ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਤਿੱਖੀ ਟੈਲੀਫ਼ੋਨ ਗੱਲਬਾਤ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ‘ਤੇ ਆਪਣਾ ਗੁੱਸਾ ਕੱਢਿਆ ਹੈ। ਰਿਪੋਰਟ ਮੁਤਾਬਕ ਟਰੰਪ ਨੇ ਇਜ਼ਰਾਇਲੀ ਆਗੂ ਨੂੰ ਦੁਨੀਆ ਭਰ ਵਿੱਚ ਇਜ਼ਰਾਈਲ ਖ਼ਿਲਾਫ਼ ਪੈਦਾ ਹੋ ਰਹੀ ਨਫ਼ਰਤ ਅਤੇ ਵਿਰੋਧ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ ਹੈ।
ਇਹ ਤਣਾਅ ਉਸ ਵੇਲੇ ਵਧਿਆ ਜਦੋਂ ਈਰਾਨ ਨੇ ਉਸੇ ਦਿਨ ਸਵੇਰੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਲੈਬਨਾਨ ਵਿੱਚ ਇਜ਼ਰਾਈਲ ਦੀਆਂ ਫ਼ੌਜੀ ਕਾਰਵਾਈਆਂ ਇਵੇਂ ਹੀ ਜਾਰੀ ਰਹੀਆਂ, ਤਾਂ ਉਹ ਵਾਸ਼ਿੰਗਟਨ (ਅਮਰੀਕਾ) ਨਾਲ ਆਪਣੇ ਸਾਰੇ ਕੂਟਨੀਤਕ ਸੰਪਰਕ ਤੋੜ ਦੇਵੇਗਾ। ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਹਮਲਾਵਰ ਰੁਖ਼ ਅਖ਼ਤਿਆਰ ਕਰਦਿਆਂ ਨੇਤਨਯਾਹੂ ਨਾਲ ਗੱਲ ਕੀਤੀ ਅਤੇ ਇੱਕ ਮੌਕੇ ਬੇਹੱਦ ਗੁੱਸੇ ਵਿੱਚ ਆ ਕੇ ਇੱਥੋਂ ਤੱਕ ਆਖ ਦਿੱਤਾ, ‘ਤੁਸੀਂ ਆਖ਼ਰ ਕਰ ਕੀ ਰਹੇ ਹੋ? ‘ਰਿਪੋਰਟ ਵਿੱਚ ਇੱਕ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਰਾਸ਼ਟਰਪਤੀ ਟਰੰਪ ਹਿਜ਼ਬੁੱਲਾ ਦੇ ਹਮਲਿਆਂ ਦੇ ਜਵਾਬ ਵਿੱਚ ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਲੋੜ ਤੋਂ ਵੱਧ ਅਤੇ ਅੰਨ੍ਹੇਵਾਹ ਫ਼ੌਜੀ ਕਾਰਵਾਈ ਤੋਂ ਕਾਫ਼ੀ ਨਿਰਾਸ਼ ਸਨ। ਟਰੰਪ ਨੇ ਨੇਤਨਯਾਹੂ ਨੂੰ ਸਪੱਸ਼ਟ ਸ਼ਬਦਾਂ ਵਿੱਚ ਕਿਹਾ, “ਇਸ ਸਭ ਦੇ ਚੱਲਦਿਆਂ ਹੁਣ ਹਰ ਕੋਈ ਤੁਹਾਨੂੰ ਨਫ਼ਰਤ ਕਰਦਾ ਹੈ। ਤੁਹਾਡੀਆਂ ਇਨ੍ਹਾਂ ਹਰਕਤਾਂ ਕਰਕੇ ਅੱਜ ਪੂਰੀ ਦੁਨੀਆ ਇਜ਼ਰਾਈਲ ਦੇ ਖ਼ਿਲਾਫ਼ ਹੋ ਚੁੱਕੀ ਹੈ।’”

