ਪਟਿਆਲਾ (ਰਾਜਿੰਦਰ ਸਿੰਘ ਥਿੰਦ) ਪੀ ਆਰ ਟੀ ਸੀ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਪਟਿਆਲਾ ਦੀ ਮਹੀਨਾਵਾਰ ਮੀਟਿੰਗ ਉਤਮ ਸਿੰਘ ਬਾਗੜੀ ਦੀ ਪ੍ਰਧਾਨਗੀ ਹੇਠ ਹੋਈ। ਬਰਿੰਦਾਵਨ ਵਿਖੇ ਪੰਜਾਬ ਦੇ ਸ਼ਰਧਾਲੂਆਂ ਦੀਆਂ ਸਟੀਮਰ ਪਲਟਣ ਨਾਲ ਹੋਈਆਂ ਮੌਤਾਂ ‘ਤੇ ਦੁੱਖ ਪ੍ਰਗਟ ਕੀਤਾ ਗਿਆ। 13 ਅਪ੍ਰੈਲ 1919 ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕੀਤੇ। 13 ਅਪ੍ਰੈਲ 1699 ਦੇ ਖਾਲਸਾ ਸਾਜਨਾ ਦਿਵਸ ਤੇ ਭਾਰਤ ਦੇ ਸੰਵਿਧਾਨ ਦੇ ਰਚੇਤਾ ਭੀਮ ਰਾਓ ਅੰਬੇਡਕਰ ਦੀ 14 ਅਪ੍ਰੈਲ ਨੂੰ ਜਨਮ ਸ਼ਤਾਬਦੀ ‘ਤੇ ਲੋਕਾਂ ਨੂੰ ਵਧਾਈ ਗਈ।ਮੀਟਿੰਗ ਵਿੱਚ ਨਿਰਮਲ ਸਿੰਘ ਧਾਲੀਵਾਲ ਨੂੰ ਪੰਜਾਬ ਸੀ ਪੀ ਆਈ ਦਾ ਸਕੱਤਰ ਚੁਣੇ ਜਾਣ ‘ਤੇ ਇਨਕਲਾਬੀ ਸ਼ੁਭ-ਕਾਮਨਾਵਾਂ ਭੇਟ ਕਰਦੇ ਹੋਏ ਸਾਰੇ ਸਾਥੀਆਂ ਨੇ ਹਾਰ ਪਾ ਕੇ ਸਨਮਾਨਤ ਕਰਦੇ ਹੋਏ ਕਿਹਾ ਕਿ ਸਾਥੀ ਪਹਿਲਾਂ ਦੀ ਤਰ੍ਹਾਂ ਮਜ਼ਦੂਰ—ਮੁਲਾਜ਼ਮ, ਕਿਸਾਨ, ਵਿਦਿਆਰਥੀ ਸਮੂਹ, ਕਿਰਤੀ ਵਰਗ ਦੀ ਸੁਚੱਜੇ ਢੰਗ ਨਾਲ ਨੁਮਾਇੰਦਗੀ ਕਰਦੇ ਰਹਿਣਗੇ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਧਾਲੀਵਾਲ ਨੇ ਹਿੰਦੁਸਤਾਨ, ਪੰਜਾਬ ਦੇ ਸਮੁੱਚੇ ਹਾਲਾਤ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ 44 ਲੇਬਰ ਕਾਨੂੰਨ ਤੋੜ ਕੇ 4 ਕੋਡ ਬਿੱਲ ਲਾਗੂ ਕਰਕੇ ਕਿਰਤੀ ਜਮਾਤ ਦਾ ਗਲਾ ਘੁਟਣ ਦਾ ਕੰਮ ਕੀਤਾ ਹੈ। ਕੱਚੇ ਕਾਮੇ ਬੁਰੀ ਤਰ੍ਹਾਂ ਆਰਥਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਪੱਕੇ ਕਰਨ ਦੀ ਨੀਤੀ ਤਿਆਗ ਦਿੱਤੀ ਹੈ। ਪਬਲਿਕ ਸੈਕਟਰ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਪੀ ਆਰ ਟੀ ਸੀ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪੀ ਆਰ ਟੀ ਸੀ ਮਾਲਕੀ ਦੀ ਕੋਈ ਵੀ ਬੱਸ ਚਾਰ ਸਾਲਾਂ ਅੰਦਰ ਨਹੀਂ ਪਾਈ, ਕੱਚੇ ਕਾਮੇ ਪੱਕੇ ਨਹੀਂ ਕੀਤੇ, ਪੈਨਸ਼ਨ ਸਕੀਮ 1992 ਤੋਂ ਵਾਂਝੇ ਰੱਖੇ ਮੁਲਾਜ਼ਮਾਂ ਨੂੰ ਪੈਨਸ਼ਨ ਨਹੀਂ ਦਿੱਤੀ ਜਾ ਰਹੀ, ਪੰਜਾਬ ਸਰਕਾਰ ਵੱਲੋਂ ਪੀ ਆਰ ਟੀ ਸੀ ਦੇ ਸਫਰ ਸਹੂਲਤਾਂ ਦੇ 600 ਕਰੋੜ ਰੁਪਏ ਨਾ ਦੇਣ ਕਰਕੇ ਵਰਕਰਾਂ ਦੇ ਸੇਵਾ-ਮੁਕਤੀ ਬਕਾਏ, ਮੈਡੀਕਲ ਬਿੱਲਾਂ ਦੀ ਅਦਾਇਗੀ ਨਹੀਂ ਹੋ ਰਹੀ ਅਤੇ ਸਮੇਂ ਸਿਰ ਤਨਖਾਹ ਤੇ ਪੈਨਸ਼ਨ ਦੀ ਅਦਾਇਗੀ ਨਹੀ ਕੀਤੀ ਜਾ ਰਹੀ।ਮੀਟਿੰਗ ਨੂੰ ਮੁਹੰਮਦ ਖਲੀਲ, ਉਤਮ ਸਿੰਘ ਬਾਗੜੀ, ਰਮੇਸ਼ ਕੁਮਾਰ ਨੇ ਸੰਬੋਧਨ ਕਰਦੇ ਹੋਏ ਮੰਗ ਕੀਤੀ ਕਿ ਪੰਜਾਬ ਸਰਕਾਰ, ਪੀ ਆਰ ਟੀ ਸੀ ਮੈਨੇਜਮੈਂਟ ਐਕਸ਼ਨ ਕਮੇਟੀ ਵੱਲੋਂ ਦਿੱਤੇ ਮੰਗ ਪੱਤਰ ‘ਤੇ ਬਿਨਾਂ ਦੇਰੀ ਤੋਂ ਗੱਲ ਕਰਕੇ ਮੰਗਾਂ ਦਾ ਸਾਰਥਕ ਤਰੀਕੇ ਨਾਲ ਨਿਪਟਾਰਾ ਕਰੇ। ਸਟੇਜ ਦਾ ਸੰਚਾਲਨ ਸੁਖਦੇਵ ਰਾਮ ਸੁੱਖੀ ਨੇ ਬਾਖੂਬੀ ਨਿਭਾਇਆ।





