ਅੰਗੋਲ (ਗਿਆਨ ਸੈਦਪੁਰੀ)
‘ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਇੱਥੇ ਚੱਲ ਰਹੀ ਕੌਮੀ ਕੌਂਸਲ ਦੀ ਮੀਟਿੰਗ ਵਿੱਚ ਜਿਸ ਤਰ੍ਹਾਂ ਦਾ ਉਸਾਰੂ ਤੇ ਸੰਜੀਦਾ ਸੰਵਾਦ ਹੋਇਆ, ਇਹ ਦੇਖ-ਸੁਣ ਕੇ ਮੇਰਾ ਇਹ ਵਿਸ਼ਵਾਸ ਹੋਰ ਪੱਕਾ ਹੋਇਆ ਹੈ ਕਿ ਅਸੀਂ ਫਾਸ਼ਿਸਟਾਂ ਨੂੰ ਹਰਾ ਕੇ ਰਹਾਂਗੇ।ਸਾਡੀ ਲੜਾਈ ਫਾਸ਼ੀਵਾਦੀ ਵਿਚਾਰਧਾਰਾ ਵਿਰੁੱਧ ਹੈ।ਇਹ ਲੜਾਈ ਜਿੱਤਣ ਲਈ ਵਧੇਰੇ ਸੰਜੀਦਗੀ ਦੀ ਲੋੜ ਹੈ, ਜੋ ਇਥੇ ਦੇਖਣ ਨੂੰ ਮਿਲੀ ਹੈ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਸਕੱਤਰ ਐਨੀ ਰਾਜਾ ਨੇ ਕੀਤਾ।ਉਹ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਤੋਂ ਬਾਅਦ ਹੋਈ ਬਹਿਸ ਉਪਰੰਤ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।ਉਹਨਾ ਕਿਹਾ ਕਿ ਮੌਜੂਦਾ ਦੌਰ ਵਿੱਚ ਲੋਕਾਂ ਨੂੰ ਧਰਮਾਂ ਤੇ ਜਾਤਾਂ ਦੇ ਆਧਾਰਤ ਵੰਡ ਕੇ, ਉਕਸਾ ਕੇ ਨਫਰਤੀ ਜ਼ਹਿਰ ਫੈਲਾਈ ਗਈ ਹੈ, ਇਸ ਦਾ ਬਦਲ ਸਿਰਫ ਸਮਾਜਵਾਦ ਹੈ।ਮੋਦੀ ਸਰਕਾਰ ਵੱਲੋਂ ਵਿਕਾਸ ਦੇ ਢੰਡੋਰੇ ਦੇ ਸੰਦਰਭ ਵਿੱਚ ਗੱਲ ਕਰਦਿਆਂ ਐਨੀ ਰਾਜਾ ਨੇ ਕਿਹਾ ਕਿ ਇਹਨਾਂ ਵਕਤਾਂ ‘ਚ ਕਾਰਪੋਰੇਟੀ ਵਿਕਾਸ ਹੋ ਰਿਹਾ ਹੈ।ਅਜਿਹੇ ‘ਵਿਕਾਸ’ ਵਿੱਚ ਪੇਂਡੂ ਗਰੀਬ ਆਬਾਦੀ ਦੋ ਡੰਗ ਦੀ ਰੋਟੀ ਲਈ ਵੀ ਤਰਸ ਜਾਂਦੀ ਹੈ।ਵੱਡੇ ਪੁਲ, ਹਾਈਵੇ ਤੇ ਤਕਨੀਕ ਹੀ ਵਿਕਾਸ ਨਹੀਂ ਹੁੰਦਾ।ਉਹਨਾ ਕਿਹਾ ਕਿ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਪ੍ਰਾਇਮਰੀ ਸਕੂਲ ਬੰਦ ਹੋ ਗਏ ਹਨ। ਗਰੀਬ ਵਰਗ ਦੇ ਬੱਚੇ ਤੇ ਖਾਸ ਕਰਕੇ ਲੜਕੀਆਂ ਨੇ ਇਹਨਾਂ ਸਕੂਲਾਂ ਵਿੱਚ ਮੁਢਲੀ ਪੜ੍ਹਾਈ ਲਈ ਜਾਣਾ ਹੁੰਦਾ ਹੈ।ਸਰਕਾਰੀ ਪ੍ਰਾਇਮਰੀ ਸਕੂਲਾਂ ਦਾ ਬੰਦ ਹੋਣਾ ਵੱਡੀ ਚਿੰਤਾ ਦਾ ਵਿਸ਼ਾ ਹੈ।ਉਹਨਾ ਨਸ਼ਿਆਂ ਦੀ ਪੈ ਰਹੀ ਮਾਰ ‘ਤੇ ਵੀ ਚਿੰਤਾ ਜ਼ਾਹਿਰ ਕੀਤੀ। ਆਪਣੀ ਤਕਰੀਰ ਦੇ ਅਖੀਰ ਵਿੱਚ ਉਹਨਾ ਦੱਸਿਆ ਕਿ 6 ਅਗਸਤ ਤੋਂ 15 ਅਗਸਤ ਤੱਕ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਦੇਸ਼ ਵਿੱਚ ਪੈਦਲ ਯਾਤਰਾ ਹੋਏਗੀ। ਉਨ੍ਹਾ ਪਾਰਟੀ ਅਤੇ ਇਸ ਦੀਆਂ ਅਵਾਮੀ ਜਥੇਬੰਦੀਆਂ ਨੂੰ ਸੱਦਾ ਦਿੱਤਾ ਕਿ ਇਸ ਯਾਤਰਾ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ ਜਾਵੇ।ਇਸ ਤੋਂ ਪਹਿਲਾਂ ਬਹਿਸ ਵਿੱਚ ਹਿੱਸਾ ਲੈਂਦਿਆਂ ਮੈਂਬਰਾਂ ਨੇ ਖੁਦ ਅਤੇ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਸ਼ਾਨਦਾਰ ਸੰਵਾਦ ਰਚਾਇਆ। ਇਸ ਸ਼ੇਅਰ ‘ਤੇ ਖੂਬ ਤਾੜੀਆਂ ਵੱਜੀਆਂ, ‘ਜ਼ਿੰਦਗੀ ਅਪਨੇ ਕੰਧੋਂ ਪੇ ਜੀਅ ਜਾਤੀ ਹੈ, ਦੂਸਰੋਂ ਕੇ ਕੰਧੋ ਪੇ ਤੋ ਜਨਾਜ਼ਾ ਜਾਤਾ ਹੈ….।’
ਬਹਿਸ ਵਿੱਚ 20 ਮੈਂਬਰਾਂ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ।ਇਹਨਾਂ ਵਿੱਚ ਬਿਹਾਰ ਦੇ ਸਾਬਕਾ ਵਿਧਾਇਕ ਸੂਰਿਆ ਕਾਂਤ, ਹਰਿਆਣਾ ਤੋਂ ਜ਼ਿਲ੍ਹੇ ਸਿੰਘ ਪਾਲ, ਪੱਛਮੀ ਬੰਗਾਲ ਤੋਂ ਤਪਿਨ ਗੰਗੋਲੀ, ਉੜੀਸਾ ਤੋਂ ਸੂਰਜ ਜੈਨਾ, ਰਾਜਸਥਾਨ ਤੋਂ ਅਵਤਾਰ ਸਿੰਘ ਰਾਮਗੜ੍ਹੀਆ, ਪੰਜਾਬ ਤੋਂ ਦੇਵੀ ਕੁਮਾਰੀ ਸਰਹਾਲੀ ਕਲਾਂ, ਮਹਾਰਾਸ਼ਟਰ ਤੋਂ ਰਾਮ ਬਹਿਤੀ, ਆਂਧਰਾ ਪ੍ਰਦੇਸ਼ ਤੋਂ ਏ. ਸ਼ੇਖਰ, ਤਾਮਿਲਨਾਡੂ ਤੋਂ ਗਣੇਸ਼ਨ, ਮੱਧ ਪ੍ਰਦੇਸ਼ ਤੋਂ ਸੰਜੀਵ ਰਾਜਪੂਤ, ਤਿਲੰਗਾਨਾ ਤੋਂ ਵੈਂਕਟਰਤਨਮ, ਦਿੱਲੀ ਤੋਂ ਵਿਜੇਂਦਰ ਸਿੰਘ ਨਿਰਮਲ, ਉੱਤਰ ਪ੍ਰਦੇਸ਼ ਤੋਂ ਫੂਲ ਚੰਦ ਯਾਦਵ, ਹਰਿਆਣਾ ਤੋਂ ਦਰਿਆਓ ਸਿੰਘ ਕਸ਼ਯਪ ਆਦਿ ਸ਼ਾਮਿਲ ਹਨ।
ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਕੌਮੀ ਕੌਂਸਲ ਦੀ ਮੀਟਿੰਗ ਦੀ ਸਿਖਰ ਉਸ ਵੇਲੇ ਹੋਈ, ਜਦੋਂ ਰਿਪੋਰਟ ਦੀ ਬਹਿਸ ਦੌਰਾਨ ਉਭਰ ਕੇ ਆਏ ਸਵਾਲਾਂ ਦੇ ਜਵਾਬ ਕਾਮਰੇਡ ਗੋਰੀਆ ਨੇ ਵਿਸਥਾਰ ਨਾਲ ਦਿੱਤੇ। ਵੱਖ-ਵੱਖ ਬੁਲਾਰਿਆਂ ਵੱਲੋਂ ਆਏ ਸੁਝਾਵਾਂ ਦਾ ਸਵਾਗਤ ਕਰਦਿਆਂ ਗੋਰੀਆ ਨੇ ਯੂਨੀਅਨ ਦੀ ਮਜ਼ਬੂਤੀ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਲਈ ਧੰਨਵਾਦ ਕੀਤਾ।ਉਨ੍ਹਾ ਸੰਘਰਸ਼ ਕਰਦਿਆਂ ਯੂਨੀਅਨ ਦੀਆਂ ਪ੍ਰਾਪਤੀਆਂ ਦਾ ਵੀ ਵਰਨਣ ਕੀਤਾ। ਸੰਘਰਸ਼ਾਂ ਦੌਰਾਨ ਸ਼ਹੀਦ ਹੋਏ ਮਜ਼ਦੂਰਾਂ ਨੂੰ ਨਮਨ ਹੁੰਦਿਆਂ ਕਾਮਰੇਡ ਗੋਰੀਆ ਨੇ ਤਾਮਿਲਨਾਡੂ, ਬਿਹਾਰ ਅਤੇ ਪੰਜਾਬ ਦੇ ਸ਼ਹੀਦਾਂ ਦਾ ਉਚੇਚ ਨਾਲ ਜ਼ਿਕਰ ਕੀਤਾ। ਉਹਨਾ ਕਿਹਾ ਕਿ ਭਾਰਤੀ ਖੇਤ ਮਜ਼ਦੂਰ ਯੂਨੀਅਨ ਸਿਰਲੱਥ ਯੋਧਿਆਂ ਦੀ ਜਥੇਬੰਦੀ ਹੈ।ਉਹਨਾ ਕਿਹਾ ਕਿ ਇਸ ਜਥੇਬੰਦੀ ਦੀ ਨੀਹ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ 1968 ਵਿੱਚ ਰੱਖੀ ਗਈ ਸੀ। ਹੁਣ ਇਹ ਸ਼ਾਨਦਾਰ ਇਮਾਰਤ ਦਾ ਰੂਪ ਧਾਰਨ ਕਰ ਗਈ ਹੈ। ਇਸ ਦੇ ਮੋਢੀਆਂ ਵੱਲੋਂ ਮਜ਼ਦੂਰ ਵਰਗ ਦੀ ਬਿਹਤਰੀ ਲਈ ਸੰਜੋਏ ਗਏ ਸੁਪਨੇ ਨੂੰ ਸਕਾਰ ਕਰਨ ਲਈ ਯੂਨੀਅਨ ਕੋਈ ਕਸਰ ਨਹੀਂ ਛੱਡੇਗੀ।
ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਐੱਨ ਪੇਰੀਆਸਾਮੀ ਨੇ ਅੰਗੋਲ ਮੀਟਿੰਗ ਦੀ ਸ਼ਾਨਦਾਰ ਸਫਲਤਾ ਲਈ ਇਪਟਾ ਦੇ ਕਲਾਕਾਰਾਂ ਸਮੇਤ ਸਮੁੱਚੀ ਖੇਤ ਮਜ਼ਦੂਰ ਯੂਨੀਅਨ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾ ਯੂਨੀਅਨ ਦੇ ਇਤਿਹਾਸਕ ਵਰਕੇ ਵੀ ਫਰੋਲੇ। ਪੇਰੀਆਸਾਮੀ ਨੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਆਂਧਰਾ ਪ੍ਰਦੇਸ਼ ਦੇ ਜਨਰਲ ਸਕੱਤਰ ਏ. ਸ਼ੇਖਰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।




