‘ਕਾਕਰੋਚਾਂ’ ਨੂੰ 6 ਨੂੰ ਦਿੱਲੀ ਪੁੱਜਣ ਦਾ ਸੱਦਾ

0
2

ਨਵੀਂ ਦਿੱਲੀ (ਨ ਜ਼ ਸ)
ਸੋਸ਼ਲ ਮੀਡੀਆ ‘ਤੇ ਨੌਜਵਾਨਾਂ ਦੀ ਹਰਮਨਪਿਆਰੀ ਮੁਹਿੰਮ ‘ਕਾਕਰੋਚ ਜਨਤਾ ਪਾਰਟੀ’ ਦੇ ਬਾਨੀ ਅਭਿਜੀਤ ਦੀਪਕੇ ਨੇ ਸੋਮਵਾਰ ਕਿਹਾ ਕਿ ਉਹ 6 ਜੂਨ ਨੂੰ ਅਮਰੀਕਾ ਤੋਂ ਭਾਰਤ ਪਰਤ ਰਿਹਾ ਹੈ। ਉਹ ਪ੍ਰੀਖਿਆਵਾਂ ਵਿੱਚ ਹੋਈਆਂ ਵੱਡੀਆਂ ਗੜਬੜੀਆਂ ਅਤੇ ਲਾਪਰਵਾਹੀਆਂ ਦੇ ਵਿਰੋਧ ਵਿੱਚ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਦਿੱਲੀ ਵਿੱਚ ਇੱਕ ਸ਼ਾਂਤਮਈ ਪ੍ਰਦਰਸ਼ਨ ਸ਼ੁਰੂ ਕਰੇਗਾ। ਉਸ ਨੇ ਵੀਡੀਓ ਸੰਦੇਸ਼ ਵਿੱਚ ਦੇਸ਼-ਭਰ ਦੇ ਵਿਦਿਆਰਥੀਆਂ ਅਤੇ ਆਪਣੇ ਸਮਰਥਕਾਂ ਨੂੰ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਦੀਪਕੇ ਨੇ ਵੀਡੀਓ ਵਿੱਚ ਕਿਹਾ, “ਹੁਣ ਉਹ ਸਮਾਂ ਆ ਗਿਆ ਹੈ ਜਦੋਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਵੇਗਾ। ਭਾਰਤੀ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ, ਸ਼ਾਂਤਮਈ ਢੰਗ ਨਾਲ ਆਵਾਜ਼ ਬੁਲੰਦ ਕਰਦਿਆਂ ਸਾਨੂੰ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰਨੀ ਹੋਵੇਗੀ। ਜੇ ਅਸੀਂ ਸਾਰੇ ਇੱਕਜੁੱਟ ਹੋ ਕੇ ਆਵਾਜ਼ ਚੁੱਕਾਂਗੇ, ਤਾਂ ਸਰਕਾਰ ਨੂੰ ਸਾਡੀ ਗੱਲ ਹਰ ਹਾਲ ਵਿੱਚ ਸੁਣਨੀ ਹੀ ਪਵੇਗੀ।”
ਦੀਪਕੇ ਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਹ 6 ਜੂਨ, ਦਿਨ ਸ਼ਨੀਵਾਰ ਦੀ ਸਵੇਰ ਨੂੰ ਦਿੱਲੀ ਹਵਾਈ ਅੱਡੇ ‘ਤੇ ਪਹੁੰਚਣ। ਉਸ ਨੇ ਕਿਹਾ ਹੈ, “ਮੈਂ ਸ਼ਨੀਵਾਰ ਸਵੇਰੇ ਦਿੱਲੀ ਪਹੁੰਚ ਰਿਹਾ ਹਾਂ। ਤੁਸੀਂ ਸਾਰੇ ਉੱਥੇ ਪਹੁੰਚੋ ਅਤੇ ਅਸੀਂ ਸਾਰੇ ਇਕੱਠੇ ਪਾਰਲੀਮੈਂਟ ਸਟ੍ਰੀਟ ਪੁਲਸ ਥਾਣੇ ਜਾਵਾਂਗੇ, ਤਾਂ ਜੋ ਜੰਤਰ-ਮੰਤਰ ਵਿਖੇ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰਨ ਦੀ ਕਾਨੂੰਨੀ ਮਨਜ਼ੂਰੀ ਲਈ ਜਾ ਸਕੇ।””
ਦੀਪਕੇ ਨੇ ਕਿਹਾ ਕਿ ਸਿੱਖਿਆ ਮੰਤਰੀ ਪ੍ਰਧਾਨ ਦੇ ਅਸਤੀਫੇ ਲਈ ਉਨ੍ਹਾ ਦੀ ਪਾਰਟੀ ਦੀ ਪਟੀਸ਼ਨ ਨੂੰ ਕਰੀਬ 8 ਲੱਖ ਲੋਕਾਂ ਦਾ ਸਮਰਥਨ ਪ੍ਰਾਪਤ ਹੈ।
ਦੀਪਕੇ ਨੇ ਕਿਹਾ, ‘ਮੈਂ ਆਪਣੇ ਦੇਸ਼, ਆਪਣੇ ਘਰ, ਭਾਰਤ ਵਾਪਸ ਆ ਰਿਹਾ ਹਾਂ, ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਣ ਲਈ। ਤੁਸੀਂ ਏਨੇ ਦਿਨਾਂ ਤੋਂ ਦੇਖ ਰਹੇ ਹੋ ਕਿ ਅਸੀਂ ਸੋਸ਼ਲ ਮੀਡੀਆ ‘ਤੇ ਆਪਣੀ ਆਵਾਜ਼ ਬੁਲੰਦ ਕਰ ਰਹੇ ਹਾਂ ਕਿ ਪੇਪਰ ਲੀਕ ਹੋਣ ਕਾਰਨ ਖੁਦਕੁਸ਼ੀ ਕਰਨ ਵਾਲੇ ਬੱਚਿਆਂ ਅਤੇ ਲੱਖਾਂ ਵਿਦਿਆਰਥੀਆਂ ਦੀ ਮਿਹਨਤ ਬਰਬਾਦ ਹੋ ਗਈ ਹੈ, ਇਸ ਲਈ ਧਰਮਿੰਦਰ ਪ੍ਰਧਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।’
ਦੀਪਕੇ ਨੇ ਕਿਹਾ ਕਿ ਜੇ ਪ੍ਰਧਾਨ ਅਸਤੀਫਾ ਦੇਣ ਵਿੱਚ ਅਸਫਲ ਰਹਿੰਦੇ ਹਨ, ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਭਾਰਤ ਵਿੱਚ ਕੋਈ ਜਵਾਬਦੇਹੀ ਨਹੀਂ ਬਚੀ। ਉਸ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸਿਸਟਮ ਬਿਨਾਂ ਨਤੀਜਿਆਂ ਦੇ ਬਹੁਤ ਸਾਰੀਆਂ ਗਲਤੀਆਂ ਕਰ ਸਕਦਾ ਹੈ, ਜਿਸ ਦਾ ਖਮਿਆਜ਼ਾ ਵਿਦਿਆਰਥੀਆਂ ਨੂੰ ਭੁਗਤਣਾ ਪਵੇਗਾ। ਉਸ ਨੇ ਕਿਹਾ, ‘ਇਹ ਕਿੰਨਾ ਚਿਰ ਚੱਲੇਗਾ? ਇਸੇ ਲਈ ਸਮਾਂ ਆ ਗਿਆ ਹੈ। ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਵੇਗਾ ਅਤੇ ਭਾਰਤ ਦੇ ਸੰਵਿਧਾਨ ਦੇ ਰਸਤੇ ‘ਤੇ ਚੱਲਣਾ ਪਵੇਗਾ ਅਤੇ ਸ਼ਾਂਤੀਪੂਰਵਕ ਆਪਣੀ ਆਵਾਜ਼ ਬੁਲੰਦ ਕਰਨੀ ਪਵੇਗੀ ਅਤੇ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰਨੀ ਪਵੇਗੀ। ਜੇ ਅਸੀਂ ਸਾਰੇ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰਦੇ ਹਾਂ ਤਾਂ ਮੰਤਰੀ ਨੂੰ ਸਾਡੀ ਗੱਲ ਸੁਣਨੀ ਪਵੇਗੀ।’ ਕਾਕਰੋਚ ਜਨਤਾ ਪਾਰਟੀ ਦੀ ਸਿੱਖਿਆ ਮੰਤਰੀ ਨੂੰ ਬਰਖਾਸਤ ਕਰਨ ਦੀ ਪਟੀਸ਼ਨ ‘ਤੇ 7,94,518 ਲੋਕਾਂ ਨੇ ਦਸਤਖਤ ਕੀਤੇ ਹਨ। ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸਿੱਖਿਆ ਪ੍ਰਣਾਲੀ ਨਾਲ ਸਮਝੌਤਾ ਕੀਤਾ ਗਿਆ ਹੈ। ਪਟੀਸ਼ਨ ਵਿੱਚ ਲਿਖਿਆ ਗਿਆ ਹੈ, ‘ਖੁਦਕੁਸ਼ੀ ਨਾਲ ਮਰਨ ਵਾਲੇ ਵਿਦਿਆਰਥੀਆਂ ਦੇ ਦੁਖਦਾਈ ਨੁਕਸਾਨ ਤੋਂ ਲੈ ਕੇ ਇੱਕ ਦਹਾਕੇ ਦੇ ਪੇਪਰ ਲੀਕ ਕਾਰਨ ਟੁੱਟੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਤੇ ਇਸ ਅਸਫਲਤਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਦੇ ਨਤੀਜੇ ਜ਼ਰੂਰ ਭੁਗਤਣੇ ਪੈਣਗੇ। ਸਿੱਖਿਆ ਮੰਤਰੀ ਨੂੰ ਤੁਰੰਤ ਹਟਾਉਣ ਦੀ ਮੰਗ ਕਰਨ ਲਈ ਪਟੀਸ਼ਨ ‘ਤੇ ਦਸਤਖਤ ਕਰੋ।’ ਉਸਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪ੍ਰੀਖਿਆਵਾਂ ਨਾਲ ਜੁੜੇ ਹਾਲੀਆ ਵਿਵਾਦਾਂ ਅਤੇ ਪੇਪਰ ਲੀਕ ਵਰਗੀਆਂ ਘਟਨਾਵਾਂ ਨੇ ਦੇਸ਼ ਦੇ ਲੱਖਾਂ ਹੋਣਹਾਰ ਵਿਦਿਆਰਥੀਆਂ ਨੂੰ ਗਹਿਰੀ ਚਿੰਤਾ ਅਤੇ ਮਾਨਸਿਕ ਪਰੇਸ਼ਾਨੀ ਵਿੱਚ ਪਾ ਦਿੱਤਾ ਹੈ, ਜਿਸ ਲਈ ਸਰਕਾਰ ਦੀ ਜਵਾਬਦੇਹੀ ਤੈਅ ਹੋਣੀ ਬੇਹੱਦ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਅਭਿਜੀਤ ਦੀਪਕੇ ਵੱਲੋਂ ਸ਼ੁਰੂ ਕੀਤੀ ਗਈ ‘ਕਾਕਰੋਚ ਜਨਤਾ ਪਾਰਟੀ’ ਨੌਜਵਾਨਾਂ ਦੀ ਅਗਵਾਈ ਵਾਲੀ ਇੱਕ ਵੱਡੀ ਸੋਸ਼ਲ ਮੀਡੀਆ ਮੁਹਿੰਮ ਹੈ, ਜਿਸ ਨੇ ਬਹੁਤ ਘੱਟ ਸਮੇਂ ਵਿੱਚ ਵੱਡੀ ਮਕਬੂਲੀਅਤ ਹਾਸਲ ਕੀਤੀ ਹੈ ਅਤੇ ਦੇਸ਼ ਦੀਆਂ ਕਈ ਨਾਮਵਰ ਹਸਤੀਆਂ ਵੀ ਇਸ ਮੁਹਿੰਮ ਨਾਲ ਜੁੜੀਆਂ ਹੋਈਆਂ ਹਨ।