ਵਿਆਹ ਦੀਆਂ ਤਿਆਰੀਆਂ ਸਸਕਾਰ ‘ਚ ਬਦਲੀਆਂ

0
5

ਲਖਨਊ (ਨ ਜ਼ ਸ)
ਨੀਲੇਸ਼ ਕੁਮਾਰ ਲਈ ਤਰੱਕੀ, ਤਨਖਾਹ ਵਿੱਚ ਵਾਧਾ ਅਤੇ ਉਸ ਕੁੜੀ ਨਾਲ ਵਿਆਹ, ਜਿਸ ਨੂੰ ਉਹ ਪਿਆਰ ਕਰਦਾ ਸੀ, ਸਭ ਕੁਝ ਪਹੁੰਚ ਵਿੱਚ ਸੀ। ਅਨਾਮਿਕਾ ਸਾਮੰਤ, ਜਿਸ ਦੇ ਮਾਪੇ ਪਿਛਲੇ ਹਫਤੇ ਪੱਛਮੀ ਬੰਗਾਲ ਤੋਂ ਉਸ ਦੇ ਹੋਣ ਵਾਲੇ ਸਹੁਰਿਆਂ ਨੂੰ ਮਿਲਣ ਲਈ ਆਏ ਸਨ, ਲਈ ਜ਼ਿੰਦਗੀ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੋਣ ਵਾਲਾ ਸੀ, ਪਰ ਇਹ ਜੋੜਾ ਸੋਮਵਾਰ ਲਖਨਊ ਵਿੱਚ ਇੱਕ ਕਮਰਸ਼ੀਅਲ ਇਮਾਰਤ ਵਿੱਚ ਲੱਗੀ ਅੱਗ ਦਾ ਸ਼ਿਕਾਰ ਹੋ ਗਿਆ, ਜਿਸ ਨਾਲ ਵਿਆਹ ਦੀਆਂ ਤਿਆਰੀਆਂ ਅੰਤਮ ਸੰਸਕਾਰ ਦੇ ਪ੍ਰਬੰਧਾਂ ਵਿੱਚ ਬਦਲ ਗਈਆਂ।
27 ਸਾਲਾ ਨੀਲੇਸ਼ ਕੁਮਾਰ ਅਤੇ 30 ਸਾਲਾ ਅਨਾਮਿਕਾ ਸਾਮੰਤ ਦੀ ਮੁਲਾਕਾਤ ਇਮਾਰਤ ਵਿਚਲੇ ਕੋਚਿੰਗ ਸੈਂਟਰ ਵਿੱਚ ਕੰਮ ਕਰਦੇ ਸਮੇਂ ਹੋਈ ਸੀ। ਦੋਸਤੀ ਦੀ ਸ਼ੁਰੂਆਤ ਹੌਲੀ-ਹੌਲੀ ਇੱਕ ਰਿਸ਼ਤੇ ਵਿੱਚ ਬਦਲ ਗਈ, ਜਿਸ ਨੇ ਦੋਵਾਂ ਪਰਵਾਰਾਂ ਦੀ ਪ੍ਰਵਾਨਗੀ ਪ੍ਰਾਪਤ ਕੀਤੀ।
ਪਿਛਲੇ ਹਫਤੇ ਹੀ ਅਨਾਮਿਕਾ ਦੇ ਮਾਤਾ-ਪਿਤਾ ਨੀਲੇਸ਼ ਅਤੇ ਉਸ ਦੇ ਪਰਵਾਰ ਨੂੰ ਮਿਲਣ ਲਈ ਪੱਛਮੀ ਬੰਗਾਲ ਤੋਂ ਲਖਨਊ ਆਏ ਸਨ, ਕਿਉਂਕਿ ਉਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਤੇਜ਼ ਹੋ ਰਹੀਆਂ ਸਨ। ਨੀਲੇਸ਼ ਦੇ ਭਰਾ ਅਭਿਸ਼ੇਕ ਨੇ ਪੋਸਟਮਾਰਟਮ ਹਾਊਸ ਦੇ ਬਾਹਰ ਦੱਸਿਆ, ‘ਸਾਡੇ ਘਰ ਇੱਕ ਛੋਟਾ ਜਿਹਾ ਸਮਾਰੋਹ ਕੀਤਾ ਗਿਆ ਸੀ। ਅਸੀਂ ਸਾਰੇ ਅਨਾਮਿਕਾ ਨੂੰ ਮਿਲੇ। ਉਹ ਬਹੁਤ ਹੀ ਹੱਸਮੁੱਖ ਕੁੜੀ ਸੀ।’ ਨੀਲੇਸ਼ ਦੇ ਰਿਸ਼ਤੇਦਾਰਾਂ ਨੇ ਅਗਲੇ ਹਫਤੇ ਪੱਛਮੀ ਬੰਗਾਲ ਵਿੱਚ ਅਨਾਮਿਕਾ ਦੇ ਪਰਵਾਰ ਨੂੰ ਮਿਲਣ ਲਈ ਰੇਲ ਟਿਕਟਾਂ ਬੁੱਕ ਕਰਵਾਈਆਂ ਸਨ।
ਤਿੰਨ ਭੈਣ-ਭਰਾਵਾਂ ਵਿੱਚੋਂ ਦੂਜੇ ਨੰਬਰ ‘ਤੇ ਨੀਲੇਸ਼ ਰਿਸ਼ਤੇਦਾਰਾਂ ਵਿੱਚ ਇੱਕ ਮਿਹਨਤੀ ਅਤੇ ਸਮਰਪਤ ਪੇਸ਼ੇਵਰ ਵਜੋਂ ਜਾਣਿਆ ਜਾਂਦਾ ਸੀ, ਜਿਸ ਦਾ ਜੀਵਨ ਉਸ ਦੀ ਨੌਕਰੀ ਦੇ ਦੁਆਲੇ ਘੁੰਮਦਾ ਸੀ। ਉਹ ਇਸ ਸਾਲ ਤਰੱਕੀ ਅਤੇ ਤਨਖਾਹ ਵਿੱਚ ਵਾਧੇ ਦੀ ਉਮੀਦ ਕਰ ਰਿਹਾ ਸੀ ਅਤੇ ਸੈਟਲ ਹੋਣ ਤੋਂ ਪਹਿਲਾਂ ਆਪਣੇ ਵਿੱਤੀ ਹਾਲਤ ਨੂੰ ਮਜ਼ਬੂਤ ਕਰਨਾ ਚਾਹੁੰਦਾ ਸੀ। ਇੱਕ ਪਰਵਾਰਕ ਮੈਂਬਰ ਸਮਰੇਂਦਰ ਨੇ ਕਿਹਾ, ‘ਅਸੀਂ ਇਸ ਸਾਲ ਹੀ ਵਿਆਹ ਕਰਨਾ ਚਾਹੁੰਦੇ ਸੀ, ਪਰ ਉਸ ਨੇ ਸਾਨੂੰ ਦੱਸਿਆ ਕਿ ਉਹ ਅਗਲੇ ਸਾਲ ਨਵੇਂ ਘਰ ਦੇ ਮੁਕੰਮਲ ਹੋਣ ਤੋਂ ਬਾਅਦ ਉੱਥੇ ਵਿਆਹ ਕਰਵਾਏਗਾ।’
ਅਨਾਮਿਕਾ ਦੇ ਪਰਵਾਰ ਲਈ ਇਹ ਦੁਖਾਂਤ ਹੋਰ ਵੀ ਡੂੰਘਾ ਹੋ ਗਿਆ ਹੈ। ਉਸ ਦੀ ਚਚੇਰੀ ਭੈਣ ਸੋਮਿਲਿਆ (27), ਜੋ ਕਿ ਸੈਂਟਰ ਵਿੱਚ ਕੰਮ ਕਰਦੀ ਸੀ, ਅੱਗ ਵਿੱਚ ਮਾਰੇ ਗਏ ਲੋਕਾਂ ਵਿੱਚ ਸ਼ਾਮਲ ਸੀ। ਅੱਗ ਲੱਗਣ ਤੋਂ ਕੁਝ ਘੰਟੇ ਪਹਿਲਾਂ ਰਿਸ਼ਤੇਦਾਰ ਯਾਤਰਾ ਯੋਜਨਾਵਾਂ, ਵਿਆਹ ਦੀਆਂ ਤਰੀਕਾਂ ਅਤੇ ਇੱਕ ਨਵੀਂ ਸ਼ੁਰੂਆਤ ਬਾਰੇ ਚਰਚਾ ਕਰ ਰਹੇ ਸਨ। ਸ਼ਾਮ ਤੱਕ ਉਨ੍ਹਾਂ ਗੱਲਾਂਬਾਤਾਂ ਦੀ ਥਾਂ ਬੇਚੈਨੀ ਭਰੇ ਫੋਨ ਕਾਲਾਂ, ਹਸਪਤਾਲ ਜਾਣ ਅਤੇ ਮ੍ਰਿਤਕਾਂ ਦੀ ਪਛਾਣ ਕਰਨ ਦੇ ਗੰਭੀਰ ਕੰਮ ਨੇ ਲੈ ਲਈ ਸੀ। ਦੋਵਾਂ ਪਰਵਾਰਾਂ ਲਈ ਇੱਕ ਯਾਤਰਾ ਜੋ ਵਿਆਹ ਤੱਕ ਲੈ ਜਾਣ ਵਾਲੀ ਸੀ, ਇੱਕ ਪੋਸਟਮਾਰਟਮ ਹਾਊਸ ਵਿੱਚ ਖਤਮ ਹੋ ਗਈ ਹੈ।
ਇਸੇ ਦੌਰਾਨ ਲਖਨਊ ਵਿਕਾਸ ਅਥਾਰਟੀ ਨੇ ਅਲੀਗੰਜ ‘ਚ ਸਥਿਤ ਅੱਗ ਦਾ ਸ਼ਿਕਾਰ ਹੋਈ ਇਮਾਰਤ ਨੂੰ ਢਾਹੁਣ ਦਾ ਨੋਟਿਸ ਜਾਰੀ ਕਰ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਤਿੰਨ ਮੰਜ਼ਲਾ ਇਮਾਰਤ ਨੂੰ 2016 ਵਿੱਚ ਵੀ ਗੈਰ-ਕਾਨੂੰਨੀ ਉਸਾਰੀ ਕਾਰਨ ਢਾਹੁਣ ਦੇ ਹੁਕਮ ਦਿੱਤੇ ਗਏ ਸਨ, ਪਰ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਉਨ੍ਹਾਂ ਹੁਕਮਾਂ ਨੂੰ ਰੱਦ ਕਰ ਦਿੱਤਾ ਗਿਆ ਸੀ।