ਦੇਸ਼ ਨੂੰ ਇੱਕ ਪੜ੍ਹੇ-ਲਿਖੇ ਪ੍ਰਧਾਨ ਮੰਤਰੀ ਦੀ ਲੋੜ : ਕੇਜਰੀਵਾਲ

0
6

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੇਪਰ ਲੀਕ ਅਤੇ ਇਸ ਨੂੰ ਰੋਕਣ ਲਈ ਚੁੱਕੇ ਜਾ ਰਹੇ ਬੇਅਸਰ ਕਦਮਾਂ ਲਈ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਯਕੀਨੀ ਤੌਰ ‘ਤੇ ਹੁਣ ਦੇਸ਼ ਨੂੰ ਇੱਕ ਪੜ੍ਹੇ-ਲਿਖੇ ਪ੍ਰਧਾਨ ਮੰਤਰੀ ਦੀ ਲੋੜ ਹੈ। ਮੌਜੂਦਾ ਕੇਂਦਰ ਸਰਕਾਰ ਨੀਟ ਪੇਪਰ ਲੀਕ ਦੀ ਜੜ੍ਹ ਤੱਕ ਪਹੁੰਚਣ ਦੀ ਬਜਾਏ ਅਨਪੜ੍ਹਾਂ ਵਰਗੀਆਂ ਗੱਲਾਂ ਕਰ ਰਹੀ ਹੈ। ਸਰਕਾਰ ਕਹਿ ਰਹੀ ਹੈ ਕਿ ਨੀਟ ਵਿੱਚ ਪੇਪਰ ਲੀਕ ਰੋਕਣ ਲਈ ਵਾਯੂ ਸੈਨਾ ਦੇ ਜਹਾਜ਼ ਵਰਤੇ ਜਾਣਗੇ।ਕੀ ਇਸ ਨਾਲ ਪੇਪਰ ਲੀਕ ਰੁਕੇਗਾ? ਉਨ੍ਹਾ ਕਿਹਾ ਕਿ ਹਕੀਕਤ ਤਾਂ ਇਹ ਹੈ ਕਿ ਪੇਪਰ ਲੀਕ ਰੋਕਣ ਦੀ ਸਰਕਾਰ ਦੀ ਨੀਅਤ ਹੀ ਨਹੀਂ।ਸ਼ਨੀਵਾਰ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਖੁਦ ਆਈ ਆਈ ਟੀ ਤੋਂ ਇੰਜੀਨੀਅਰ ਹਾਂ, ਪੜ੍ਹਿਆ-ਲਿਖਿਆ ਹਾਂ।ਇਸ ਲਈ ਸਿੱਖਿਆ ਦੇ ਮਹੱਤਵ ਨੂੰ ਸਮਝਦਾ ਹਾਂ।ਮੈਂ ਮੰਨਦਾ ਹਾਂ ਕਿ ਜਦੋਂ ਤੱਕ ਹਰ ਬੱਚੇ ਨੂੰ ਚੰਗੀ ਸਿੱਖਿਆ ਨਹੀਂ ਮਿਲੇਗੀ, ਉਦੋਂ ਤੱਕ ਦੇਸ਼ ਤਰੱਕੀ ਨਹੀਂ ਕਰ ਸਕਦਾ। ਕੇਜਰੀਵਾਲ ਨੇ ਕਿਹਾ ਕਿ ਵਿਦਿਆਰਥੀ ਵੇਦਾਂਤ ਦਾ ਨਾਂਅ ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਕਾਫੀ ਚੱਲ ਰਿਹਾ ਹੈ। ਵੇਦਾਂਤ 12ਵੀਂ ਜਮਾਤ ਦਾ ਲੜਕਾ ਹੈ, ਉਸ ਨੇ ਪੇਪਰ ਦਿੱਤੇ ਅਤੇ ਉਸ ਦੇ ਨੰਬਰ ਘੱਟ ਆਏ।ਉਸ ਨੇ ਆਪਣੇ ਪੇਪਰ ਨਿਕਲਵਾਏ, ਤਾਂ ਪਤਾ ਲੱਗਾ ਕਿ ਫਿਜ਼ਿਕਸ ਦੇ ਅੰਦਰ ਉਸ ਦਾ ਪੇਪਰ ਕਿਸੇ ਹੋਰ ਨਾਲ ਬਦਲ ਦਿੱਤਾ ਗਿਆ ਅਤੇ ਉਸ ਦੇ ਨੰਬਰ ਬਹੁਤ ਘੱਟ ਲਗਾਏ ਗਏ ਹਨ।ਕੇਜਰੀਵਾਲ ਨੇ ਕਿਹਾ ਕਿ ਉਸ ਵਿਚਾਰੇ ਬੱਚੇ ਨੇ ਐੱਕਸ ‘ਤੇ ਇਹ ਗੱਲ ਪਾ ਦਿੱਤੀ ਕਿ ਮੇਰਾ ਪੇਪਰ ਬਦਲ ਗਿਆ, ਤਾਂ ਇਨ੍ਹਾਂ ਲੋਕਾਂ ਦੀ ਸਾਰੀ ਟ੍ਰੋਲ ਆਰਮੀ ਉਸ ਵਿਚਾਰੇ ‘ਤੇ ਟੁੱਟ ਪਈ। ਕੋਈ ਕਹਿੰਦਾ ਹੈ ਕਿ ਉਹ ਪਾਕਿਸਤਾਨੀ ਹੈ, ਕੋਈ ਕਹਿੰਦਾ ਹੈ ਕਿ ਐਂਟੀ-ਨੈਸ਼ਨਲ ਹੈ।ਇੱਕ ਛੋਟੇ ਜਿਹੇ ਬੱਚੇ ਦੇ ਦਿਲ ‘ਤੇ ਕੀ ਗੁਜ਼ਰ ਰਹੀ ਹੋਵੇਗੀ। ਉਹਨਾ ਕਿਹਾ ਕਿ ਇਸ ਦੇ ਖਿਲਾਫ ਸਾਰਿਆਂ ਨੂੰ ਮਿਲ ਕੇ ਆਵਾਜ਼ ਉਠਾਉਣੀ ਪਵੇਗੀ। ਜਦੋਂ ਸਾਰੇ ਮਿਲ ਕੇ ਆਵਾਜ਼ ਉਠਾਉਣਗੇ, ਉਦੋਂ ਹੀ ਸਰਕਾਰ ਨੂੰ ਕੁਝ ਕਰਨਾ ਪਵੇਗਾ, ਇਹ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ, ਤੁਹਾਡੇ ਭਵਿੱਖ ਦਾ ਸਵਾਲ ਹੈ।