ਮਾਨਸਾ (ਆਤਮਾ ਸਿੰਘ ਪਮਾਰ)-ਭਾਰਤੀ ਸੰਵਿਧਾਨ ਦੇ ਨਿਰਮਾਤਾ, ਯੁੱਗ ਪੁਰਸ਼ ਤੇ ਭਾਰਤ ਰਤਨ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਦੇ 135ਵੇਂ ਜਨਮ ਦਿਨ ਮੌਕੇ ਵਿਸ਼ਾਲ ਕਨਵੈਨਸ਼ਨ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੀਤਾਰਾਮ ਗੋਬਿੰਦਪੁਰਾ ਤੇ ਏਟਕ ਆਗੂ ਕਰਨੈਲ ਸਿੰਘ ਭੀਖੀ ਦੇ ਪ੍ਰਧਾਨਗੀ ਮੰਡਲ ਹੇਠ ਹੋਈ। ਇਸ ਮੌਕੇ ਸਮੁੱਚੀ ਲੀਡਰਸ਼ਿਪ ਵੱਲੋਂ ਬਾਬਾ ਸਾਹਿਬ ਦੀ ਤਸਵੀਰ ਨੂੰ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ ਅਤੇ ਨਾਅਰਿਆਂ ਦੀ ਗੂੰਜ ਨਾਲ ਸਿਜਦਾ ਕੀਤਾ। ਸਕੱਤਰ ਸੀ ਪੀ ਆਈ ਪੰਜਾਬ ਨਿਰਮਲ ਸਿੰਘ ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਰਾਜਸੱਤਾ ‘ਤੇ ਸੰਵਿਧਾਨ ਵਿਰੋਧੀ ਤਾਕਤਾਂ ਕਾਬਜ਼ ਹਨ, ਜਿਨ੍ਹਾਂ ਨੂੰ ਲਾਂਭੇ ਕਰਨਾ ਅਤੇ ਸੰਵਿਧਾਨ ਤੇ ਦੇਸ਼ ਦੀ ਰਾਖੀ ਕਰਕੇ ਹੀ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਉਹਨਾ ਕਿਹਾ ਲੰਮੇ ਅਰਸੇ ਤੇ ਕੁਰਬਾਨੀਆਂ ਤੇ ਸੰਘਰਸ਼ਾਂ ਰਾਹੀਂ ਪ੍ਰਾਪਤ ਕਿਰਤ ਕਾਨੂੰਨਾਂ ਨੂੰ ਸੋਧ ਰਾਹੀਂ ਖਤਮ ਕਰਕੇ ਕਿਰਤ ਵਿਰੋਧੀ ਅਤੇ ਸਰਮਾਏਦਾਰਾਂ ਪੱਖੀ ਕਾਨੂੰਨ ਲਾਗੂ ਕੀਤੇ ਜਾ ਚੁੱਕੇ ਹਨ। ਮੋਦੀ ਸਰਕਾਰ ਵੱਲੋਂ ਧੜਾਧੜ ਲੋਕ ਵਿਰੋਧੀ ਨੀਤੀਆਂ ਲਾਗੂ ਕਰਕੇ ਦੇਸ਼ ਅਤੇ ਸੰਵਿਧਾਨ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ।ਚਾਰ ਲੇਬਰ ਕੋਡ, ਨਵੇਂ ਬਣੇ ਕਾਨੂੰਨ ਬੀ ਵੀ ਜੀ ਰਾਮ ਜੀ ਸਮੇਤ ਕੰਮ ਕਰਨ ਲਈ ਦਿਹਾੜੀ ਦਾ ਸਮਾਂ 8 ਤੋਂ 12 ਘੰਟੇ ਕਰਨ ਆਦਿ ਕਾਲੇ ਕਾਨੂੰਨਾਂ ਦੀ ਸਿਰਜਣਾ ਕਰਕੇ ਸਮੁੱਚੇ ਕਿਰਤੀਆਂ ਨਾਲ ਵੱਡਾ ਧੋਖਾ ਕੀਤਾ ਹੈ।
ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਚਿੰਤਾ ਜ਼ਾਹਰ ਕੀਤੀ ਕਿ ਕਾਲੇ ਕਾਨੂੰਨਾਂ ਰਾਹੀਂ ਸਮਾਜਿਕ ਬਰਾਬਰੀ ਤੇ ਰਾਖਵਾਂਕਰਨ ਖ਼ਤਮ ਕਰਨ ਤੇ ਦਲਿਤਾਂ, ਮਜ਼ਦੂਰਾਂ ਨੂੰ ਮੁੜ ਗੁਲਾਮੀ ਵੱਲ ਧੱਕਣ ਦੀ ਸਾਜ਼ਿਸ਼ ਘੜੀ ਜਾ ਰਹੀ ਹੈ। ਕਮਿਊਨਿਸਟ ਆਗੂ ਨੇ ਚਿਤਾਵਨੀ ਦਿੱਤੀ ਤੇ ਕਿਹਾ ਕਿ ਜੇਕਰ ਅਸੀਂ ਆਪਣੇ ਦੋਸਤ ਤੇ ਦੁਸ਼ਮਣ ਦੀ ਪਛਾਣ ਨਾ ਕਰ ਸਕੇ ਤਾਂ ਸਾਡੇ ਭਵਿੱਖ ਹਨੇਰੇ ‘ਚ ਜਾਣ ਤੋਂ ਕੋਈ ਨਹੀਂ ਰੋਕ ਸਕਦਾ।ਸਾਥੀ ਅਰਸ਼ੀ ਨੇ ਕਿਹਾ ਕਿ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਦੇ ਸੰਘਰਸ਼ਮਈ ਜੀਵਨੀ ਅਤੇ ਫਲਸਫੇ ਤੋਂ ਸੇਧ ਤੇ ਪ੍ਰੇਰਨਾ ਲੈ ਕੇ ਪੜ੍ਹਨ, ਜੁੜਨ ਅਤੇ ਸੰਘਰਸ਼ ਦੇ ਰਸਤੇ ਤੁਰਨਾ ਹੋਵੇਗਾ।ਜਥੇਬੰਦੀ ਦੇ ਸੂਬਾਈ ਆਗੂ ਕ੍ਰਿਸ਼ਨ ਸਿੰਘ ਚੌਹਾਨ ਨੇ ਯੁੱਗ ਪੁਰਸ਼ ਤੇ ਦੱਬੇ-ਕੁੱਚਲੇ ਸਮਾਜ ਨੂੰ ਆਪਣੇ ਰਹਿਬਰ ਵੱਲੋਂ ਦਰਸਾਏ ਮਾਰਗ ਅਤੇ ਪਾਏ ਗਏ ਪੂਰਨਿਆਂ ‘ਤੇ ਚੱਲਣ ਦੀ ਅਪੀਲ ਕੀਤੀ।ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਗਸੀਰ ਰਾਏਕੇ ਵੱਲੋਂ ਬਾਖੂਬੀ ਨਿਭਾਈ ਗਈ।ਕਨਵੈਨਸ਼ਨ ਨੂੰ ਹੋਰਨਾਂ ਤੋਂ ਇਲਾਵਾ ਵੇਦ ਪ੍ਰਕਾਸ਼ ਬੁਢਲਾਡਾ, ਰੂਪ ਸਿੰਘ ਢਿੱਲੋਂ, ਅਰਵਿੰਦਰ ਕੌਰ, ਰਤਨ ਭੋਲਾ, ਡਾ. ਰਾਜ ਕੁਮਾਰ ਸ਼ਰਮਾ, ਕੇਵਲ ਸਿੰਘ ਸਮਾਓ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਬਲਵੰਤ ਸਿੰਘ ਫੱਕਰ, ਹਰਦਿਆਲ ਸਿੰਘ ਬੁਢਲਾਡਾ, ਪੂਰਨ ਸਿੰਘ ਸਰਦੂਲਗੜ੍ਹ, ਸੁਖਦੇਵ ਸਿੰਘ ਪੰਧੇਰ, ਕੁਲਵਿੰਦਰ ਪਾਸਟਰ, ਬੂਟਾ ਸਿੰਘ ਬਰਨਾਲਾ, ਜੀਤ ਰਾਮ ਪੇਂਟਰ ਯੂਨੀਅਨ, ਲਾਭ ਸਿੰਘ ਮੰਢਾਲੀ, ਸੁਖਦੇਵ ਸਿੰਘ ਉਸਾਰੀ ਯੂਨੀਅਨ, ਕਿਰਨਾ ਰਾਣੀ ਐੱਮ ਸੀ, ਪੁਸ਼ਪਿੰਦਰ ਚੌਹਾਨ, ਗੁਰਦਿਆਲ ਸਿੰਘ, ਝੰਡਾ ਸਿੰਘ, ਪ੍ਰਕਾਸ਼ ਸਿੰਘ ਬੁਢਲਾਡਾ, ਮਲਕੀਤ ਬਖਸ਼ੀਵਾਲਾ, ਕਰਨੈਲ ਸਿੰਘ ਰਿਉਂਦ, ਮੇਜਰ ਸਿੰਘ ਦੂਲੋਵਾਲ ਟਰੇਡ ਯੂਨੀਅਨ ਆਗੂ, ਪੈਨਸ਼ਨਰਜ਼ ਐਸੋਸੀਏਸ਼ਨ, ਮਨਰੇਗਾ ਮਜ਼ਦੂਰਾਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ।





