ਗੁਰਦਾਸਪੁਰ (ਨਵਾਂ ਜ਼ਮਾਨਾ ਸਰਵਿਸ)
ਭਾਰਤੀ ਕਮਿਊਨਿਸਟ ਪਾਰਟੀ ਗੁਰਦਾਸਪੁਰ ਦੇ ਜ਼ਿਲ੍ਹਾ ਸਕੱਤਰ ਅਤੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੀਨੀਅਰ ਆਗੂ ਕਾਮਰੇਡ ਗੁਲਜਾਰ ਸਿੰਘ ਬਸੰਤਕੋਟ ਦੇ ਵੱਡੇ ਭਰਾ ਤਰਲੋਕ ਸਿੰਘ, ਜੋ ਪਿਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ ਸਨ, ਉਹਨਾ ਦੀ ਯਾਦ ਵਿੱਚ ਸ਼ਨੀਵਾਰ ਨੂੰ ਅੰਤਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਸਾਹਿਬ ਵਿਖੇ ਹੋਇਆ, ਜਿਸ ਵਿੱਚ ਰਿਸ਼ਤੇਦਾਰਾਂ ਤੋਂ ਇਲਾਵਾ ਜ਼ਿਲ੍ਹੇ ਭਰ ਵਿੱਚੋਂ ਕਮਿਊਨਿਸਟ ਪਾਰਟੀ ਦੇ ਆਗੂਆਂ, ਵਰਕਰਾਂ, ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ।
ਅਰਦਾਸ ਉਪਰੰਤ ਹੋਏ ਸ਼ਰਧਾਜਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਤਰਲੋਕ ਸਿੰਘ ਵੱਲੋਂ ਜ਼ਿੰਦਗੀ ਭਰ ਕੀਤੀ ਸਖਤ ਮਿਹਨਤ ਨੂੰ ਪ੍ਰਣਾਮ ਕਰਦਿਆਂ ਕਿਹਾ ਕਿ ਇਸ ਵੱਡੇ ਭਰਾ ਦੀ ਬਦੌਲਤ ਹੀ ਕਾਮਰੇਡ ਗੁਲਜਾਰ ਸਿੰਘ ਸਮਾਜ ਅੰਦਰ ਦੱਬੇ-ਕੁਚਲੇ ਲੋਕਾਂ ਦੀ ਢਾਲ ਬਣ ਕੇ ਪੰਜਾਬ ਅੰਦਰ ਕਿਰਤੀ ਲੋਕਾਂ ਦੀ ਪਾਰਟੀ ਕਮਿਊਨਿਸਟ ਪਾਰਟੀ ਅੰਦਰ ਯੋਗਦਾਨ ਪਾ ਰਿਹਾ ਹੈ। ਉਥੇ ਇਸ ਭਰਾ ਵੱਲੋਂ ਘਰ ਦੇ ਕਾਰੋਬਾਰ ਅਤੇ ਖੇਤੀ ਦੀ ਸੰਭਾਲ ਕਰਨ ਕਰਕੇ ਹੀ ਸਾਥੀ ਗੁਲਜਾਰ ਸਿੰਘ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਸਿੰਘੂ ਮੋਰਚੇ ‘ਤੇ ਸਾਲ ਭਰ ਡਟਿਆ ਰਿਹਾ ਅਤੇ ਉਸ ਅੰਦੋਲਨ ਨੂੰ ਜਿੱਤ ਕੇ ਵਾਪਸ ਮੁੜਿਆ।
ਸ਼ਰਧਾਂਜਲੀ ਸਮਾਰੋਹ ਨੂੰ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾਈ ਆਗੂ ਬੰਤ ਸਿੰਘ ਬਰਾੜ, ਅਮਰਜੀਤ ਸਿੰਘ ਆਸਲ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਵੱਲੋਂ ਲਖਬੀਰ ਸਿੰਘ ਨਿਜ਼ਾਮਪੁਰ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਲੇਖਕ ਅਨੂਪ ਸਿੰਘ, ਰਘਬੀਰ ਸਿੰਘ ਆਰ ਐੱਮ ਪੀ ਦੇ ਆਗੂ, ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਲਖਵਿੰਦਰ ਸਿੰਘ ਮੰਝਿਆਂਵਾਲੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਮਰੀਕ ਸਿੰਘ ਗੁਰਾਇਆ ਨੇ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਬਲਬੀਰ ਸਿੰਘ ਕੱਤੋਵਾਲ, ਸੁਭਾਸ਼ ਕੈਰੇ, ਇਕਬਾਲ ਸਿੰਘ, ਸੁਰੇਸ਼ ਪਠਾਨਕੋਟ, ਕੁਲਜੀਤ ਸਿੰਘ ਮਝੈਲ, ਦਲਬੀਰ ਸਿੰਘ ਸਰਪੰਚ, ਬਲਬੀਰ ਸਿੰਘ ਮੱਲਣ, ਗੁਰਜੀਤ ਸਿੰਘ ਘੋੜੇਬਾਹ, ਜਸਬੀਰ ਸਿੰਘ ਕਾਹਲੋਂ, ਹਰਜੀਤ ਸਿੰਘ ਕਾਹਲੋਂ, ਹਰਚਰਨ ਸਿੰਘ ਔਜਲਾ, ਰਣਜੀਤ ਸਿੰਘ ਡੋਗਰ ਮਹੇਸ਼, ਜਗਜੀਤ ਸਿੰਘ ਅਲੂਣਾ, ਅਵਤਾਰ ਸਿੰਘ ਠੱਠਾ, ਦਿਲਬਾਗ ਸਿੰਘ ਡੋਗਰ, ਸੁਰਿੰਦਰ ਸਿੰਘ, ਕਰਨੈਲ ਸਿੰਘ ਸ਼ਮਸ਼ੇਰ, ਗੁਰਵਿੰਦਰ ਸਿੰਘ ਲਾਡੀ, ਹਜਾਰਾ ਸਿੰਘ ਜੇ ਈ, ਸੁਰਿੰਦਰ ਸਿੰਘ ਜੇ ਈ ਆਦਿ ਪਹੁੰਚੇ ਹੋਏ ਸਨ। ਅਖੀਰ ਵਿੱਚ ਗੁਲਜਾਰ ਸਿੰਘ ਨੇ ਇਸ ਦੁੱਖ ਦੀ ਘੜੀ ਵਿੱਚ ਪਰਵਾਰ ਨਾਲ ਹਮਦਰਦੀ ਪ੍ਰਗਟ ਕਰਨ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ। ਸ਼ਰਧਾਂਜਲੀ ਸਮਾਰੋਹ ਦੀ ਸਟੇਜ ਸੰਚਾਲਨ ਦੀ ਸੇਵਾ ਉੱਘੇ ਕਿਸਾਨ ਆਗੂ ਬਲਦੇਵ ਸਿੰਘ ਖਹਿਰਾ ਨੇ ਨਿਭਾਈ।





