ਅੰਮ੍ਰਿਤਸਰ ਦੀ ਪਾਵਰਲੂਮ ਸਨਅਤ ਦੇ ਮਜ਼ਦੂਰਾਂ ਦੀਆਂ ਤਨਖਾਹਾਂ/ਰੇਟਾਂ ‘ਚ 9 ਫੀਸਦੀ ਵਾਧੇ ਦਾ ਫੈਸਲਾ

0
10

ਅੰਮ੍ਰਿਤਸਰ : ਮਜ਼ਦੂਰ ਜਥੇਬੰਦੀਆਂ ਏਟਕ, ਸੀਟੂ, ਸੀ ਟੀ ਯੂ ਪੰਜਾਬ ਅਤੇ ਮਾਲਕਾਂ ਦੀ ਜਥੇਬੰਦੀ ਟੈਕਸਟਾਈਲ ਮੈਨੂਫੈਕਚਰਰ ਵੈੱਲਫੇਅਰ ਐਸੋਸੀਏਸ਼ਨ ਦੇ ਸਮਝੌਤੇ ਅਨੁਸਾਰ ਕੱਪੜਾ ਬੁਣਨ ਦੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਦੀਆਂ ਤਨਖਾਹਾਂ/ਰੇਟਾਂ ਵਿੱਚ 9 ਫੀਸਦੀ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਵਾਧਾ 1 ਮਈ 2026 ਤੋਂ ਲਾਗੂ ਹੋਵੇਗਾ। ਫੈਸਲੇ ਵਿੱਚ ਮਜ਼ਦੂਰਾਂ ਦੇ ਆਗੂ ਅਮਰਜੀਤ ਸਿੰਘ ਆਸਲ, ਸੁੱਚਾ ਸਿੰਘ ਅਜਨਾਲਾ, ਜਗਤਾਰ ਸਿੰਘ ਕਰਮਪੁਰਾ ਅਤੇ ਮੋਹਨ ਲਾਲ ਸ਼ਾਮਲ ਸਨ। ਮਾਲਕਾਂ ਦੀ ਜਥੇਬੰਦੀ ਵੱਲੋਂ ਪਿਆਰਾ ਲਾਲ ਸੇਠ, ਦਲੀਪ ਸ਼ਰਮਾ, ਜੋਗਿੰਦਰ ਮੋਂਗਾ, ਨਰਿੰਦਰ ਸੂਰੀ, ਗੁਰਬੀਰ ਸਿੰਘ, ਰਾਜਾ ਚੱਢਾ, ਸੁਨੀਲ ਅਰੋੜਾ, ਰਾਜੀਵ ਜੇਤਲੀ ਆਦਿ ਸ਼ਾਮਿਲ ਸਨ। ਇਹਨਾਂ ਫੈਕਟਰੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਅਤੇ ਫੈਕਟਰੀਆਂ ਦੇ ਮਾਲਕਾਂ ਦੀ ਜਥੇਬੰਦੀ ਵੱਲੋਂ ਮਜ਼ਦੂਰਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ਬਾਰੇ ਗੱਲਬਾਤ ਕਰਕੇ ਫੈਸਲਾ ਕਰਨ ਦੀ ਪੁਰਾਣੀ ਰਵਾਇਤ ਚਲੀ ਆ ਰਹੀ ਹੈ। ਪਿਛਲਾ ਸਮਝੌਤਾ 31 ਜਨਵਰੀ 2026 ਨੂੰ ਖਤਮ ਹੋ ਚੁੱਕਾ ਸੀ। ਯੂਨੀਅਨਾਂ ਵੱਲੋਂ ਸਾਂਝੇ ਤੌਰ ‘ਤੇ ਮਾਲਕਾਂ ਦੀ ਜਥੇਬੰਦੀ ਨੂੰ ਨੋਟਿਸ ਭੇਜਿਆ ਗਿਆ ਸੀ, ਪਰ ਫੈਸਲੇ ਵਿੱਚ ਦੇਰੀ ਹੋਣ ਕਰਕੇ ਮਜ਼ਦੂਰਾਂ ਨੇ 16 ਅਪਰੈਲ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦਾ ਫੈਸਲਾ ਕੀਤਾ ਸੀ, ਪ੍ਰੰਤੂ ਮਾਲਕਾਂ ਦੀ ਜਥੇਬੰਦੀ ਵੱਲੋਂ 15 ਅਪ੍ਰੈਲ ਨੂੰ ਗੱਲਬਾਤ ਕਰਕੇ ਫੈਸਲਾ ਕਰ ਲਿਆ ਗਿਆ, ਜਿਸ ਅਨੁਸਾਰ ਮਜ਼ਦੂਰਾਂ ਦੀਆਂ ਤਨਖਾਹਾਂ ਵਿੱਚ 9 ਫੀਸਦੀ ਵਾਧਾ ਕਰਨਾ ਮੰਨ ਲਿਆ ਹੈ। ਇਹ ਫੈਸਲਾ 1 ਮਈ ਤੋਂ ਲਾਗੂ ਹੋਵੇਗਾ ਅਤੇ 31 ਦਸੰਬਰ 2027 ਤੱਕ ਲਾਗੂ ਰਹੇਗਾ। ਸਮਝੌਤੇ ਤੋਂ ਬਾਅਦ ਬੱਕਰ ਮੰਡੀ ਇਲਾਕੇ ਵਿੱਚ ਇਹਨਾਂ ਫੈਕਟਰੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਦੀ ਵਿਸ਼ਾਲ ਰੈਲੀ ਕੀਤੀ ਗਈ ਅਤੇ ਫੈਸਲਾ ਦਾ ਐਲਾਨ ਕੀਤਾ ਗਿਆ।
ਇਸ ਰੈਲੀ ਨੂੰ ਅਮਰਜੀਤ ਸਿੰਘ ਆਸਲ, ਸੁੱਚਾ ਸਿੰਘ ਅਜਨਾਲਾ, ਜਗਤਾਰ ਸਿੰਘ ਕਰਮਪੁਰਾ, ਦਸਵਿੰਦਰ ਕੌਰ, ਚਰਨਜੀਤ ਸਿੰਘ ਮਜੀਠਾ, ਮੋਹਨ ਲਾਲ, ਕ੍ਰਿਪਾ ਰਾਮ, ਵਿਜੇ ਕੁਮਾਰ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਮਜ਼ਦੂਰਾਂ ਨੂੰ ਤਨਖਾਹਾਂ ਵਿੱਚ 9 ਫੀਸਦੀ ਵਾਧੇ ਦੀ ਵਧਾਈ ਦਿੱਤੀ ਅਤੇ ਆਪਣੀਆਂ ਜਥੇਬੰਦੀਆਂ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ। ਮਜ਼ਦੂਰਾਂ ਵੱਲੋਂ ਬੁਲੰਦ ਨਾਅਰਿਆਂ ਨਾਲ ਸਮਝੌਤੇ ਨੂੰ ਸਵੀਕਾਰ ਕੀਤਾ ਗਿਆ।