ਵੈਨਕੂਵਰ : ਸਰੀ ਅਤੇ ਕੈਨੇਡਾ ਦੇ ਹੋਰ ਸ਼ਹਿਰਾਂ ਵਿੱਚ ਫਿਰੌਤੀ ਲਈ ਗੋਲੀਬਾਰੀ ਕਰਨ ਦੇ ਦੋਸ਼ਾਂ ਹੇਠ ਫੜੇ ਗਏ ਭਾਰਤੀ ਨੌਜਵਾਨ, ਜਿਨ੍ਹਾਂ ਵਿੱਚੋਂ ਕੁਝ ਲੰਘੇ ਦਿਨੀਂ ਵਾਪਸ ਭਾਰਤ ਭੇਜੇ ਗਏ ਸਨ, ਉਨ੍ਹਾਂ ਵਿੱਚੋਂ ਹੀ 14 ਹੋਰਨਾਂ ਨੂੰ ਅਗਲੇ ਹਫ਼ਤੇ ਡਿਪੋਰਟ ਕੀਤੇ ਜਾਣ ਦੀ ਤਿਆਰੀ ਸਰਹੱਦੀ ਸੁਰੱਖਿਆ ਏਜੰਸੀ ਨੇ ਕਰ ਲਈ ਹੈ। ਸੂਤਰਾਂ ਅਨੁਸਾਰ ਇਨ੍ਹਾਂ ਨੂੰ ਸਜ਼ਾਵਾਂ ਦੀ ਥਾਂ ਵਾਪਸ ਤੋਰਨ ਵਿੱਚ ਹੀ ਭਲਾਈ ਸਮਝੀ ਜਾਣ ਲੱਗੀ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਉਨ੍ਹਾਂ ਨੇ ਕੁਝ ਸੈਂਕੜੇ ਡਾਲਰਾਂ ਬਦਲੇ ਆਪਣਾ ਭਵਿੱਖ ਦਾਅ ‘ਤੇ ਲਾਇਆ। ਮਿਲੀ ਜਾਣਕਾਰੀ ਅਨੁਸਾਰ ਇੱਕ ਘਰ ‘ਤੇ ਗੋਲੀਬਾਰੀ ਕਰਨ ਬਦਲੇ ਦੋ ਜਣਿਆਂ ਨੂੰ ਮਸੀਂ ਹਜ਼ਾਰ ਜਾਂ 1200 ਡਾਲਰ ਮਿਲਦੇ ਹਨ। ਕਿਸੇ ਖ਼ਾਸ ਥਾਂ ‘ਤੇ ਖ਼ਾਸ ਕਿਸਮ ਦੀ ਗੋਲੀਬਾਰੀ ਲਈ ਇਹ ਰਕਮ ਵਧ ਕੇ 1500 ਡਾਲਰ ਹੋ ਜਾਂਦੀ ਹੈ। ਮਿਲੀ ਰਕਮ ਕਾਰ ਚਲਾਉਣ ਵਾਲੇ ਅਤੇ ਗੋਲੀਬਾਰੀ ਕਰਨ ਵਾਲੇ ਬਰਾਬਰ ਵੰਡਦੇ ਹਨ।
ਹੋਰ ਪਤਾ ਲੱਗਾ ਹੈ ਕਿ ਭਾੜੇ ਦੇ ਕਾਤਲਾਂ ਦੇ ਤਿੰਨ-ਚਾਰ ਜਣਿਆਂ ਦੇ ਟੋਲੇ ਦੀ ਰਕਮ ਕਾਫ਼ੀ ਵੱਧ ਹੁੰਦੀ ਹੈ ਅਤੇ ਇਹ ਮਾਰੇ ਜਾਣ ਵਾਲੇ ਵਿਅਕਤੀ ਦੇ ਰੁਤਬੇ ਅਨੁਸਾਰ 40-50 ਹਜ਼ਾਰ ਡਾਲਰ ਤੱਕ ਹੁੰਦੀ ਹੈ। ਉਨ੍ਹਾਂ ਨੂੰ ਇੱਕ ਕਾਰ ਵੀ ਦਿੱਤੀ ਜਾਂਦੀ ਹੈ, ਜਿਸ ਨੂੰ ਵਾਰਦਾਤ ਤੋਂ ਬਾਅਦ ਉਨ੍ਹਾਂ ਨੇ ਅੱਗ ਲਾ ਕੇ ਸਾੜਨਾ ਹੁੰਦਾ ਹੈ। ਆਮ ਕਰਕੇ ਇਹ ਕਾਰਾਂ ਚੋਰੀ ਦੀਆਂ ਹੁੰਦੀਆਂ ਹਨ। ਵਾਰਦਾਤ ਕਰਨ ਵਾਲਿਆਂ ਨੂੰ ਖ਼ੁਦ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਤੋਂ ਇਹ ਕੰਮ ਕਰਵਾਉਣ ਪਿੱਛੇ ਕੌਣ ਹੈ ਅਤੇ ਉਸ ਦਾ ਮਕਸਦ ਕੀ ਹੈ। ਇੱਕ ਵਾਰ ਗੋਲੀਬਾਰੀ ਕਰਨ ਵਾਲੇ ਅੱਗੇ ਤੋਂ ਅੱਗੇ ਹੋਰ ਜਾਣਕਾਰਾਂ ਨੂੰ ਇਸ ਜਾਲ ਵਿੱਚ ਫਸਾਈ ਜਾਂਦੇ ਹਨ। ਜਾਲ ਵਿੱਚ ਫਸਣ ਵਾਲਿਆਂ ਵਿੱਚੋਂ ਬਹੁਤੇ ਉਹ ਹੁੰਦੇ ਹਨ, ਜੋ ਜਾਂ ਤਾਂ ਸਖ਼ਤ ਕੰਮ ਕਰਨ ਤੋਂ ਕਤਰਾਉਂਦੇ ਹਨ ਜਾਂ ਉਨ੍ਹਾਂ ਨੂੰ ਕੰਮ ਮਿਲਦਾ ਨਹੀਂ। ਪਤਾ ਲੱਗਾ ਹੈ ਕਿ ਹੁਣ ਤੱਕ ਗੋਲੀਬਾਰੀ ਦੇ ਮਾਮਲਿਆਂ ਵਿੱਚ ਫੜੇ ਜਾਣ ਵਾਲਿਆਂ ਵਿੱਚੋਂ ਇੱਕਾ-ਦੁੱਕਾ ਹੋਰ ਦੇਸ਼ਾਂ ਤੋਂ ਹਨ ਜਾਂ ਬੇਘਰੇ ਹਨ ਅਤੇ ਬਾਕੀ ਸਾਰੇ ਭਾਰਤ ਤੋਂ ਪੜ੍ਹਾਈ ਕਰਨ ਆਏ ਨੌਜਵਾਨ ਹਨ, ਜਿਨ੍ਹਾਂ ਨੇ ਕੈਨੇਡਾ ਪੁੱਜ ਕੇ ਕਾਲਜ ਵਿੱਚ ਪੈਰ ਵੀ ਨਹੀਂ ਪਾਇਆ।




