ਲੁਧਿਆਣਾ (ਨ ਜ਼ ਸ)-ਸ਼ਹਿਰ ਦੇ ਆਰ ਕੇ ਰੋਡ ਸਥਿਤ ਫੈਕਟਰੀ ਵਿੱਚ ਸੋਮਵਾਰ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਪਿਓ-ਪੁੱਤ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ। ਹਵਾ ਵਿੱਚ ਫੈਲੀ ਇਸ ਜ਼ਹਿਰੀਲੀ ਗੈਸ ਨਾਲ ਦਮ ਘੁੱਟਣ ਕਰਕੇ ਤਿੰਨਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਹਾਦਸੇ ਦੌਰਾਨ ਫੈਕਟਰੀ ਕੰਪਲੈਕਸ ਦੇ ਅੰਦਰ ਭਾਜੜਾਂ ਪੈ ਗਈਆਂ ਅਤੇ ਗੈਸ ਦੀ ਲਪੇਟ ਵਿੱਚ ਆਉਣ ਕਾਰਨ ਕਈ ਹੋਰ ਮਜ਼ਦੂਰ ਉੱਥੇ ਹੀ ਬੇਹੋਸ਼ ਹੋ ਕੇ ਡਿੱਗ ਗਏ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ।
ਗੈਸ ਦਾ ਅਸਰ ਇੰਨਾ ਤੇਜ਼ ਅਤੇ ਘਾਤਕ ਸੀ ਕਿ ਮਜ਼ਦੂਰਾਂ ਨੂੰ ਸੰਭਲਣ ਜਾਂ ਬਾਹਰ ਭੱਜਣ ਦਾ ਮੌਕਾ ਤੱਕ ਨਹੀਂ ਮਿਲਿਆ। ਅੱਖਾਂ ਵਿੱਚ ਜਲਨ ਅਤੇ ਸਾਹ ਲੈਣ ਵਿੱਚ ਤਕਲੀਫ ਹੋਣ ਕਾਰਨ ਕਈ ਮਜ਼ਦੂਰ ਮੌਕੇ ‘ਤੇ ਹੀ ਬੇਹੋਸ਼ ਹੋ ਡਿੱਗ ਪਏ। ਇਸ ਮੰਦਭਾਗੀ ਘਟਨਾ ਵਿੱਚ ਜਾਨ ਗੁਆਉਣ ਵਾਲੇ ਮ੍ਰਿਤਕਾਂ ਦੀ ਪਛਾਣ ਮਾਨਾ ਅਤੇ ਉਸ ਦੇ ਪੁੱਤਰ ਅਮਿਤ ਵਜੋਂ ਹੋਈ ਹੈ, ਜਦਕਿ ਤੀਜੇ ਮ੍ਰਿਤਕ ਦੀ ਪਛਾਣ ਕੀਤੀ ਜਾ ਰਹੀ ਸੀ। ਘਟਨਾ ਸਮੇਂ ਪਿਤਾ-ਪੁੱਤਰ ਮਸ਼ੀਨ ਦੇ ਹੇਠਲੇ ਹਿੱਸੇ ਵਿੱਚੋਂ ਨਿਕਲਣ ਵਾਲੀ ਮਿੱਟੀ (ਵੇਸਟੇਜ) ਨੂੰ ਟਰਾਲੀ ਵਿੱਚ ਲੋਡ ਕਰ ਰਹੇ ਸਨ, ਜਿਸ ਕਾਰਨ ਉਹ ਇਸ ਜਾਨਲੇਵਾ ਗੈਸ ਦੇ ਸਿੱਧੇ ਸੰਪਰਕ ਵਿੱਚ ਆ ਗਏ। ਖਬਰ ਮਿਲਦੇ ਹੀ ਸਥਾਨਕ ਪ੍ਰਸ਼ਾਸਨ, ਪੁਲਸ ਅਤੇ ਸੰਬੰਧਤ ਵਿਭਾਗਾਂ ਦੀਆਂ ਟੀਮਾਂ ਐਂਬੂਲੈਂਸਾਂ ਸਣੇ ਮੌਕੇ ‘ਤੇ ਪਹੁੰਚੀਆਂ। ਮੁੱਢਲੀ ਜਾਂਚ ਵਿੱਚ ਹਾਦਸੇ ਦਾ ਕਾਰਨ ਗੈਸ ਲੀਕੇਜ ਹੀ ਮੰਨਿਆ ਜਾ ਰਿਹਾ ਹੈ, ਹਾਲਾਂਕਿ ਫੈਕਟਰੀ ਅੰਦਰ ਸੁਰੱਖਿਆ ਮਾਪਦੰਡਾਂ ਦੀ ਅਣਦੇਖੀ ਕੀਤੀ ਗਈ ਸੀ ਜਾਂ ਨਹੀਂ, ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਥਾਣਾ ਮੋਤੀ ਨਗਰ ਦੇ ਐੱਸ ਐੱਚ ਓ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਪਰਵਾਹੀ ਪਾਏ ਜਾਣ ‘ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।




