ਨਵੀਂ ਦਿੱਲੀ (ਨ ਜ਼ ਸ)
ਸਰਕਾਰੀ ਤੇਲ ਕੰਪਨੀਆਂ ਨੇ 19 ਕਿੱਲੋ ਵਾਲੇ ਕਮਰਸ਼ੀਅਲ ਐੱਲ ਪੀ ਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਦਿੱਲੀ ਵਿੱਚ ਕੀਮਤ 42 ਰੁਪਏ ਵਧ ਕੇ 3113.50 ਰੁਪਏ ਹੋ ਗਈ ਹੈ, ਜਦੋਂ ਕਿ ਕੋਲਕਾਤਾ ਵਿੱਚ 53.50 ਰੁਪਏ ਵਧ ਕੇ 3255.50 ਰੁਪਏ ਤੱਕ ਪਹੁੰਚ ਗਈ ਹੈ। ਨਵੀਆਂ ਦਰਾਂ ਪਹਿਲੀ ਜੂਨ ਤੋਂ ਲਾਗੂ ਹੋ ਗਈਆਂ ਹਨ। ਇਸ ਦੇ ਨਾਲ ਹੀ 5 ਕਿੱਲੋ ਵਾਲੇ ਸਿਲੰਡਰ ਦੀ ਕੀਮਤ ਵਿੱਚ ਵੀ 11 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਦਿੱਲੀ ਵਿੱਚ ਇਹ 821.50 ਰੁਪਏ ਦਾ ਮਿਲੇਗਾ। ਘਰੇਲੂ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੀ ਜਾਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਇੱਕ ਅੰਤਰ-ਮੰਤਰਾਲਾ ਮੀਟਿੰਗ ਦੌਰਾਨ ਦੱਸਿਆ ਕਿ ਸਰਕਾਰ ਪੱਛਮੀ ਏਸ਼ੀਆ ਦੇ ਸੰਕਟ ਦਰਮਿਆਨ ਬਾਲਣ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਰਣਨੀਤਕ ਭੰਡਾਰਾਂ ‘ਤੇ ਕੰਮ ਕਰ ਰਹੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਕੋਲ ਘੱਟੋ-ਘੱਟ 30 ਦਿਨਾਂ ਦਾ ਐੱਲ ਪੀ ਜੀ ਸਟਾਕ ਯਕੀਨੀ ਬਣਾਉਣ। ਉਨ੍ਹਾ ਦੇਸ਼ ਵਾਸੀਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਦੇਸ਼ ਵਿੱਚ ਪੈਟਰੋਲ, ਡੀਜ਼ਲ ਅਤੇ ਗੈਸ ਦਾ ਕੋਈ ਸੰਕਟ ਨਹੀਂ। ਉਨ੍ਹਾ ਇਹ ਸਵੀਕਾਰ ਕੀਤਾ ਕਿ ਕੁਝ ਖੇਤਰਾਂ ਵਿੱਚ ਖੇਤੀਬਾੜੀ ਮੰਗ ਅਤੇ ਬਲਕ ਸਪਲਾਈ ਕਾਰਨ ਪੈਟਰੋਲ ਪੰਪਾਂ ‘ਤੇ ਅਸਧਾਰਨ ਵਿਕਰੀ ਦੇਖੀ ਗਈ ਹੈ, ਜਿਸ ਵਿੱਚ 30 ਫੀਸਦੀ ਤੋਂ ਵੱਧ ਦਾ ਉਛਾਲ ਆਇਆ ਹੈ। ਤੇਲ ਦੀ ਕਾਲਾਬਾਜ਼ਾਰੀ ਅਤੇ ਗੈਰ-ਕਾਨੂੰਨੀ ਵਰਤੋਂ ਨੂੰ ਰੋਕਣ ਲਈ ਸਰਕਾਰ ਨੇ ਸਖਤ ਰੁਖ ਅਖਤਿਆਰ ਕਰ ਲਿਆ ਹੈ। ਪਿਛਲੇ ਚਾਰ ਦਿਨਾਂ ਵਿੱਚ ਐੱਲ ਪੀ ਜੀ ਡਿਸਟ੍ਰੀਬਿਊਟਰਾਂ ‘ਤੇ 6500 ਤੋਂ ਵੱਧ ਛਾਪੇ ਮਾਰੇ ਗਏ ਹਨ, ਜਿਸ ਤਹਿਤ 5 ਐੱਫ ਆਈ ਆਰ ਦਰਜ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਤਰ੍ਹਾਂ ਪੈਟਰੋਲ ਪੰਪਾਂ ‘ਤੇ 900 ਛਾਪੇਮਾਰੀਆਂ ਦੌਰਾਨ ਹਜ਼ਾਰਾਂ ਲੀਟਰ ਤੇਲ ਜ਼ਬਤ ਕਰਕੇ 15 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸਰਕਾਰ ਮੁਤਾਬਕ ਫਿਲਹਾਲ ਗੈਸ ਦੀ ਬੈਕਲੌਗ ਸਪਲਾਈ ਘਟ ਕੇ 4.5 ਦਿਨ ਰਹਿ ਗਈ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ।





