ਚੰਡੀਗੜ੍ਹ, (ਗੁਰਜੀਤ ਬਿੱਲਾ/ ਸੁਰਜੀਤ ਸੁਮਨ/ ਕ੍ਰਿਸ਼ਨ ਗਰਗ)-‘ਆਪ’ ਪੰਜਾਬ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਲਗਾਏ ਗਏ ਤਮਾਮ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਉਨ੍ਹਾ ‘ਤੇ ਪਲਟਵਾਰ ਕਰਦਿਆਂ ਕਿਹਾ ਹੈ, ‘ਜਦੋਂ ਚੋਣਾਂ ਦੌਰਾਨ ਬਿੱਟੂ ਦੀ ਗੁੰਡਾਗਰਦੀ ਖ਼ਿਲਾਫ਼ ਸਾਡੀ ਪਾਰਟੀ ਅਤੇ ਮੈਂ ਸਿਧਾਂਤਕ ਸਵਾਲ ਉਠਾਏ ਤਾਂ ਬਿੱਟੂ ਜੀ ਨੇ ਜਵਾਬ ਦੇਣ ਦੀ ਬਜਾਏ ਮਰਿਆਦਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਹ ਪੂਰੀ ਤਰ੍ਹਾਂ ਪੱਧਰਹੀਣ ਰਾਜਨੀਤੀ ‘ਤੇ ਉਤਰ ਆਏ ਅਤੇ ਮੇਰੇ ਤੇ ਮੇਰੇ ਮਰਹੂਮ ਪਿਤਾ ਖ਼ਿਲਾਫ਼ ਘਟੀਆ ਚਿੱਕੜ ਉਛਾਲਣ ਲੱਗੇ, ਜਿਸ ਦਾ ਜਵਾਬ ਦੇਣਾ ਬੇਹੱਦ ਜ਼ਰੂਰੀ ਹੈ।’
ਵੀਰਵਾਰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਸਾਡਾ ਸਿਧਾਂਤਕ ਸਵਾਲ ਸਿੱਧਾ ਸੀ ਕਿ ਇੱਕ ਪਾਸੇ ਤਾਂ ਤੁਸੀਂ ਪੰਜਾਬ ਪੁਲਸ ਦੇ ਵਰਦੀਧਾਰੀ ਜਵਾਨਾਂ ਅਤੇ ਅਫ਼ਸਰਾਂ ਦੇ ਗਲ਼ਮੇ ਨੂੰ ਹੱਥ ਪਾਉਂਦੇ ਹੋ, ਉਨ੍ਹਾਂ ਨੂੰ ‘ਦਲਾਲ’ ਅਤੇ ‘ਗੁੰਡਾ’ ਵਰਗੇ ਸ਼ਬਦਾਂ ਨਾਲ ਸੰਬੋਧਨ ਕਰਦੇ ਹੋ। ਜੇਕਰ ਤੁਹਾਨੂੰ ਪੰਜਾਬ ਦੀ ਪੁਲਸ ਏਨੀ ਹੀ ਮਾੜੀ ਲੱਗਦੀ ਹੈ, ਤਾਂ 2017 ਵਿੱਚ ਕਾਂਗਰਸ ਸਰਕਾਰ ਦੇ ਸਮੇਂ ਤੁਸੀਂ ਸਾਰੇ ਨਿਯਮ-ਕਾਨੂੰਨ ਛਿੱਕੇ ਟੰਗ ਕੇ ਆਪਣੇ ਭਰਾ ਗੁਰਇਕਬਾਲ ਸਿੰਘ ਹਨੀ ਨੂੰ ਸਿੱਧਾ ਡੀ ਐੱਸ ਪੀ ਕਿਉਂ ਲਗਵਾਇਆ? ਅੱਜ ਵੀ ਤੁਹਾਡਾ ਭਰਾ ਪੰਜਾਬ ਦੇ ਖ਼ਜ਼ਾਨੇ ਵਿੱਚੋਂ ਅਤੇ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਤੋਂ ਤਨਖਾਹ ਲੈ ਰਿਹਾ ਹੈ। ਉਨ੍ਹਾ ਬਿੱਟੂ ਨੂੰ ਘੇਰਦਿਆਂ ਕਿਹਾ ਕਿ ਮੈਂ ਤੁਹਾਡੇ ਦਾਦਾ ਜੀ ਸਰਦਾਰ ਬੇਅੰਤ ਸਿੰਘ ਜੀ ਦਾ ਬੇਹੱਦ ਸਤਿਕਾਰ ਕਰਦਾ ਹਾਂ, ਜਿਨ੍ਹਾ ਦੇ ਮੁੱਖ ਮੰਤਰੀ ਰਹਿੰਦਿਆਂ ਮੇਰੇ ਪਿਤਾ ਵਿਧਾਇਕ ਸਨ, ਪਰ ਸਵਾਲ ਇਹ ਹੈ ਕਿ ਜੇਕਰ ਤੁਸੀਂ ਸਿਰਫ਼ ਆਪਣੇ ਭਰਾ ਲਈ ਕਾਨੂੰਨ ਬਦਲਵਾ ਸਕਦੇ ਸੀ, ਤਾਂ ਉਸ ਬੰਬ ਧਮਾਕੇ ਵਿੱਚ ਸ਼ਹੀਦ ਹੋਏ ਬਾਕੀ 17 ਪੁਲਸ ਮੁਲਾਜ਼ਮਾਂ ਅਤੇ ਆਮ ਨਾਗਰਿਕਾਂ ਦੇ ਪਰਵਾਰਾਂ ਨੂੰ ਡੀ ਐੱਸ ਪੀ ਕਿਉਂ ਨਹੀਂ ਲਗਵਾਇਆ? ਕੀ ਉਨ੍ਹਾਂ ਦੇ ਪਰਵਾਰਾਂ ਦੀ ਕੋਈ ਸ਼ਹਾਦਤ ਨਹੀਂ ਸੀ? ਤੁਸੀਂ ਕੇਵਲ ਆਪਣੇ ਪਰਵਾਰ ਦੇ ਸੁਆਰਥ ਲਈ ਕਾਨੂੰਨ ਨੂੰ ਅੰਗੂਠਾ ਦਿਖਾਇਆ ਅਤੇ ਬਾਕੀ ਪੀੜਤ ਪਰਵਾਰ ਅੱਜ ਵੀ ਦਰ-ਦਰ ਭਟਕ ਰਹੇ ਹਨ।ਬਿੱਟੂ ਵੱਲੋਂ ਅਰੋੜਾ ਨੂੰ ‘ਕਪੁੱਤ’ ਕਹਿਣ ਵਾਲੇ ਬਿਆਨ ‘ਤੇ ਅਰੋੜਾ ਨੇ ਕਿਹਾ ਕਿ ਪੁੱਤ ਕਪੁੱਤ ਹੈ ਜਾਂ ਸਪੁੱਤ, ਇਹ ਪੁੱਛਣ ਲਈ ਤੁਹਾਨੂੰ ਮੇਰੇ ਮਰਹੂਮ ਪਿਤਾ ਕੋਲ ਉਪਰ ਜਾਣਾ ਪਵੇਗਾ ਜਾਂ ਫਿਰ ਕੱਲ੍ਹ ਤੁਸੀਂ ਸੁਨਾਮ ਆ ਕੇ ਮੇਰੀ ਮਾਂ ਤੋਂ ਪੁੱਛ ਲਵੋ, ਜੋ ਪਿਛਲੇ ਸਵਾ ਮਹੀਨੇ ਤੋਂ ਫੋਰਟਿਸ ਹਸਪਤਾਲ ਵਿੱਚ ਅਪ੍ਰੇਸ਼ਨ ਤੋਂ ਬਾਅਦ ਬਿਸਤਰ ‘ਤੇ ਹਨ।
ਉਨ੍ਹਾ ਦੇ ਮਰਹੂਮ ਪਿਤਾ ਭਗਵਾਨ ਦਾਸ ਅਰੋੜਾ ਦੀ ਮੌਤ ‘ਤੇ ਬਿੱਟੂ ਵੱਲੋਂ ਕੀਤੀ ਗਈ ਟਿੱਪਣੀ ‘ਤੇ ਬੇਹੱਦ ਭਾਵੁਕ ਅਤੇ ਹਮਲਾਵਰ ਹੁੰਦੇ ਹੋਏ ਅਮਨ ਅਰੋੜਾ ਨੇ ਖੁਲਾਸਾ ਕੀਤਾ ਕਿ ਮੇਰੇ ਪਿਤਾ ਜੀ ਨੇ ਡਿਪਰੈਸ਼ਨ ਵਿੱਚ ਆ ਕੇ ਖੁਦਕੁਸ਼ੀ ਕੀਤੀ ਸੀ, ਇਸ ਵਿੱਚ ਕੋਈ ਸ਼ੱਕ ਨਹੀਂ, ਪਰ ਉਹ ਡਿਪਰੈਸ਼ਨ ਵਿੱਚ ਕਿਉਂ ਸਨ? ਉਹ ਉਸੇ ਸ਼ਖਸ ਦੀ ਵਜ੍ਹਾ ਕਰਕੇ ਦੁਖੀ ਹੋ ਕੇ ਇਸ ਦੁਨੀਆ ਤੋਂ ਗਏ, ਜਿਸ ਦੇ ਲਿਖੇ ਹੋਏ ਕਾਗਜ਼ ਕੱਲ੍ਹ ਤੁਸੀਂ ਪ੍ਰੈੱਸ ਕਾਨਫਰੰਸ ਵਿੱਚ ਤੋਤੇ ਵਾਂਗ ਪੜ੍ਹ-ਪੜ੍ਹ ਕੇ ਸੁਣਾ ਰਹੇ ਸੀ।ਉਨ੍ਹਾ ਕਿਹਾ ਕਿ ਸਾਡੇ ਆਦਰਯੋਗ ਜੀਜਾ ਰਾਜਿੰਦਰ ਦੀਪਾ ਨੇ ਸਾਡੇ ਪੂਰੇ ਪਰਵਾਰ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਉਨ੍ਹਾ 2002 ਵਿੱਚ ਘਰ ਦਾ ਮਾਹੌਲ ਖਰਾਬ ਕੀਤਾ, 2007 ਅਤੇ 2012 ਦੀਆਂ ਚੋਣਾਂ ਵਿੱਚ ਖੁਦ ਖੜ੍ਹੇ ਹੋ ਕੇ ਮੇਰੀ ਮੁਖਾਲਫਤ (ਵਿਰੋਧਤਾ) ਕੀਤੀ, ਤਾਂ ਜੋ ਮੈਂ ਵਿਧਾਇਕ ਨਾ ਬਣ ਸਕਾਂ ਅਤੇ ਅੱਜ ਵੀ ਉਹ ਸਹੁਰੇ ਘਰ ਰਹਿ ਕੇ ਪੂਰੇ ਪਰਵਾਰ ਨੂੰ ਪਰੇਸ਼ਾਨ ਕਰ ਰਹੇ ਹਨ। ਅਰੋੜਾ ਨੇ ਕਿਹਾ ਕਿ ਬਿੱਟੂ ਜੀ, ਤੁਸੀਂ ਜਿਹੇ ਸਮਝਦਾਰ ਦਿਖਣ ਵਾਲੇ ਆਗੂ ਉਸ ਸ਼ਖਸ ਦੇ ਮੋਹਰੇ ਬਣ ਗਏ, ਜਿਸ ਨੇ ਜ਼ਿੰਦਗੀ ਵਿੱਚ ਖੁਦ ਕੁਝ ਬਣਨ ਦੀ ਬਜਾਏ ਸਿਰਫ਼ ਦੂਜਿਆਂ ਦੇ ਘਰ ਉਜਾੜਨ ਦਾ ਕੰਮ ਕੀਤਾ ਹੈ।
ਅਮਨ ਅਰੋੜਾ ਨੇ ਬਿੱਟੂ ਦੇ ਹੋਰਨਾਂ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਰਾਜਿੰਦਰ ਦੀਪਾ ਦੇ ਉਕਸਾਉਣ ‘ਤੇ ਤੁਸੀਂ ਮੇਰੇ ‘ਤੇ ਟ੍ਰਾਂਸਪੋਰਟ ਵਿੱਚ ਫਰਜ਼ੀ ਦਸਤਖਤ ਕਰਨ ਦੇ ਦੋਸ਼ ਲਗਾ ਰਹੇ ਹੋ ਅਤੇ ਤਰੀਕਾਂ ਦੱਸ ਰਹੇ ਹੋ। ਮੈਂ ਪੁੱਛਣਾ ਚਾਹੁੰਦਾ ਹਾਂ ਕਿ 15-20 ਸਾਲ ਪਹਿਲਾਂ ਜਦੋਂ ਸਾਡੀ ਟ੍ਰਾਂਸਪੋਰਟ ਚੱਲਦੀ ਸੀ, ਉਦੋਂ ਕੀ ਬਿੱਟੂ ਜੀ ਉੱਥੇ ਮੈਨੇਜਰ ਸਨ, ਡਰਾਈਵਰ ਸਨ ਜਾਂ ਕੰਡਕਟਰ ਸਨ, ਜੋ ਉਨ੍ਹਾਂ ਨੂੰ ਏਨਾ ਗਿਆਨ ਹੈ?
ਕੋਰਟ ਕੇਸ ਅਤੇ ਸਜ਼ਾ ਦੇ ਮਾਮਲੇ ‘ਤੇ ਉਨ੍ਹਾ ਸਾਫ਼ ਕੀਤਾ ਕਿ ਜਦੋਂ ਰਾਜਿੰਦਰ ਦੀਪਾ ਅਤੇ ਉਸ ਦੇ ਸਾਥੀਆਂ ਨੇ ਮੇਰੀ ਮਾਂ ‘ਤੇ ਹਮਲਾ ਕੀਤਾ ਸੀ, ਉਦੋਂ ਮੈਂ ਆਪਣੀ ਮਾਂ ਨੂੰ ਬਚਾਇਆ ਸੀ, ਜਿਸ ਦੇ ਟਾਂਕਿਆਂ ਦੇ ਨਿਸ਼ਾਨ ਅੱਜ ਵੀ ਮੇਰੇ ਸਿਰ ‘ਤੇ ਹਨ। ਮਾਂ ਦੀ ਰੱਖਿਆ ਕਰਨ ਲਈ ਜੇਕਰ ਮੈਨੂੰ ਕੋਈ ਸਜ਼ਾ ਵੀ ਭੁਗਤਣੀ ਪਵੇ, ਤਾਂ ਮੈਨੂੰ ਕੋਈ ਪਛਤਾਵਾ ਨਹੀਂ, ਪਰ ਤੁਹਾਡੇ ਆਕਾ ਦੀਪਾ ਜੀ ਨੇ ਤੁਹਾਨੂੰ ਇਹ ਨਹੀਂ ਦੱਸਿਆ ਕਿ ਉਨ੍ਹਾ ਅਤੇ ਮੇਰੀ ਭੈਣ ਸੋਨੀਆ ਨੇ ਮਿਲ ਕੇ ਸਿਰਫ਼ ਮੈਨੂੰ ਹੀ ਨਹੀਂ, ਸਗੋਂ ਸਾਡੀ 85 ਸਾਲਾ ਬਜ਼ੁਰਗ ਮਾਂ ਨੂੰ ਵੀ ਸਜ਼ਾ ਕਰਵਾਈ ਹੈ। ਅਜਿਹੇ ਲੋਕ ਕਿੰਨੇ ਚੰਗੇ ‘ਸਪੁੱਤ’ ਅਤੇ ‘ਜਵਾਈ’ ਹਨ, ਇਹ ਪੰਜਾਬ ਦੀ ਜਨਤਾ ਚੰਗੀ ਤਰ੍ਹਾਂ ਜਾਣਦੀ ਹੈ।





