ਨਵੀਂ ਦਿੱਲੀ (ਨ ਜ਼ ਸ)- ਸ਼ੁੱਕਰਵਾਰ ਦੁਪਹਿਰ ਨੂੰ ਦੁਨੀਆ ਦੇ 100 ਸਭ ਤੋਂ ਗਰਮ ਸ਼ਹਿਰਾਂ ਵਿੱਚੋਂ 97 ਭਾਰਤ ਵਿੱਚ ਸਨ। ਓਡੀਸ਼ਾ ਦਾ ਬੋਲਾਂਗੀਰ 48 ਡਿਗਰੀ ਸੈਲਸ਼ੀਅਸ ਤਾਪਮਾਨ ‘ਤੇ ਸਭ ਤੋਂ ਗਰਮ ਸਥਾਨ ਵਜੋਂ ਉਭਰਿਆ। ਇਸ ਤੋਂ ਬਾਅਦ ਬਿਹਾਰ ਦੇ ਸਾਸਾਰਾਮ ਵਿੱਚ 48 ਡਿਗਰੀ ਅਤੇ ਯੂ ਪੀ ਦੇ ਵਾਰਾਣਸੀ ਵਿੱਚ 47 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਕਈ ਸ਼ਹਿਰਾਂ ਵਿੱਚ ਨਮੀ ਦਾ ਪੱਧਰ 6 ਤੋਂ 8 ਪ੍ਰਤੀਸ਼ਤ ਦੇ ਵਿਚਕਾਰ ਰਿਹਾ, ਜਿਸ ਨਾਲ ਹਾਲਾਤ ਬਹੁਤ ਜ਼ਿਆਦਾ ਗਰਮ ਸ਼੍ਰੇਣੀ ਵਿੱਚ ਆ ਗਏ। ਚੋਟੀ ਦੇ 100 ਸ਼ਹਿਰਾਂ ਦੀ ਸੂਚੀ ਵਿੱਚ ਸਿਰਫ ਨੇਪਾਲ ਦੇ ਤਿੰਨ ਸ਼ਹਿਰ ਹੀ ਅਪਵਾਦ ਸਨ—ਧਨਗੜ੍ਹੀ 23ਵੇਂ ਸਥਾਨ ‘ਤੇ, ਨੇਪਾਲਗੰਜ 34ਵੇਂ ਸਥਾਨ ‘ਤੇ ਅਤੇ ਲੁੰਬਿਨੀ ਸੰਸਕ੍ਰਿਤਿਕ 76ਵੇਂ ਸਥਾਨ ‘ਤੇ—ਜਿੱਥੇ ਤਾਪਮਾਨ 45 ਅਤੇ 46 ਦੇ ਵਿਚਕਾਰ ਸੀ। ਸੂਚੀ ਵਿੱਚ ਪਟਿਆਲਾ 46 ਡਿਗਰੀ ਨਾਲ 42ਵੇਂ ਤੇ ਚੰਡੀਗੜ੍ਹ 45 ਡਿਗਰੀ ਨਾਲ 77ਵੇਂ ਸਥਾਨ ‘ਤੇ ਰਿਹਾ।
ਇਸੇ ਦੌਰਾਨ ਨੈਸ਼ਨਲ ਕਰਾਈਮ ਰਿਕਾਰਡਜ਼ ਬਿਊਰੋ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਵਿੱਚ ਇੱਕ ਵੱਡਾ ਚਿੰਤਾ ਦਾ ਵਿਸ਼ਾ ਖੜ੍ਹਾ ਕਰ ਦਿੱਤਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਸਾਲ 2024 ਦੌਰਾਨ ਦੇਸ਼ ਭਰ ਵਿੱਚੋਂ ਲੂ (ਹੀਟਸਟਰੋਕ) ਲੱਗਣ ਕਾਰਨ ਸਭ ਤੋਂ ਵੱਧ 78 ਮੌਤਾਂ ਇਕੱਲੇ ਅੰਮ੍ਰਿਤਸਰ ਸ਼ਹਿਰ ਵਿੱਚ ਦਰਜ ਕੀਤੀਆਂ ਗਈਆਂ। ਵੱਡੀ ਗਿਣਤੀ ਵਿੱਚ ਬਾਹਰੋਂ ਆਉਣ ਵਾਲੇ ਲੋਕਾਂ (ਫਲੋਟਿੰਗ ਪਾਪੂਲੇਸ਼ਨ) ਵਾਲੇ ਇਸ ਇਤਿਹਾਸਕ ਸ਼ਹਿਰ ਲਈ ਇਹ ਅੰਕੜਾ ਬੇਹੱਦ ਭਿਆਨਕ ਅਤੇ ਪ੍ਰੇਸ਼ਾਨ ਕਰਨ ਵਾਲਾ ਹੈ।
ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਸੈਮਸਨ ਮਸੀਹ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬੇਸਹਾਰਾ ਅਤੇ ਮੰਗਣ ਵਾਲੇ ਲੋਕ ਵੱਡੀ ਤਾਦਾਦ ਵਿੱਚ ਇੱਥੇ ਆਉਂਦੇ ਹਨ। ਇਹ ਵਰਗ ਸਭ ਤੋਂ ਵੱਧ ਸੰਵੇਦਨਸ਼ੀਲ ਹੈ ਕਿਉਂਕਿ ਉਨ੍ਹਾਂ ਕੋਲ ਨਾ ਤਾਂ ਰਹਿਣ ਦਾ ਕੋਈ ਪੱਕਾ ਟਿਕਾਣਾ ਹੁੰਦਾ ਹੈ ਅਤੇ ਨਾ ਹੀ ਮੌਸਮ ਦੀ ਮਾਰ ਤੋਂ ਬਚਣ ਦੇ ਸਾਧਨ। ਇਹ ਲੋਕ ਅਕਸਰ ਧਾਰਮਿਕ ਸਥਾਨਾਂ, ਮਜ਼ਾਰਾਂ ਦੇ ਬਾਹਰ, ਸੜਕਾਂ ਦੇ ਕਿਨਾਰਿਆਂ ਅਤੇ ਡਿਵਾਈਡਰਾਂ ‘ਤੇ ਬੈਠੇ ਦੇਖੇ ਜਾ ਸਕਦੇ ਹਨ। ਮਾਹਰਾਂ ਅਨੁਸਾਰ ਅਪਰੈਲ ਤੋਂ ਜੂਨ 2024 ਤੱਕ ਦਾ ਸਮਾਂ ਬੇਹੱਦ ਗਰਮ ਅਤੇ ਲੰਬੀ ਲੂ ਵਾਲਾ ਰਿਹਾ, ਜਿਸ ਨੂੰ ਜਲਵਾਯੂ ਪਰਿਵਰਤਨ (ਕਲਾਈਮੇਟ ਚੇਂਜ) ਕਾਰਨ ਭਾਰਤ ਵਿੱਚ ਲਗਾਤਾਰ ਤੀਜੇ ਸਾਲ ਪੈਣ ਵਾਲੀ ਅੱਤ ਦੀ ਗਰਮੀ ਵਜੋਂ ਦਰਜ ਕੀਤਾ ਗਿਆ ਹੈ।
ਸਿਹਤ ਮਾਹਰ ਡਾ. ਗੁਰਮੀਤ ਸਿੰਘ ਨੇ ਦੱਸਿਆ ਕਿ ਮਨੁੱਖੀ ਸਰੀਰ ਆਪਣੇ ਅੰਦਰੂਨੀ ਤਾਪਮਾਨ ਨੂੰ 37 ਡਿਗਰੀ ਸੈਲਸੀਅਸ ‘ਤੇ ਬਣਾਈ ਰੱਖਣ ਲਈ ਨਿਰੰਤਰ ਕੰਮ ਕਰਦਾ ਹੈ ਅਤੇ ਸਰੀਰ ਨੂੰ ਠੰਢਾ ਰੱਖਣ ਦਾ ਮੁੱਖ ਜ਼ਰੀਆ ਮੁੜ੍ਹਕਾ ਆਉਣਾ ਹੈ। ਜਦੋਂ ਬਾਹਰਲਾ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਹਵਾ ਵਿੱਚ ਨਮੀ ਵੀ ਵਧ ਜਾਂਦੀ ਹੈ, ਤਾਂ ਮੁੜ੍ਹਕਾ ਸੁੱਕ ਨਹੀਂ ਪਾਉਂਦਾ। ਪੰਜਾਬ ਦੇ ਮੈਦਾਨੀ ਇਲਾਕਿਆਂ ਅਤੇ ਖਾਸ ਕਰਕੇ ਅੰਮ੍ਰਿਤਸਰ ਵਿੱਚ ਹਵਾ ਦੀ ਗਤੀ ਘੱਟ ਹੋਣ ਅਤੇ ਨਮੀ ਜ਼ਿਆਦਾ ਹੋਣ ਕਾਰਨ ਮੁੜ੍ਹਕਾ ਵਾਸ਼ਪੀਕ੍ਰਿਤ (ਇਵੈਪੋਰੇਟ) ਨਹੀਂ ਹੁੰਦਾ, ਜਿਸ ਨਾਲ ਸਰੀਰ ਦਾ ਕੁਦਰਤੀ ਕੂਲਿੰਗ ਸਿਸਟਮ ਫੇਲ੍ਹ ਹੋ ਜਾਂਦਾ ਹੈ ਅਤੇ ਵਿਅਕਤੀ ਹੀਟਸਟਰੋਕ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਭੂਗੋਲਿਕ ਪੱਖੋਂ ਪੰਜਾਬ ਦੇ ਮੈਦਾਨੀ ਇਲਾਕੇ ਚਾਰੋਂ ਪਾਸਿਓਂ ਜ਼ਮੀਨ ਨਾਲ ਘਿਰੇ (ਲੈਂਡਲੌਕਡ) ਹੋਣ ਕਰਕੇ ਇੱਥੇ ਕੋਈ ਵੱਡਾ ਜਲ ਸਰੋਤ ਨਹੀਂ ਹੈ, ਜੋ ਤਾਪਮਾਨ ਨੂੰ ਸੰਤੁਲਤ ਕਰ ਸਕੇ। ਇਸ ਕਾਰਨ ਗਰਮੀ ਤੇਜ਼ੀ ਨਾਲ ਵਧਦੀ ਹੈ ਅਤੇ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ।
ਪਿਛਲੇ ਕੁਝ ਦਹਾਕਿਆਂ ਦੌਰਾਨ ਹੋਏ ਵੱਖ-ਵੱਖ ਅਧਿਐਨਾਂ ਤੋਂ ਸਾਹਮਣੇ ਆਇਆ ਹੈ ਕਿ ਸ਼ਹਿਰ ਵਿੱਚ ਚੱਲ ਰਹੇ ਵੱਡੇ ਨਿਰਮਾਣ ਕਾਰਜਾਂ, ਵਾਹਨਾਂ ਦੇ ਧੂੰਏਂ ਅਤੇ ਉਦਯੋਗਾਂ ਕਾਰਨ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਹੱਦ ਤੱਕ ਵਧਿਆ ਹੈ। ਸ਼ਹਿਰ ਦੇ ਅੰਦਰੂਨੀ ਅਤੇ ਬਾਹਰੀ ਹਿੱਸਿਆਂ ਵਿੱਚ ਸੜਕਾਂ ਨੂੰ ਚੌੜਾ ਕਰਨ, ਫੋਰ-ਲੇਨਿੰਗ, ਦਿੱਲੀ-ਕਟੜਾ ਐਕਸਪ੍ਰੈਸਵੇਅ, ਐਲੀਵੇਟਿਡ ਰੋਡ ਨੈੱਟਵਰਕ, ਬੀ ਆਰ ਟੀ ਐੱਸ ਪ੍ਰੋਜੈਕਟ ਅਤੇ ਸ਼ਾਪਿੰਗ ਮਾਲਾਂ ਦੇ ਨਿਰਮਾਣ ਲਈ ਵੱਡੀ ਪੱਧਰ ‘ਤੇ ਹਰੇ-ਭਰੇ ਰੁੱਖਾਂ ਦੀ ਕਟਾਈ ਕੀਤੀ ਗਈ, ਜਿਸ ਨੇ ਗਰਮੀ ਦੇ ਕਹਿਰ ਨੂੰ ਹੋਰ ਵਧਾ ਦਿੱਤਾ ਹੈ। ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਉਹ ਸਿਹਤ ਵਿਭਾਗ ਨੂੰ ਇਨ੍ਹਾਂ ਮੌਤਾਂ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕਰਨ ਦੇ ਨਿਰਦੇਸ਼ ਦੇਣਗੇ। ਪ੍ਰਸ਼ਾਸਨ ਵੱਲੋਂ ਹਰ ਸਾਲ ਵੱਡੀ ਪੱਧਰ ‘ਤੇ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਜਾਂਦੀ ਹੈ, ਪਰ ਇਸ ਵਾਰ ਉਹ ਵਿਸ਼ੇਸ਼ ਤੌਰ ‘ਤੇ ਇਹ ਜਾਂਚ ਕਰਵਾਉਣਗੇ ਕਿ ਪਹਿਲਾਂ ਲਗਾਏ ਗਏ ਪੌਦਿਆਂ ਦੇ ਜੀਵਤ ਰਹਿਣ ਦੀ ਦਰ ਕੀ ਰਹੀ ਹੈ।





