ਲੋਕ ਪੰਜਾਬ ਦੇ ਦੁਸ਼ਮਣਾਂ ਨੂੰ ਪਛਾਣਨ : ਭਗਵੰਤ ਮਾਨ

0
5

ਸੀਚੇਵਾਲ (ਨਵਾਂ ਜ਼ਮਾਨਾ ਸਰਵਿਸ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਸੰਤ ਬਾਬਾ ਅਵਤਾਰ ਸਿੰਘ ਦੀ 38ਵੀਂ ਸਾਲਾਨਾ ਬਰਸੀ ਸੰਬੰਧੀ ਕਰਵਾਏ ਸਮਾਗਮ ਦੌਰਾਨ ਪਿੰਡ ਸੀਚੇਵਾਲ ਵਿਖੇ ਮੱਥਾ ਟੇਕਿਆ। ਇਸ ਮੌਕੇ ਇਕ ਪ੍ਰਗਤੀਸ਼ੀਲ ਅਤੇ ਸਵੈ-ਨਿਰਭਰ ਪੰਜਾਬ ਦਾ ਸੁਪਨਾ ਦੇਖਦਿਆਂ ਭਗਵੰਤ ਸਿੰਘ ਮਾਨ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਤ ਅਵਤਾਰ ਸਿੰਘ ਮੈਮੋਰੀਅਲ ਹਾਕੀ ਸਟੇਡੀਅਮ ਵਿਖੇ ਇੱਕ ਨਵੇਂ ਐਸਟ੍ਰੋਟਰਫ ਦਾ ਉਦਘਾਟਨ ਕੀਤਾ।ਆਮ ਆਦਮੀ ਪਾਰਟੀ ਸਰਕਾਰ ਵੱਲੋਂ ਖੇਡ ਬੁਨਿਆਦੀ ਢਾਂਚੇ, ਸਿੰਚਾਈ, ਭੂਮੀਗਤ ਪਾਣੀ ਰੀਚਾਰਜ ਅਤੇ ਲੋਕ ਭਲਾਈ ਸੰਬੰਧੀ ਕੀਤੇ ਉਪਰਾਲਿਆਂ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਨੇ ਖੇਤਾਂ ਤੱਕ 21,000 ਕਿਊਸਿਕ ਪਾਣੀ ਪਹੁੰਚਾਇਆ ਹੈ, ਜੋ ਦੋ ਭਾਖੜਾ ਨਹਿਰਾਂ ਦੇ ਬਰਾਬਰ ਹੈ।
ਉਨ੍ਹਾ ਕਿਹਾ, “’ਇਹ ਸਹੀ ਸਮਾਂ ਹੈ ਕਿ ਪੰਜਾਬੀ ਇਕਜੁੱਟ ਹੋ ਕੇ ਫੁੱਟ ਪਾਊ ਤਾਕਤਾਂ ਨੂੰ ਢੁਕਵਾਂ ਜਵਾਬ ਦੇਣ, ਜੋ ਸੂਬੇ ਦੀ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਢਾਹ ਲਾਉਣਾ ਚਾਹੁੰਦੀਆਂ ਹਨ। ਜੋ ਲੋਕ ਭਾਈਚਾਰਕ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਪੰਜਾਬ ਦੇ ਦੁਸ਼ਮਣ ਹਨ, ਕਿਉਂਕਿ ਉਹ ਸੂਬੇ ਨੂੰ ਮੁੜ ਹਨੇਰੇ ਵਿੱਚ ਧੱਕਣਾ ਚਾਹੁੰਦੇ ਹਨ। ਇਹ ਤਾਕਤਾਂ ਫਿਰਕੂ ਝਗੜਾ ਪੈਦਾ ਕਰਕੇ ਸੱਤਾ ਹਾਸਲ ਕਰਨਾ ਚਾਹੁੰਦੀਆਂ ਹਨ, ਪਰ ਉਹਨਾਂ ਦੀਆਂ ਸੌੜੀਆਂ ਚਾਲਾਂ ਸਫਲ ਨਹੀਂ ਹੋਣਗੀਆਂ, ਕਿਉਂਕਿ ਪੰਜਾਬ ਦੇ ਲੋਕ ਹਰ ਮੌਕੇ ਇਕਜੁੱਟ ਹੋ ਕੇ ਰਹਿੰਦੇ ਹਨ।’”
ਲੋਕਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “’ਕੁਝ ਸਿਆਸੀ ਪਾਰਟੀਆਂ ਧਰਮ ਦੇ ਨਾਂਅ ‘ਤੇ ਲੋਕਾਂ ਵਿੱਚ ਫਿੱਕ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਦੀ ਰਾਜਨੀਤੀ ਭਾਈਚਾਰਿਆਂ ਵਿੱਚ ਵੰਡੀਆਂ ਪਾਉਣ ਅਤੇ ਫਿਰ ਵੋਟਾਂ ਲਈ ਦੋਵਾਂ ਧਿਰਾਂ ਨੂੰ ਡਰਾਉਣ ‘ਤੇ ਕੇਂਦਰਤ ਹੈ। ਲੋਕਾਂ ਨੂੰ ਅਜਿਹੀ ਰਾਜਨੀਤੀ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਇਹ ਲੋਕ ਜਾਤ ਅਤੇ ਧਰਮ ਦੇ ਆਧਾਰ ‘ਤੇ ਸਮਾਜ ਨੂੰ ਵੰਡ ਕੇ ਨਫ਼ਰਤ ਫੈਲਾਉਂਦੇ ਹਨ, ਪਰ ‘ਆਪ’ ਅਜਿਹੀ ਸਿਆਸਤ ਵਿੱਚ ਵਿਸ਼ਵਾਸ ਨਹੀਂ ਰੱਖਦੀ।’