਫ ਐੱਫ ਆਈ ਆਰ ਦਰਜ ਕਰਵਾ ਰਹੇ ਹਨ। ਆਪ ਦੇ ਭ੍ਰਿਸ਼ਟ ਸੰਸਦ ਮੈਂਬਰਾਂ ਨੂੰ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਜਵਾਬਦੇਹ ਠਹਿਰਾਇਆ ਜਾ ਰਿਹਾ ਹੈ। ਮੋਦੀ ਜੀ ‘ਸਵੱਛ ਭਾਰਤ’ ਦੀ ਨੀਤੀ ‘ਤੇ ਚੱਲਦੇ ਹਨ… ਉਨ੍ਹਾਂ ਨੂੰ ਇਹ ਗੰਦਗੀ ਸਾਫ ਕਰਨੀ ਹੀ ਪਵੇਗੀ।
ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜਦੋਂ ‘ਆਪ’ ਵਿਧਾਇਕਾਂ ਦੀਆਂ ਕਰਤੂਤਾਂ ਰੋਜ਼ਾਨਾ ਸਾਹਮਣੇ ਆਉਂਦੀਆਂ ਹਨ ਅਤੇ ਸੂਬਾ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ, ਤਾਂ ਭਾਰਤ ਸਰਕਾਰ ਨੂੰ ਕਾਰਵਾਈ ਕਰਨੀ ਹੀ ਪਵੇਗੀ।