ਮਜੀਠੀਆ ਨੂੰ ਫੜਨ ਲਈ ਪੁਲਸ ਦਾ ਘਰ ‘ਤੇ ਛਾਪਾ

0
7

ਅੰਮ੍ਰਿਤਸਰ
(ਨਵਾਂ ਜ਼ਮਾਨਾ ਸਰਵਿਸ)
ਮਜੀਠਾ ਥਾਣੇ ‘ਤੇ ਹੋਏ ਕਥਿਤ ਹਮਲੇ, ਭੰਨਤੋੜ ਅਤੇ ਪੁਲਸ ਹਿਰਾਸਤ ਵਿੱਚੋਂ ਇੱਕ ਨਜ਼ਰਬੰਦ ਬੰਦੇ ਨੂੰ ਛੁਡਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਅੰਮ੍ਰਿਤਸਰ ਦਿਹਾਤੀ ਦੇ ਐੱਸ ਪੀ ਆਦਿਤਿਆ ਵਾਰੀਅਰ ਦੀ ਅਗਵਾਈ ਹੇਠ ਪੁਲਸ ਟੀਮ ਨੇ ਸੋਮਵਾਰ ਇੱਥੋਂ ਦੇ ਗ੍ਰੀਨ ਐਵੇਨਿਊ ਇਲਾਕੇ ਵਿੱਚ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਘਰ ਛਾਪੇਮਾਰੀ ਕੀਤੀ। ਮਜੀਠੀਆ ਘਰ ‘ਚ ਨਹੀਂ ਮਿਲੇ।
ਅੰਮ੍ਰਿਤਸਰ ਦਿਹਾਤੀ ਦੇ ਐੱਸ ਐੱਸ ਪੀ ਸੋਹੇਲ ਕਾਸਿਮ ਮੀਰ ਨੇ ਮੀਡੀਆ ਨੂੰ ਦੱਸਿਆ ਕਿ ਜੋਬਨਪ੍ਰੀਤ (ਜੋਬਨਜੀਤ) ਨੂੰ ਥਾਣੇ ਵਿੱਚ ਦਰਜ ਐੱਫ ਆਈ ਆਰ ਨੰਬਰ 90 ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਐਤਵਾਰ ਸਵੇਰੇ ਲਗਭਗ 11:30 ਵਜੇ ਮਜੀਠੀਆ ਸਮੇਤ ਕਿਰਤੀ ਕਿਸਾਨ ਯੂਨੀਅਨ ਦੇ ਲੋਕ ਥਾਣੇ ਦੇ ਅੰਦਰ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਏ ਅਤੇ ਥਾਣੇ ਦੀ ਤਲਾਸ਼ੀ ਲੈਣ ਲੱਗੇ। ਉਹ ਉਸ ਕਮਰੇ ਵਿੱਚ ਪਹੁੰਚ ਗਏ, ਜਿੱਥੇ ਜੋਬਨਪ੍ਰੀਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਭੀੜ ਨੇ ਉਸ ਨੂੰ ਕਮਰੇ ਵਿੱਚੋਂ ਛੁਡਾਉਣ ਦੀ ਕੋਸ਼ਿਸ਼ ਕੀਤੀ। ਇਸ ਹੰਗਾਮੇ ਦੌਰਾਨ ਭੀੜ ਨੇ ਥਾਣੇ ਵਿੱਚ ਪਈਆਂ ਕੇਸਾਂ ਦੀਆਂ ਅਹਿਮ ਫਾਈਲਾਂ ਵੀ ਪਾੜ ਦਿੱਤੀਆਂ, ਜਨਤਕ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਾਇਆ ਅਤੇ ਪੁਲਸ ਮੁਲਾਜ਼ਮਾਂ ‘ਤੇ ਵੀ ਹਮਲਾ ਕਰ ਦਿੱਤਾ। ਉਨ੍ਹਾਂ ਥਾਣੇ ਦੇ ਅੰਦਰ ਡਰ ਅਤੇ ਹੰਗਾਮੇ ਦਾ ਮਾਹੌਲ ਪੈਦਾ ਕੀਤਾ। ਸਾਰੇ ਸਬੂਤਾਂ ਅਤੇ ਵੀਡੀਓ ਫੁਟੇਜ਼ ਨੂੰ ਘੋਖਣ ਤੋਂ ਬਾਅਦ ਥਾਣੇ ਵਿੱਚ 50 ਤੋਂ ਵੱਧ ਵਿਅਕਤੀਆਂ ਵਿਰੁੱਧ ਐੱਫ ਆਈ ਆਰ ਦਰਜ ਕੀਤੀ ਗਈ ਹੈ। ਮਾਮਲੇ ਵਿੱਚ ਜੋ ਵੀ ਜ਼ਿੰਮੇਵਾਰ ਹੋਵੇਗਾ, ਉਸ ਨੂੰ ਹਰ ਹਾਲ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ। ਜਾਂਚ ਕਰਨ ਲਈ ਪੁਲਸ ਨੇ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਗਠਨ ਕੀਤਾ ਗਿਆ ਹੈ।
ਮਜੀਠੀਆ ਨੇ ਦੋਸ਼ ਲਾਇਆ ਸੀ ਕਿ ਜੋਬਨਪ੍ਰੀਤ ਹਾਲ ਹੀ ਵਿੱਚ ਹੋਈਆਂ ਲੋਕਲ ਬਾਡੀਜ਼ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪੋਲਿੰਗ ਏਜੰਟ ਸੀ, ਜਿਸ ਕਾਰਨ ਸਿਆਸੀ ਬਦਲਾਖੋਰੀ ਤਹਿਤ ਉਸ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਮਜੀਠੀਆ ਖਿਲਾਫ ਸਿਆਸੀ ਬਦਲਾਖੋਰੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਅਕਾਲੀ ਦਲ ਡਰਨ ਵਾਲਾ ਨਹੀਂ, ਅਸੀਂ ਆਮ ਆਦਮੀ ਪਾਰਟੀ ਦੀ ਧੱਕੇਸ਼ਾਹੀ ਖਿਲਾਫ ਲੜਾਈ ਲੜਾਂਗੇ।”