ਬੈਂਗਲੁਰੂ (ਨ ਜ਼ ਸ)-ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਵੀਰਵਾਰ ਆਪਣਾ ਅਸਤੀਫਾ ਸੌਂਪ ਦਿੱਤਾ, ਜਿਸ ਨਾਲ ਰਾਜ ਵਿੱਚ ਸੱਤਾ-ਵੰਡ ਨੂੰ ਲੈ ਕੇ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ਦਾ ਅੰਤ ਹੋ ਗਿਆ। ਰਾਜਪਾਲ ਥਾਵਰ ਚੰਦ ਗਹਿਲੋਤ ਦੀ ਗੈਰਹਾਜ਼ਰੀ ਵਿੱਚ ਉਨ੍ਹਾ ਰਾਜਪਾਲ ਦੇ ਸਕੱਤਰ ਨੂੰ ਅਸਤੀਫਾ ਪੱਤਰ ਸੌਂਪ ਦਿੱਤਾ। ਸਿੱਧਰਮਈਆ ਨੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਲੀਡਰਸ਼ਿਪ ਅਤੇ ਕਾਂਗਰਸ ਵਿਧਾਇਕ ਦਲ ਇਹ ਫੈਸਲਾ ਕਰਨਗੇ ਕਿ ਉਨ੍ਹਾਂ ਦਾ ਉਤਰਾਧਿਕਾਰੀ ਕੌਣ ਹੋਵੇਗਾ। ਸਿੱਧਰਮਈਆ ਨੇ ਕਿਹਾ ਕਿ ਉਨ੍ਹਾ ਪਹਿਲਾਂ ਵੀ ਕਿਹਾ ਸੀ ਕਿ ਜਦੋਂ ਵੀ ਕਾਂਗਰਸ ਲੀਡਰਸ਼ਿਪ ਉਨ੍ਹਾਂ ਨੂੰ ਕਹੇਗੀ, ਉਹ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਉਨ੍ਹਾ ਕਿਹਾ ਕਿ ਉਹ ਸਰਗਰਮ ਰਾਜਨੀਤੀ ਵਿੱਚ ਰਹਿਣਗੇ। ਉਨ੍ਹਾਂ ਕਿਹਾ, ‘ਆਪਣੇ ਆਖਰੀ ਸਾਹ ਤੱਕ ਮੈਂ ਫਿਰਕੂ ਤਾਕਤਾਂ ਵਿਰੁੱਧ ਲੜਾਂਗਾ, ਕਿਉਂਕਿ ਸੰਵਿਧਾਨ ਇਸ ਦਾ ਵਿਰੋਧ ਕਰਦਾ ਹੈ।’ ਉਨ੍ਹਾ ਕਿਹਾ ਕਿ ਹਾਲਾਂ ਕਿ ਹਾਈਕਮਾਂਡ ਨੇ ਉਨ੍ਹਾ ਨੂੰ ਰਾਜ ਸਭਾ ਸੰਸਦ ਮੈਂਬਰ ਬਣਾਉਣ ਦੀ ਪੇਸ਼ਕਸ਼ ਕੀਤੀ ਸੀ, ਜੋ ਮੈਂ ਨਿਮਰਤਾ ਨਾਲ ਇਹ ਕਹਿ ਕੇ ਠੁਕਰਾ ਦਿੱਤਾ ਕਿ ਮੈਨੂੰ ਰਾਸ਼ਟਰੀ ਰਾਜਨੀਤੀ ਵਿੱਚ ਦਿਲਚਸਪੀ ਨਹੀਂ ਹੈ।




