ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਕੂਲਾਂ ਵਿੱਚ 1 ਜੂਨ ਤੋਂ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਕਰਨ ਦਾ ਰਸਮੀ ਐਲਾਨ ਕਰ ਦਿੱਤਾ ਹੈ। ਇਸ ਸੰਬੰਧੀ ਸਿੱਖਿਆ ਵਿਭਾਗ ਵੱਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਸਿੱਖਿਆ ਸਕੱਤਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਹ ਫੈਸਲਾ ਸੂਬੇ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ‘ਤੇ ਲਾਗੂ ਹੋਵੇਗਾ। 1 ਜੂਨ ਤੋਂ ਸ਼ੁਰੂ ਹੋ ਕੇ ਇਹ ਛੁੱਟੀਆਂ 30 ਜੂਨ ਤੱਕ ਜਾਰੀ ਰਹਿਣਗੀਆਂ। ਇਸ ਤੋਂ ਬਾਅਦ 1 ਜੁਲਾਈ ਨੂੰ ਸਾਰੇ ਸਕੂਲ ਆਪਣੇ ਪੂਰਵ ਨਿਰਧਾਰਤ ਸਮੇਂ ਅਨੁਸਾਰ ਖੁੱਲ੍ਹਣਗੇ।
4 ਨਗਰ ਕੌਂਸਲਾਂ ਦੀਆਂ ਚੋਣਾਂ 13 ਨੂੰ
ਚੰਡੀਗੜ੍ਹ : ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਗੁਰਦਾਸਪੁਰ ਜ਼ਿਲ੍ਹੇ ਦੀਆਂ ਗੁਰਦਾਸਪੁਰ, ਦੀਨਾਨਗਰ, ਕਾਦੀਆਂ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਸ਼ਾਮਚੁਰਾਸੀ ਨਗਰ ਕੌਂਸਲ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਨੋਟੀਫਿਕੇਸ਼ਨ ਦੇ ਜਾਰੀ ਹੁੰਦੇ ਹੀ ਸੰਬੰਧਤ ਨਗਰ ਕੌਂਸਲਾਂ ਦੇ ਅਧਿਕਾਰ ਖੇਤਰ ਵਿੱਚ ਤੁਰੰਤ ਪ੍ਰਭਾਵ ਨਾਲ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਚੋਣ ਪ੍ਰੋਗਰਾਮ ਦੇ ਅਨੁਸਾਰ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ 30 ਮਈ ਤੋਂ ਸ਼ੁਰੂ ਹੋ ਕੇ 3 ਜੂਨ ਤੱਕ ਚੱਲੇਗੀ। ਨਾਮਜ਼ਦਗੀਆਂ ਦੀ ਪੜਤਾਲ 4 ਜੂਨ ਨੂੰ ਹੋਵੇਗੀ ਅਤੇ ਉਮੀਦਵਾਰ 5 ਜੂਨ ਨੂੰ ਆਪਣੇ ਨਾਂਅ ਵਾਪਸ ਲੈ ਸਕਣਗੇ। 13 ਜੂਨ ਨੂੰ ਸਵੇਰੇ 8:00 ਵਜੇ ਤੋਂ ਸ਼ਾਮ 4:00 ਵਜੇ ਤੱਕ ਵੋਟਾਂ ਪੈਣਗੀਆਂ।
ਅਮਰੀਕਾ ‘ਚ ਬੱਸ ਤੇ ਕਾਰਾਂ ਵਿਚਾਲੇ ਭਿਆਨਕ ਟੱਕਰ, 5 ਮੌਤਾਂ, 44 ਜ਼ਖਮੀ
ਸੈਕਰਾਮੈਂਟੋ (ਨਵਾਂ ਜ਼ਮਾਨਾ ਸਰਵਿਸ)-ਵਰਜੀਨੀਆ ਵਿਚ ਇਕ ਰਾਸ਼ਟਰੀ ਮਾਰਗ ‘ਤੇ ਇਕ ਬੱਸ ਕਈ ਹੋਰ ਕਾਰਾਂ ਨਾਲ ਟਕਰਾ ਗਈ, ਜਿਸ ਕਾਰਨ 5 ਲੋਕ ਮਾਰੇ ਗਏ ਅਤੇ 44 ਤੋਂ ਵੱਧ ਜ਼ਖਮੀ ਹੋ ਗਏ। ਅਧਿਕਾਰੀਆਂ ਅਨੁਸਾਰ ਇਹ ਹਾਦਸਾ ਸਟੈਫੋਰਡ ਕਾਉਂਟੀ ਵਿਚ ਇੰਟਰ ਸਟੇਟ-95 ਉਪਰ ਹੋਇਆ। ਇਹ ਜਾਣਕਾਰੀ ਵਰਜੀਨੀਆ ਸਟੇਟ ਪੁਲਸ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਸੜਕ ‘ਤੇ ਕੰਮ ਹੋ ਰਿਹਾ ਸੀ ਤੇ ਆਵਾਜਾਈ ਹੌਲੀ ਚੱਲ ਰਹੀ ਸੀ, ਪਰੰਤੂ ਬੱਸ ਦਾ ਡਰਾਈਵਰ ਬੱਸ ਦੀ ਰਫਤਾਰ ਘਟਾਉਣ ਵਿਚ ਅਸਫਲ ਰਿਹਾ ਤੇ ਬੱਸ ਨੇ ਛੇ ਹੋਰ ਕਾਰਾਂ ਨੂੰ ਟੱਕਰ ਮਾਰ ਦਿੱਤੀ। ਮਾਰੇ ਗਏ ਪੰਜ ਲੋਕ ਬੱਸ ਨਾਲ ਟਕਰਾਈਆਂ ਕਾਰਾਂ ਵਿਚ ਸਵਾਰ ਸਨ। ਪੁਲਸ ਨੇ ਕਿਹਾ ਕਿ 44 ਜ਼ਖ਼ਮੀਆਂ ਨੂੰ ਖੇਤਰ ਦੇ ਹਸਪਤਾਲਾਂ ਵਿਚ ਲਿਜਾਇਆ ਗਿਆ, ਜਿਨ੍ਹਾਂ ਵਿਚੋਂ ਤਿੰਨ ਗੰਭੀਰ ਜ਼ਖ਼ਮੀ ਹਨ।




