ਆਗਰਾ (ਨਵਾਂ ਜ਼ਮਾਨਾ ਸਰਵਿਸ)
ਕਾਮਰੇਡ ਰਮੇਸ਼ ਮਿਸ਼ਰਾ ਦੇ ਛੇਵੇਂ ਸ਼ਹੀਦੀ/ਯਾਦਗਾਰੀ ਦਿਹਾੜੇ ‘ਤੇ ਸੀਨੀਅਰ ਅਰਥ ਸ਼ਾਸਤਰੀ ਡਾ. ਜਯਾ ਮਹਿਤਾ ਨੇ“’ਦੁਨੀਆ ਦੀ ਬਦਲਦੀ ਤਸਵੀਰ ਅਤੇ ਭਾਰਤੀ ਅਰਥ ਵਿਵਸਥਾ ਦੇ ਹਾਲਾਤ’ ਵਿਸ਼ੇ ‘ਤੇ ਮੁੱਖ ਲੈਕਚਰ ਦਿੰਦਿਆਂ ਕਿਹਾ ਕਿ ਜੂਨ 2025 ਵਿੱਚ ਮੁੰਬਈ ਵਿੱਚ ਜਦੋਂ ਲੋਕਾਂ ਨੇ ਗਾਜ਼ਾ ਵਿੱਚ ਜਾਰੀ ਕਤਲੇਆਮ ਖਿਲਾਫ ਪ੍ਰਦਰਸ਼ਨ ਕਰਨ ਲਈ ਮੁੰਬਈ ਪੁਲਸ ਤੋਂ ਇਜਾਜ਼ਤ ਮੰਗੀ ਤਾਂ ਪੁਲਸ ਨੇ ਮਨ੍ਹਾਂ ਕਰ ਦਿੱਤਾ।ਇਸ ਦੇ ਖਿਲਾਫ ਖੱਬੇ-ਪੱਖੀ ਪਾਰਟੀਆਂ ਨੇ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਮਹਿਲਾ ਜੱਜ ਨੇ ਕਿਹਾ ਕਿ ਤੁਸੀਂ ਕਿਉਂ ਹਜ਼ਾਰਾਂ ਮੀਲ ਦੂਰ ਹੋ ਰਹੇ ਜ਼ੁਲਮ, ਕਤਲੇਆਮ ਅਤੇ ਬੇਇਨਸਾਫੀ ਦੇ ਚੱਕਰਾਂ ਵਿੱਚ ਪੈਂਦੇ ਹੋ। ਆਪਣੇ ਮੁਹੱਲੇ ਦੀਆਂ ਨਾਲੀਆਂ ਸਾਫ ਕਰਵਾਉਣ ਲਈ ਅੰਦੋਲਨ ਕਰੋ, ਚੰਗੀਆਂ ਸੜਕਾਂ ਬਣਵਾਉਣ ਲਈ ਅੰਦੋਲਨ ਕਰੋ; ਆਪਣੇ ਦੇਸ਼ ਵਿੱਚ, ਆਪਣੇ ਸ਼ਹਿਰ ਵਿੱਚ ਵਾਤਾਵਰਣ, ਪ੍ਰਦੂਸ਼ਣ, ਕੂੜਾ-ਕਰਕਟ, ਸਾਫ-ਸਫਾਈ ਆਦਿ ਵਰਗੀਆਂ ਕੀ ਘੱਟ ਮੁਸੀਬਤਾਂ ਹਨ, ਜੋ ਤੁਸੀਂ ਦੂਰ ਦੇਸ਼ ਦਾ ਮਾਮਲਾ ਲੈ ਕੇ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ, ਪਰ ਇਸ ਦੇ ਛੇ-ਸੱਤ ਮਹੀਨਿਆਂ ਬਾਅਦ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ‘ਤੇ ਹਮਲਾ ਕਰ ਦਿੱਤਾ।ਜੰਗ ਉੱਥੇ ਹੋਈ ਅਤੇ ਭਾਰਤ ਵਿੱਚ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧਣ ਲੱਗੀਆਂ।ਸ਼ਾਇਦ ਮਾਣਯੋਗ ਜੱਜ ਸਾਹਿਬਾ ਨੂੰ ਸਮਝ ਆ ਗਿਆ ਹੋਵੇਗਾ ਕਿ ਅਸੀਂ ਕਿਸੇ ਖੂਹ ਦੇ ਡੱਡੂ ਨਹੀਂ ਹਾਂ, ਇਨਸਾਨ ਹਾਂ ਅਤੇ ਇਹ ਇਨਸਾਨੀ ਲਕੀਰਾਂ ਨਾਲ ਜੋ ਦੇਸ਼ ਬਣਾਏ ਗਏ ਹਨ, ਉਹ ਬਣਦੇ-ਵਿਗੜਦੇ ਰਹਿੰਦੇ ਹਨ, ਪਰ ਇੱਕ ਜਗ੍ਹਾ ਹੋਣ ਵਾਲੀਆਂ ਘਟਨਾਵਾਂ ਦੇ ਅਸਰ ਪੂਰੀ ਦੁਨੀਆ ‘ਤੇ ਪੈਂਦੇ ਹਨ ਅਤੇ ਦੇਸ਼ ਵਿੱਚ ਵੀ ਇਹ ਮਾਮਲਾ ਸਿਰਫ ਤੇਲ ਤੱਕ ਸੀਮਤ ਨਹੀਂ ਰਹਿੰਦਾ।ਜੇ ਪੈਟਰੋਲ ਉਤਪਾਦ ਮਹਿੰਗੇ ਹੋਣਗੇ ਤਾਂ ਖਾਦਾਂ ਵੀ ਮਹਿੰਗੀਆਂ ਹੋਣਗੀਆਂ।ਫਿਰ ਖੇਤੀ ‘ਤੇ ਅਤੇ ਕਿਸਾਨਾਂ ‘ਤੇ ਅਸਰ ਪਵੇਗਾ।ਉਸ ਨਾਲ ਅਨਾਜ ਹੋਰ ਮਹਿੰਗਾ ਹੋਵੇਗਾ ਅਤੇ ਖੁਰਾਕੀ ਸੁਰੱਖਿਆ ਵੀ ਖਤਰੇ ਵਿੱਚ ਪੈ ਜਾਵੇਗੀ।ਜਦੋਂ ਤੇਲ ਮਹਿੰਗਾ ਹੋਇਆ ਤਾਂ ਤੇਲ ਖਰੀਦਣ ਲਈ ਵਿਦੇਸ਼ੀ ਮੁਦਰਾ ਨੂੰ ਜ਼ਿਆਦਾ ਖਰਚਣਾ ਪਿਆ।ਉਸ ਨਾਲ ਵਿਦੇਸ਼ੀ ਮੁਦਰਾ ਭੰਡਾਰ ਖਾਲੀ ਹੋਣ ਲੱਗਾ।ਵਿਦੇਸ਼ੀ ਮੁਦਰਾ ਲਿਆਉਣ ਲਈ ਬਾਹਰਲੀਆਂ ਕੰਪਨੀਆਂ ਨੂੰ ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਕਰਨ ਲਈ ਕਿਹਾ।ਜੋ ਕੰਪਨੀਆਂ ਪੋਰਟਫੋਲੀਓ ਨਿਵੇਸ਼ ਕਰਦੀਆਂ ਹਨ, ਯਾਨੀ ਕਿਸੇ ਤਰ੍ਹਾਂ ਦਾ ਅਸਲੀ ਨਿਵੇਸ਼ ਨਹੀਂ ਕਰਦੀਆਂ, ਕੋਈ ਕਾਰਖਾਨਾ ਵਗੈਰਾ ਨਹੀਂ ਲਗਾਉਂਦੀਆਂ, ਬਲਕਿ ਸਿਰਫ ਵਿੱਤੀ ਸੱਟੇਬਾਜ਼ੀ ਵਿੱਚ ਆਪਣਾ ਪੈਸਾ ਲਗਾਉਂਦੀਆਂ ਹਨ—ਜੇ ਉਨ੍ਹਾਂ ਨੂੰ ਆਪਣਾ ਨਿਵੇਸ਼ ਖਤਰੇ ਵਿੱਚ ਲੱਗੇ ਤਾਂ ਉਹ ਇੱਕ ਸਕਿੰਟ ਵਿੱਚ ਆਪਣਾ ਨਿਵੇਸ਼ ਕੱਢ ਲੈਂਦੀਆਂ ਹਨ ਅਤੇ ਉਨ੍ਹਾਂ ਨੇ ਕੱਢ ਵੀ ਲਿਆ।ਉਸ ਨਾਲ ਰੁਪਏ ਦੀ ਕਦਰ ਹੋਰ ਜ਼ਿਆਦਾ ਡਿੱਗ ਗਈ।ਜਦੋਂ ਹੋਰ ਡਿੱਗੀ ਤਾਂ ਉਨ੍ਹਾਂ ਹੋਰ ਪੈਸਾ ਕੱਢ ਲਿਆ, ਜਿਸ ਨਾਲ ਕਦਰ ਹੋਰ ਜ਼ਿਆਦਾ ਡਿੱਗ ਗਈ।ਇਹ ਇੱਕ ਤਰ੍ਹਾਂ ਦਾ ਜ਼ਹਿਰੀਲਾ ਚੱਕਰਵਿਊ ਹੁੰਦਾ ਹੈ।
ਇੱਕ ਹੋਰ ਮਿਸਾਲ ਦਿੰਦਿਆਂ ਜਯਾ ਮਹਿਤਾ ਨੇ ਕਿਹਾ ਕਿ ਜੋ ਨੀਟ ਦੀ ਪ੍ਰੀਖਿਆ ਵਿੱਚ ਹੋਇਆ, ਜੋ ਸੀ ਬੀ ਐੱਸ ਈ ਦੀ ਪ੍ਰੀਖਿਆ ਵਿੱਚ ਹੋਇਆ, ਜੋ ਬਦਹਾਲੀ ਸਾਡੀ ਸਿੱਖਿਆ ਪ੍ਰਣਾਲੀ ਜਾਂ ਸਿਹਤ ਪ੍ਰਣਾਲੀ ਵਿੱਚ ਹੈ, ਉਸ ਦਾ ਕੋਈ ਸਿੱਧਾ ਸੰਬੰਧ ਈਰਾਨ ਦੀ ਜੰਗ ਜਾਂ ਅੰਤਰਰਾਸ਼ਟਰੀ ਬਦਲਾਵਾਂ ਨਾਲ ਨਹੀਂ, ਉਹ ਸਭ ਸਾਡੀਆਂ ਅੰਦਰੂਨੀ ਸੰਸਥਾਗਤ ਗੜਬੜੀਆਂ ਕਰਕੇ ਹੋਇਆ ਹੈ, ਪਰ ਅਜਿਹਾ ਲੱਗ ਰਿਹਾ ਹੈ ਕਿ ਸਿਹਤ ਹੋਵੇ ਜਾਂ ਸਿੱਖਿਆ, ਖੁਰਾਕੀ ਸੁਰੱਖਿਆ ਹੋਵੇ ਜਾਂ ਆਵਾਜਾਈ ਜਾਂ ਆਰਥਕ ਮੋਰਚੇ ‘ਤੇ ਬੈਲੇਂਸ ਆਫ ਪੇਮੈਂਟ (ਸੰਤੁਲਨ ਅਦਾਇਗੀ) ਦਾ ਸਵਾਲ ਹੋਵੇ, ਹਰ ਮੋਰਚੇ ‘ਤੇ ਸਾਡੀ ਵਿਵਸਥਾ ਕਮਜ਼ੋਰ ਅਤੇ ਜ਼ਰਜ਼ਰ ਹੋ ਰਹੀ ਹੈ।ਫਿਰ ਵੀ ਸਰਕਾਰ ਨੇ ਕਿਹਾ ਕਿ ਭਾਰਤੀ ਅਰਥ ਵਿਵਸਥਾ ਵਿੱਚ 7.7 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਮੋਦੀ ਜੀ ਦੁਨੀਆ ਦੀ ਤੀਜੀ ਵੱਡੀ ਅਰਥ ਵਿਵਸਥਾ ਦੀ ਅਗਵਾਈ ਕਰਨ ਜੀ-7 ਦੀ ਮੀਟਿੰਗ ਵਿੱਚ ਗਏ।ਜੀ-7 ਵਿੱਚ ਵਿਕਸਤ ਉਦਯੋਗਿਕ ਅਰਥ ਵਿਵਸਥਾ ਵਾਲੇ ਦੇਸ਼ ਇਟਲੀ, ਫਰਾਂਸ, ਕੈਨੇਡਾ, ਜਰਮਨੀ, ਜਾਪਾਨ, ਇੰਗਲੈਂਡ ਅਤੇ ਅਮਰੀਕਾ ਹਨ।ਜਦੋਂ 1975 ਵਿੱਚ ਜੀ-7 ਬਣਿਆ ਸੀ, ਉਦੋਂ ਉਹ ਦੁਨੀਆ ਦੇ ਕੁੱਲ ਘਰੇਲੂ ਉਤਪਾਦ (ਜੀ ਡੀ ਪੀ) ਦਾ 70 ਫੀਸਦੀ ਹਿੱਸਾ ਰੱਖਦਾ ਸੀ।ਪਿਛਲੇ 50 ਸਾਲਾਂ ਵਿੱਚ ਦੁਨੀਆ ਵਿੱਚ ਜੋ ਬਦਲਾਅ ਹੋਏ ਹਨ, ਉਨ੍ਹਾਂ ਵਿੱਚ ਜੀ-7 ਦੀ ਦੁਨੀਆ ਦੀ ਜੀ ਡੀ ਪੀ ਵਿੱਚ ਹਿੱਸੇਦਾਰੀ ਘਟ ਕੇ 43 ਫੀਸਦੀ ਰਹਿ ਗਈ ਹੈ।ਸਾਲ 2003 ਤੋਂ ਜੀ-7 ਦੀਆਂ ਮੀਟਿੰਗਾਂ ਵਿੱਚ ਭਾਰਤ ਨੂੰ ਲਗਭਗ ਹਰ ਵਾਰ ਇੱਕ ਵਿਸ਼ੇਸ਼ ਸੱਦੇ ‘ਤੇ ਮਹਿਮਾਨ ਵਜੋਂ ਬੁਲਾਇਆ ਜਾਂਦਾ ਹੈ, ਪਰ ਮੈਂਬਰ ਨਹੀਂ ਬਣਾਇਆ ਜਾਂਦਾ।ਉਹ ਇੱਕ ਪਾਸੇ ਵਿਕਸਤ ਦੇਸ਼ ਭਾਰਤ ਦੇ ਬਾਜ਼ਾਰ ਨੂੰ ਆਪਣੇ ਪੱਖ ਵਿੱਚ ਕਰਨ ਲਈ ਭਾਰਤ ਨੂੰ ਆਪਣੀ ਤਰਫ ਝੁਕਾ ਕੇ ਰੱਖਣਾ ਚਾਹੁੰਦੇ ਹਨ, ਦੂਜੇ ਪਾਸੇ ਭਾਰਤ ਦੇ ਹਾਕਮ 220 ਅਰਬਪਤੀਆਂ ਦੇ ਸਹਾਰੇ ਵਿਕਸਤ ਦੇਸ਼ਾਂ ਵਿੱਚ ਆਪਣੀ ਜਗ੍ਹਾ ਬਣਾਉਣਾ ਚਾਹੁੰਦੇ ਹਨ ਅਤੇ ਆਪਣੀ ਅਰਥ ਵਿਵਸਥਾ ਦੇ ਤੂਫਾਨੀ ਰਫਤਾਰ ਨਾਲ ਵਧਣ ਦਾ ਦਾਅਵਾ ਕਰਦੇ ਹਨ।ਇਸ ਵਿਕਾਸ ਦਰ ਦੀ ਹਕੀਕਤ ਇਹ ਹੈ ਕਿ ਮਾਨਵ ਵਿਕਾਸ ਸੂਚਕਾਂਕ ਦੀ ਇੱਕ ਰਿਪੋਰਟ ਮੁਤਾਬਕ 193 ਦੇਸ਼ਾਂ ਵਿੱਚੋਂ ਭਾਰਤ ਦਾ ਸਥਾਨ 130ਵਾਂ ਹੈ, ਯਾਨਿ ਮਾਨਵ ਵਿਕਾਸ ਦੇ ਬੁਨਿਆਦੀ ਆਧਾਰਾਂ ‘ਤੇ ਅਸੀਂ 130ਵੇਂ ਨੰਬਰ ‘ਤੇ ਹਾਂ, ਪਰ ਅਮੀਰੀ ਦੇ ਮਾਮਲੇ ਵਿੱਚ ਅਸੀਂ ਦੁਨੀਆ ਦੇ ਚੋਟੀ ਦੇ ਸੱਤ ਦੇਸ਼ਾਂ ਨਾਲ ਜੁੜਨਾ ਚਾਹੁੰਦੇ ਹਾਂ। ਮੋਦੀ ਜੀ ਇਹ ਦੱਸਣਾ ਚਾਹ ਰਹੇ ਹਨ ਕਿ ਦੇਖੋ ਅਸੀਂ ਕਿੰਨੀ ਤਰੱਕੀ ਕਰ ਲਈ ਹੈ ਕਿ ਜੀ-7 ਦੇ ਦੇਸ਼ ਵੀ ਸਾਨੂੰ ਬੁਲਾ ਰਹੇ ਹਨ ਅਤੇ ਉਨ੍ਹਾ ਦੇ ਚਾਪਲੂਸ ਮਾਹਰ ਕਹਿ ਰਹੇ ਹਨ ਕਿ ਅਸੀਂ ਪਿਛਲੇ ਤਿੰਨ ਸਾਲਾਂ ਵਿੱਚ 133 ਤੋਂ 130 ‘ਤੇ ਆ ਗਏ ਹਾਂ ਅਤੇ ਅਸੀਂ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਹਾਂ।ਡਾ. ਜਯਾ ਮਹਿਤਾ ਨੇ ਕਿਹਾ ਕਿ ਇਹ ਡਾਲਰਾਂ ਵਾਲੇ 220 ਅਰਬਪਤੀ ਅਤੇ ਜੀ-7 ਦੇ ਦੇਸ਼ ਸਾਡੀ ਪਛਾਣ ਨਹੀਂ ਹਨ। ਸਾਡੇ ਲੋਕ ਹੀ ਸਾਡੀ ਪਛਾਣ ਹਨ ਅਤੇ ਉਹ 95 ਫੀਸਦੀ ਗਰੀਬ ਹਨ। ਪਹਿਲਾਂ ਕਾਂਗਰਸ ਅਤੇ ਹੁਣ ਭਾਜਪਾ ਦੇ ਰਾਜਕਾਲ ਦੌਰਾਨ ਜੋ ਆਰਥਕ ਨੀਤੀਆਂ ਦੇਸ਼ ਵਿੱਚ ਅਪਣਾਈਆਂ ਗਈਆਂ ਹਨ, ਉਨ੍ਹਾਂ ਨਾਲ ਅਮੀਰ-ਗਰੀਬ ਦੀ ਖਾਈ ਬਹੁਤ ਤੇਜ਼ੀ ਨਾਲ ਚੌੜੀ ਹੋਈ ਹੈ।ਜਿੰਨੀ ਜ਼ਿਆਦਾ ਗੈਰ-ਬਰਾਬਰੀ ਸਾਡੇ ਦੇਸ਼ ਵਿੱਚ ਵਧਦੀ ਜਾ ਰਹੀ ਹੈ, ਉਸ ਨਾਲ ਕਿਸੇ ਵੀ ਸਮਾਜ ਵਿੱਚ ਸ਼ਾਂਤੀ ਅਤੇ ਸਥਿਰਤਾ ਹੋ ਹੀ ਨਹੀਂ ਸਕਦੀ।ਭਾਰਤੀ ਮਹਿਲਾ ਫੈਡਰੇਸ਼ਨ ਦੀ ਰਾਸ਼ਟਰੀ ਜਨਰਲ ਸਕੱਤਰ ਨਿਸ਼ਾ ਸਿੱਧੂ, ਰਾਸ਼ਟਰੀ ਸਕੱਤਰ ਅਰੁਣਾ ਸਿਨਹਾ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਰਾਸ਼ਟਰੀ ਸਕੱਤਰ ਵਿਨੀਤ ਤਿਵਾੜੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਪ੍ਰੋਗਰਾਮ ਦੀ ਪ੍ਰਧਾਨਗੀ ਕਿਸਾਨ ਸਭਾ ਦੀ ਰਾਸ਼ਟਰੀ ਕੌਂਸਲ ਦੇ ਮੈਂਬਰ ਓਮ ਪ੍ਰਕਾਸ਼ ਪ੍ਰਧਾਨ ਨੇ ਕੀਤੀ। ਕਾਮਰੇਡ ਰਮੇਸ਼ ਮਿਸ਼ਰਾ ਦੇ ਸਪੁੱਤਰ ਨੀਰਜ ਮਿਸ਼ਰਾ ਨੇ ਪਿਤਾ ਬਾਰੇ ਯਾਦਾਂ ਸਾਂਝੀਆਂ ਕੀਤੀਆਂ। ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਪੂਰਨ ਸਿੰਘ, ਐੱਸ ਕੇ ਖੋਸਲਾ ਆਦਿ ਨੇ ਵੀ ਆਪਣੇ ਵਿਚਾਰ ਰੱਖੇ। ਧੰਨਵਾਦ ਸੀ ਪੀ ਆਈ ਦੇ ਡਿਪਟੀ ਸਕੱਤਰ ਮੋਹਨ ਸਿੰਘ ਨੇ ਕੀਤਾ। ਮੰਚ ਸੰਚਾਲਨ ਦਿਲੀਪ ਰਘੂਵੰਸ਼ੀ ਨੇ ਕੀਤਾ।



