ਪੰਜਾਬ ਆਇਆ ਟੀਚਰ ਲਾਪਤਾ

0
10

ਚੰਡੀਗੜ੍ਹ (ਨ ਜ਼ ਸ)
ਅੰਮ੍ਰਿਤਸਰ ਵਿੱਚ ਪੰਜਾਬੀ ਮੂਲ ਦੇ 66 ਸਾਲਾ ਆਸਟ੍ਰੇਲੀਆਈ ਟੀਚਰ ਦੇ ਰਹੱਸਮਈ ਢੰਗ ਨਾਲ ਲਾਪਤਾ ਹੋਣ ਦੇ ਮਾਮਲੇ ਨੇ ਗੰਭੀਰ ਰੂਪ ਧਾਰ ਲਿਆ ਹੈ। ਪੁਲਸ ਨੇ ਉਸ ਦੇ ਭਰਾ ਨੂੰ ਮੁੱਖ ਸ਼ੱਕੀ ਦੱਸਿਆ ਹੈ। ਲਾਪਤਾ ਵਿਅਕਤੀ ਦੀ ਧੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਦਦ ਦੀ ਅਪੀਲ ਕੀਤੀ ਹੈ। ਮੈਲਬੌਰਨ ਵਿੱਚ ਰਹਿਣ ਵਾਲੇ ਗਣਿਤ ਦੇ ਅਧਿਆਪਕ ਸੁਨੀਲ ਸ਼ਰਮਾ 22 ਮਈ ਨੂੰ ਪੰਜਾਬ ਦੇ ਦੌਰੇ ਦੌਰਾਨ ਲਾਪਤਾ ਹੋ ਗਏ ਸਨ। ਸ਼ਰਮਾ ਇੱਕ ਜਾਇਦਾਦ ਦੇ ਮਾਮਲੇ ਦੇ ਸੰਬੰਧ ਵਿੱਚ ਅੰਮ੍ਰਿਤਸਰ ਗਿਆ ਸੀ। ਉਸ ਦਾ ਮੁਹਾਲੀ ਵਿੱਚ ਇੱਕ ਘਰ ਵੀ ਹੈ। ਉਸ ਦੇ ਪਰਵਾਰ ਦੇ ਅਨੁਸਾਰ ਸ਼ਰਮਾ 22 ਮਈ ਤੋਂ ਲਾਪਤਾ ਹੈ ਅਤੇ ਉਸ ਦਾ ਮੋਬਾਇਲ ਫੋਨ ਬੰਦ ਹੈ।
ਇੱਕ ਭਾਵੁਕ ਵੀਡੀਓ ਸੰਦੇਸ਼ ਵਿੱਚ ਸ਼ਰਮਾ ਦੀ ਧੀ ਸੁਰਭੀ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਨੂੰ ਆਪਣੇ ਪਿਤਾ ਨੂੰ ਲੱਭਣ ਲਈ ਯਤਨ ਤੇਜ਼ ਕਰਨ ਦੀ ਅਪੀਲ ਕੀਤੀ। ਉਸ ਨੇ ਕਿਹਾ, ‘ਮੇਰੇ ਪਿਤਾ 22 ਮਈ ਤੋਂ ਅੰਮ੍ਰਿਤਸਰ ਤੋਂ ਲਾਪਤਾ ਹਨ। ਸਾਨੂੰ ਉਨ੍ਹਾਂ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਉਨ੍ਹਾਂ ਦਾ ਫ਼ੋਨ ਬੰਦ ਹੈ। ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਉਨ੍ਹਾਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਘਰ ਲਿਆਉਣ ਲਈ ਸਾਰੇ ਉਪਲਬਧ ਸਰੋਤਾਂ ਦੀ ਵਰਤੋਂ ਕੀਤੀ ਜਾਵੇ।’
ਅੰਮ੍ਰਿਤਸਰ ਦਿਹਾਤੀ ਪੁਲਸ ਨੇ ਸ਼ਰਮਾ ਦੇ ਭਰਾ ਸੰਨੀ ਸ਼ਰਮਾ ਨੂੰ ਮੁੱਖ ਸ਼ੱਕੀ ਵਜੋਂ ਨਾਮਜ਼ਦ ਕੀਤਾ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਸੰਨੀ ਅਤੇ ਉਸ ਦਾ ਪਰਵਾਰ ਇਸ ਸਮੇਂ ਫਰਾਰ ਹੈ।